ਪੰਜਾਬ ਦਾ ਵਾਤਾਵਰਣ ਸੁਖਾਵਾਂ ਹੈ ਤੇ ਲੋਕੀਂ ਮਿਹਨਤਕਸ਼ ਹਨ। ਮੁੱਢ ਕਦੀਮ ਤੋਂ ਹੀ ਮਾਵਾਂ ਆਪਣੇ ਪੁੱਤਰਾਂ ਨੂੰ ਦੁੱਧ ਦੇ ਗਿਲਾਸ ਦੇ ਨਾਲ-ਨਾਲ ਸਿੱਖਿਆਵਾਂ ਹੀ ਦਿੰਦੀਆਂ ਆਈਆਂ ਹਨ। ਇਹ ਹੀ ਪੰਜਾਬ ਦੀ ਅਮੀਰ ਸਭਿਆਚਾਰ ਦੀ ਵਿਰਾਸਤ ਦਾ ਹਿੱਸਾ ਹੈ। ਇਹ ਹੀ ਕਾਰਨ ਹੈ ਕਿ ਪੰਜਾਬੀ ਜ਼ਿਆਦਾਤਰ ਯੋਧੇ ਹੋਏ ਹਨ ਫ਼ਿਲਾਸਫ਼ਰ ਨਹੀਂ। ਅਸੀਂ ਸਿਰ ਦੇ ਕੇ ਸਰਦਾਰੀਆਂ ਲਈਆਂ ਹਨ। ਇਸ ਕਾਰਨਵਸ਼ ਹੀ ਮਹਾਨ ਸ਼ਹੀਦਾਂ ‘ਚੋਂ ਬਹੁਤਾਤ ਪੰਜਾਬੀਆਂ ਦੀ ਸੀ। ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਵਿਚੋਂ ਕਰਤਾਰ ਸਿੰਘ ਸਰਾਭੇ ਦਾ ਨਾਮ ਮੁੱਢਲੀ ਕਤਾਰ ਵਿਚ ਆਉਦਾਂ ਹੈ ਜਦੋਂ ਗੱਲ ਸ਼ਹੀਦਾਂ ਦੀ ਚੱਲ ਪਵੇ ਤਾਂ ਅੱਖਾਂ ਸਾਹਵੇਂ ਉਹ ਸਾਰਾ ਦ੍ਰਿਸ਼ ਫ਼ਿਲਮ ਦੀ ਰੀਲ ਵਾਂਗੂ ਚੱਲਣ ਲੱਗ ਪੈਂਦਾ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਉਨ੍ਹਾਂ ਦੀਆਂ ਹੋਂਦ ਸਦਾ ਬਰਕਰਾਰ ਰਹਿੰਦੀਆਂ ਹੈ। ਜੋ ਭੁੱਲਾ ਦਿੰਦੀਆਂ ਹਨ ਤਾਂ ਇਤਿਹਾਸ ਹੀ ਉਨ੍ਹਾਂ ਦੇ ਨਕਸ਼ ਮਿਟਾ ਦਿੰਦਾ ਹੈ।
6 ਨਵੰਬਰ ਦੇ ਦਿਨ ਨੇੜੇ ਆਉਂਦਿਆਂ ਹੀ ਉਨ੍ਹਾਂ ਦੇ ਦਿਲ ਕੰਬਾਉਣ ਵਾਲੀ ਘਟਨਾ ਚੇਤੇ ਆਉਣ ਲੱਗ ਜਾਂਦੀ ਹੈ, ਜਿਸ ਦਿਨ ਸਮੇਂ ਦੀ ਜਾਬਰ ਅੰਗਰੇਜ਼ ਸਰਕਾਰ ਨੇ ਕਰਤਾਰ ਸਿੰਘ ਸਰਾਭੇ ਵਰਗੇ ਮਹਾਨ ਤੇ ਸਭ ਤੋਂ ਛੋਟੀ ਉਮਰ ਮਹਿਜ਼ 19 ਸਾਲਾਂ ਆਜ਼ਾਦੀ ਦੇ ਪਰਵਾਨੇ ਨੂੰ ਫਾਂਸੀ ਤੇ ਚੜ੍ਹਾ ਦਿੱਤਾ ਸੀ। ਅਸੀਂ ਉਸ ਮਹਾਨ ਰੂਹ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਓ ਜ਼ਰਾ ਉਨ੍ਹਾਂ ਦੇ ਜੀਵਨ ਤੇ ਇੱਕ ਨਜ਼ਰ ਮਾਰ ਲੈਂਦੇ ਹਾਂ। ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਵਿਚ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਬਚਪਨ ਤੋਂ ਹੀ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਜਾਣ ਕਰਕੇ ਇਨ੍ਹਾਂ ਨੂੰ ਦਾਦਾ ਜੀ ਨੇ ਪਾਲਿਆ। ਉਨ੍ਹਾਂ ਨੇ ਕਰਤਾਰ ਨੂੰ ਇੱਕ ਵੱਡਾ ਅਫ਼ਸਰ ਬਣਾਉਣ ਦਾ ਸੁਪਨਾ ਦੇਖਿਆ ਸੀ। ਕਰਤਾਰ ਨੇ ਪਿੰਡਾਂ ਦੇ ਸਕੂਲ ਵਿਚੋਂ ਮੁੱਢਲੀ ਸਿੱਖਿਆ ਹਾਸਿਲ ਕਰਨ ਉਪਰੰਤ ਆਪਣੀ 12ਵੀਂ ਦੀ ਸਿੱਖਿਆ ਲਈ ਮਾਲਵਾ ਹਾਈ ਸਕੂਲ ਵਿਚ ਦਾਖਲਾ ਲਿਆ। ਫਿਰ ਉਹ ਕੁੱਝ ਸਮਾਂ ਆਪਣੇ ਚਾਚਾ ਕੋਲ ਉੜੀਸਾ ਵਿਚ ਰਿਹਾ ਅਤੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉਸਨੇ ਵਿਦੇਸ਼ ਵੱਲ ਰੁੱਖ ਕੀਤਾ। ਅਮਰੀਕਾ ਵਿਚ ਸਨਫ੍ਰਾਂਸਿਸਕੋ ਦੇ ਵਿਸ਼ਵ ਵਿਦਿਆਲੇ ਵਿਚ ਰਸਾਇਣਿਕ ਵਿੱਦਿਆ ਦੀ ਡਿਗਰੀ ਹਾਸਲ ਕੀਤੀ। ਕਰਤਾਰ ਸਿੰਘ ਸਰਾਭਾ ਬਹੁਤ ਹੀ ਕੋਮਲ ਹਿਰਦੇ ਵਾਲਾ ਸੀ। ਜਦੋਂ ਉਸਨੇ ਦੇਖਿਆ ਕਿ ਭਾਰਤੀਆਂ ਨੂੰ ਹਰੇਕ ਥਾਂ ਤੇ ਜ਼ਲੀਲ ਕੀਤਾ ਜਾਂਦਾ ਹੈ, ਇਸਦਾ ਉਸ ਦੇ ਮਨ ਤੇ ਬਹੁਤ ਗਹਿਰਾ ਅਸਰ ਪਿਆ। 1913 ਵਿਚ ਹੀ ਗਦਰ ਪਾਰਟੀ ਦਾ ਸੰਗਠਨ ਹੋਇਆ ਸੀ। ਉਸ ਪਾਰਟੀ ਦਾ ਮੁੱਖ ਮਹੱਤਵ ਨਕਾਬਪੋਸ਼ ਅੰਗਰੇਜ਼ ਸਰਕਾਰ ਦਾ ਪਰਦਾਫਾਸ਼ ਕਰਕੇ ਹਕੀਕਤ ਸਭ ਦੇ ਰੂਬਰੂ ਕਰਨਾ ਸੀ ਅਤੇ ਸਮੁੱਚੇ ਭਾਰਤ ਨੂੰ ਅੰਗਰੇਜ਼ਾਂ ਦੇ ਚੁੰਗਲ ‘ਚੋਂ ਮੁਕਤ ਕਰਵਾ ਕੇ ਲੋਕਤੰਤਰ ਦੀ ਸਥਾਪਨਾ ਕਰਨਾ ਸੀ। ਇਸ ਪਾਰਟੀ ਦਾ ਪ੍ਰਧਾਨ ਸੋਹਣ ਸਿੰਘ ਭਕਨਾ ਸੀ। ਪਿੰਡ ਭਕਨਾ, ਜ਼ਿਲ੍ਹਾ ਅੰਮ੍ਰਿਤਸਰ ਅਤੇ ਹਰਨਾਮ ਸਿੰਘ ਸਮੇਤ ਹੋਰ ਵੀ ਮੈਂਬਰ ਸਨ। ਇਤਫ਼ਾਕਨ ਕਰਤਾਰ ਸਿੰਘ, ਸੋਹਣ ਸਿੰਘ ਭਕਨਾ ਦੇ ਸੰਪਰਕ ਵਿਚ ਆ ਗਿਆ। ਇਹ ਗਦਰ ਅਖ਼ਬਾਰ ਕੱਢਦੇ ਸੀ ਤੇ ਕਰਤਾਰ ਸਿੰਘ ਇਨ੍ਹਾਂ ਨਾਲ ਮਿਲ ਗਿਆ। ਤੇ ਉਸਨੇ ਆਪਣੀ ਪੜਾਈ ਵੀ ਛੱਡ ਦਿੱਤੀ। ਕਰਤਾਰ ਸਿੰਘ ਸਰਾਭਾ ਸ਼ੁਰੂ ਤੋਂ ਹੀ ਬਹੁਤ ਫੁਰਤੀਲਾ ਸੀ। ਉਸ ਨੂੰ ਬਚਪਨ ਤੋਂ ਹੀ ਉੱਡਣਾ ਸੱਪ ਕਿਹਾ ਜਾਂਦਾ ਸੀ। ਗਦਰੀਆਂ ਨੇ ਕਰਤਾਰ ਸਿੰਘ ਦੀ ਕਾਬਲੀਅਤ ਦੇਖ ਕੇ ਉਸ ਨੂੰ ਗਦਰ ਦੀ ਗੂੰਜ ਨਾਮੀ ਅਖ਼ਬਾਰ ਦੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ। ਕਰਤਾਰ ਨੇ ਇਸ ਦੇ ਨਾਲ ਗੁਰਮੁੱਖੀ ਅੰਕ ਦੀ ਸਾਰੀ ਜ਼ਿੰਮੇਵਾਰੀ ਲੈ ਲਈ। ਉਹ ਇਸ ਵਿਚ ਕਵਿਤਾਵਾਂ ਤੇ ਲੇਖ ਲਿਖਦਾ ਸੀ। ਇਸ ਪਾਰਟੀ ਦੇ ਸਾਰੇ ਦੇਸ਼ ਭਗਤ ਸਿੱਖ ਕਾਮਿਆਂ ਕੋਲ ਜਾਂਦੇ ਅਤੇ ਮੀਟਿੰਗਾਂ ਉਲੀਕਦੇ। ਇਹ ਅੰਗਰੇਜ਼ਾਂ ਖ਼ਿਲਾਫ਼ ਭਾਸ਼ਣ ਦਿੰਦੇ। ਇੱਕ ਵੇਰ ਕਰਤਾਰ ਸਿੰਘ ਨੇ ਕੈਲੀਫੋਰਨੀਆਂ ਵਿਖੇ ਇੱਕ ਮੀਟਿੰਗ ਦੌਰਾਨ ਗੀਤ ਗਾਉਣਾ ਆਰੰਭ ਕਰ ਦਿੱਤਾ‘‘ ਚਲੋ ਚੱਲੀਏ ਦੇਸ਼ ਨੂੰ,, ਉਸ ਸਮੇਂ ਗਦਰ ਪਾਰਟੀ ਬਹੁਤ ਮਸ਼ਹੂਰ ਹੋ ਚੁੱਕੀ ਸੀ। ਕਿਉਂਕਿ ਗਦਰ ਅਖ਼ਬਾਰ ਪੰਜਾਬੀ, ਹਿੰਦੀ, ਉਰਦੂ, ਬੰਗਾਲੀ,ਗੁਜਰਾਤੀ ਤੇ ਪਸ਼ਤੋ ਵਰਗੀਆਂ ਭਾਸ਼ਾਵਾਂ ਵਿਚ ਛਾਪਿਆ ਜਾਂਦਾ ਸੀ। ਇਹ ਗਦਰ ਸਮਾਚਾਰ ਪੱਤਰ ਪੂਰੇ ਵਿਸ਼ਵ ਭਰ ਦੇ ਭਰਤੀਆਂ ਤੱਕ ਪਹੁੰਚਾਇਆ ਜਾਂਦਾ ਸੀ ਤੇ ਫਿਰ ਹੁਣ ਤੱਕ ਇਸਨੇ ਆਪਣੀ ਤਲਖ਼ ਸ਼ਬਦਾਂ ਵਿਚ ਹਕੀਕਤ ਬਿਆਨ ਕਰਕੇ ਲੋਕਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਲਈ ਸੀ। ਕਰਤਾਰ ਸਿੰਘ ਸਰਾਭੇ ਦਾ ਨਾਮ ਵੀ ਗਦਰ ਨਾਲ ਜੁੜ ਗਿਆ ਸੀ। 1914 ਵਿਚ ਜਦੋਂ ਪਹਿਲਾਂ ਵਿਸ਼ਵ ਯੁੱਧ ਚੱਲ ਰਿਹਾ ਸੀ ਤਾਂ ਉਨ੍ਹਾਂ ਅਮਰੀਕਾ ਵਿਚ ਰਹਿੰਦੇ ਦੇਸ਼ ਭਗਤਾਂ ਨੇ ਮਹਿਸੂਸ ਕੀਤਾ ਕਿ ਇਸ ਸਮੇਂ ਜਦੋਂ ਅੰਗਰੇਜ਼ ਵਿਸ਼ਵ ਯੁੱਧ ਵਿਚ ਰੁੱਝੇ ਹੋਏ ਸਨ ਤਾਂ ਆਜ਼ਾਦੀ ਪ੍ਰਾਪਤੀ ਲਈ ਇਹ ਸੁਨਹਿਰੀ ਮੌਕਾ ਹੈ ਇਸ ਕਰਕੇ ਉਨ੍ਹਾਂ ਪੰਜਾਬ ਵੱਲ ਨੂੰ ਚਾਲੇ ਪਾ ਦਿੱਤੇ। ਕਰਤਾਰ ਸਿੰਘ ਕੋਲੰਬੋ ਦੀ ਬੰਦਰਗਾਹ ਰਾਹੀ ਪੰਜਾਬ ਆਉਣ ਵਿਚ ਸਫਲ ਹੋ ਗਿਆ, ਇੱਥੇ ਆ ਕੇ ਉਸਨੇ ਆਜ਼ਾਦੀ ਦੇ ਪਰਵਾਨਿਆ ਨਾਲ ਮਿਲ ਕੇ ਬਗ਼ਾਵਤ ਕਰਨ ਦੀ ਸੋਚੀ, ਇਸ ਉਦੇਸ਼ ਨੂੰ ਪੂਰਾ ਕਰਨ ਲਈ ਕਰਤਾਰ ਨੂੰ ਬਹੁਤ ਮਿਹਨਤ ਅਤੇ ਭੱਜ-ਦੌੜ ਕਰਨੀ ਪਈ ਪਰੰਤੂ ਉਨ੍ਹਾਂ ਦੀ ਆਸ ਤੇ ਪਾਣੀ ਉਸ ਵੇਲੇ ਫਿਰ ਗਿਆ ਜਦੋਂ ਪੁਲੀਸ ਦੇ ਸੂਹੀਏ ਦੇਸ਼ ਗ਼ੱਦਾਰ ਕਿਰਪਾਲ ਸਿੰਘ ਨੇ ਇਸਦੀ ਮੁਖ਼ਬਰੀ ਕਰ ਦਿੱਤੀ ਅਤੇ ਮਿਸ਼ਨ ਅਸਫਲ ਰਿਹਾ। ਇਹ ਮਿਤੀ ਬਦਲ ਕੇ 19 ਫਰਵਰੀ ਰੱਖ ਦਿੱਤੀ ਗਈ। ਇਸਦੀ ਸੂਹ ਵੀ ਸਰਕਾਰ ਨੂੰ ਮਿਲ ਗਈ। ਇਸ ਸੂਚਨਾ ਤਹਿਤ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਦੇਸ਼ ਦੀ ਆਜ਼ਾਦੀ ਲਈ ਜੰਗ ਅਜੇ ਜਾਰੀ ਸੀ ਕਿ ਗੰਡਾ ਸਿੰਘ ਵਰਗੇ ਮੱਕਾਰ ਇਨਸਾਨ ਨੇ ਵਿਸ਼ਵਾਸਘਾਤ ਕਰਕੇ 2 ਮਾਰਚ 1915 ਨੂੰ ਉਸਦੇ ਸਾਥੀਆਂ ਨੂੰ ਸਰਗੋਧਾ ਵਿਖੇ ਆਪਣੇ ਫਾਰਮ ਤੇ ਬੁਲਾ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਕੌਮ ਦੇ ਹੀਰੇ ਤੇ ਦੇਸ਼ ਭਗਤ ਕਰਤਾਰ ਸਿੰਘ ਸਰਾਭੇ ਤੇ ਦੇਸ਼ ਦਰੋਹ ਦਾ ਇਲਜ਼ਾਮ ਲਗਾ ਕੇ ਜੱਜ ਨੇ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਜਾਇਦਾਦ ਜ਼ਬਤੀ ਦੇ ਆਦੇਸ਼ ਦੇ ਦਿੱਤੇ। ਫਾਂਸੀ ਤੋਂ ਇੱਕ ਦਿਨ ਪਹਿਲਾਂ ਉਸਨੇ ਇਹ ਸਤਰਾਂ ਰਚੀਆਂ-
‘‘ਦੇਸ਼ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਮਨਾਂ ‘ਚੋ ਨਾ ਭੁਲਾ ਜਾਣਾ,
ਖ਼ਾਤਰ ਦੇਸ਼ ਦੇ ਹਾਂ ਚੜ੍ਹਨ ਲੱਗੇ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ,
ਭਾਰਤ ਮਾਂ ਦਾ ਪੁੱਤਰ ਆਜ਼ਾਦੀ ਦਾ ਪਰਵਾਨਾ ਆਪਣੀ ਜਾਨ ਹਸੱਦੇ-ਹਸੱਦੇ ਵਾਰ ਗਿਆ। ਉਹ ਬਹੁਤ ਸੰਵੇਦਨਸ਼ੀਲ ਕਵੀ ਵੀ ਸੀ।
ਉਸਨੇ ਲਿਖਿਆ ਸੀ-
ਜੋ ਕੋਈ ਪੂਛੇ ਕੌਨ ਹੋ ਤੁਮ, ਤੋਂ ਕਹਿ ਦੇਨਾ ਬਾਗ਼ੀ ਹੈ ਨਾਮ ਅਪਨਾ,
ਜ਼ੁਲਮ ਮਿਟਾਨਾ ਹੈ ਹਮਾਰਾ ਪੇਸ਼ਾ, ਗਦਰ ਕਰਨਾ ਹੈ ਕਾਮ ਅਪਨਾ,
ਨਮਾਜ਼ ਸੰਧਿਆ ਭੀ ਯਹੀ ਹਮਾਰੀ, ਔਰ ਕਰਮ ਪੂਜਾ ਭੀ ਯਹੀ ਹੈ,
ਕਰਮ ਭੀ ਯਹੀ ਹੈ ਯਾਰੋ, ਯਹੀ ਹੈ ਖ਼ੁਦਾ ਓਰ ਰਾਮ ਅਪਨਾ,
ਗਦਰ ਕਰਨਾ ਹੈ ਕਾਮ ਅਪਨਾ।,,