ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਸੰਤ ਅਖਵਾਉਣ ਵਾਲੇ ਰਾਮਪਾਲ ਨੂੰ ਡਰਾਮੇਬਾਜ਼ ਕਰਾਰ ਦਿੱਤਾ ਹੈ। ਉਚ ਅਦਾਲਤ ਨੇ ਕਿਹਾ ਕਿ ਰਾਮਪਾਲ ਬੱਚਿਆਂ ਅਤੇ ਔਰਤਾਂ ਨੂੰ ਢਾਲ ਬਣਾ ਰਿਹਾ ਹੈ। ਇਸ ਮਾਮਲੇ ਵਿੱਚ ਕੋਰਟ ਨੇ ਹਰਿਆਣਾ ਸਰਕਾਰ ਨੂੰ ਫਿਟਕਾਰ ਵੀ ਲਗਾਈ ਹੈ। ਵਰਨਣਯੋਗ ਹੈ ਕਿ ਰਾਮਪਾਲ ਨੇ ਅੱਜ ਹਾਈਕੋਰਟ ਵਿੱਚ ਪੇਸ਼ ਹੋਣਾ ਸੀ, ਪਰ ਰਾਮਪਾਲ ਦੇ ਵਕੀਲ ਨੇ ਉਸ ਦੀ ਸਿਹਤ ਖਰਾਬ ਹੋਣ ਦਾ ਹਵਾਲਾ ਦੇ ਕੇ ਮੈਡੀਕਲ ਸਰਟੀਫਿਕੇਟ ਪੇਸ਼ ਕਰ ਦਿੱਤਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 21 ਨਵੰਬਰ ਨੂੰ ਹੋਵੇਗੀ।
ਸਤਲੋਕ ਆਸ਼ਰਮ ਦੇ ਸੰਤ ਬਣੇ ਰਾਮਪਾਲ ਤੇ ਕੱਤਲ ਦਾ ਕੇਸ ਚੱਲ ਰਿਹਾ ਹੈ ਅਤੇ ਗ੍ਰਿਫ਼ਤਾਰੀ ਤੋਂ ਬੱਚਣ ਲਈ ਉਹ ਕਈ ਤਰ੍ਹਾਂ ਦੇ ਹੱਥਕੰਡੇ ਅਪਨਾ ਰਿਹਾ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਿੱਛਲੇ ਸੋਮਵਾਰ ਨੂੰ ਰਾਮਪਾਲ ਦੇ ਖਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਤਾਜ਼ਾ ਗੈਰ ਜਮਾਨਤੀ ਵਾਰੰਟ ਜਾਰੀ ਕਰਕੇ ਪੁੱਛਿਆ ਸੀ ਕਿ 2006 ਦੇ ਹੱਤਿਆਕਾਂਡ ਕੇਸ ਵਿੱਚ ਕਿਉਂ ਨਾਂ ਉਸ ਦੀ ਜਮਾਨਤ ਰੱਦ ਕਰ ਦਿੱਤੀ ਜਾਵੇ।
ਪਿੱਛਲੇ ਕਈ ਦਿਨਾਂ ਤੋਂ ਸਤਲੋਕ ਆਸ਼ਰਮ ਦੇ ਬਾਹਰ ਸਥਿਤੀ ਤਣਾਅਪੂਰਣ ਬਣੀ ਹੋਈ ਹੈ। ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਆਸ਼ਰਮ ਨੂੰ ਘੇਰਿਆ ਹੋਇਆ ਹੈ ਅਤੇ ਉਸ ਦੇ ਆਲੇ ਦੁਆਲੇ ਦੇ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ। ਰਾਮਪਾਲ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਉਸ ਦੇ ਸਮਰਥੱਕ ਆਸ਼ਰਮ ਵਿੱਚ ਮੌਜੂਦ ਹਨ, ਜਿਨ੍ਹਾਂ ਵਿੱਚ ਜਿਆਦਾਤਰ ਬੱਚੇ ਅਤੇ ਔਰਤਾਂ ਹਨ।
ਹਾਈ ਕੋਰਟ ਦਾ ਕਹਿਣਾ ਹੈ ਕਿ ਰਾਮਪਾਲ ਔਰਤਾਂ ਅਤੇ ਬੱਚਿਆਂ ਨੂੰ ਢਾਲ ਬਣਾ ਕੇ ਡਰਾਮਾ ਕਰ ਰਿਹਾ ਹੈ। ਅਦਲਤ ਨੇ ਹਰਿਆਣਾ ਦੀ ਖਟਰ ਸਰਕਾਰ ਦੀ ਇਸ ਮਾਮਲੇ ਵਿੱਚ ਚੰਗੀ ਝਾੜਝੰਭ ਵੀ ਕੀਤੀ ਹੈ।