ਅੰਮ੍ਰਿਤਸਰ – ਉੱਤਰ ਪੂਰਬੀ ਭਾਰਤ ਦੇ ਸਿੱਖਾਂ ਵਲੋਂ ਆਪਣੇ ਜੀਵਨ ਨਿਰਬਾਹ ਦੇ ਨਾਲ ਨਾਲ ਸਿੱਖ ਸੱਭਿਆਚਾਰ ਤੇ ਧਾਰਮਿਕ ਪਹਿਚਾਣ ਨੂੰ ਬਣਾਈ ਰੱਖਣਾ ਜਿਥੇ ਗੁਰੂ ਸਾਹਿਬ ਪ੍ਰਤੀ ਅਥਾਹ ਆਸਥਾ ਦਾ ਪ੍ਰਤੀਕ ਹੈ ਉਥੇ ਸਾਡੇ ਲਈ ਮਾਣ ਤੇ ਫਖਰ ਵਾਲੀ ਗੱਲ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੁਰਦੁਆਰਾ ਬਿਲਤੁਲਾ ਗੋਹਾਟੀ ਵਿਖੇ ਸਿੱਖ ਪ੍ਰਤੀਨਿਧ ਬੋਰਡ ਈਸਟਰਨ ਜੋਨ ਤੇ ਗੁਰਦੁਆਰਾ ਧੂਬੜੀ ਸਾਹਿਬ ਦੀ ਵੈਬਸਾਈਟ ਦਾ ਉਦਘਾਟਨ ਕਰਨ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਵਸਦੇ ਸਿੱਖਾਂ ਵਲੋਂ ਸਿੱਖ ਇਤਿਹਾਸ, ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨੂੰ ਪ੍ਰਚਾਰਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਸਾਮ ਵਿਚ ਵਸਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸੰਭਵ ਸਹਾਇਤਾ ਕਰੇਗੀ। ਇਹ ਜਾਣਕਾਰੀ ਜਥੇਦਾਰ ਅਵਤਾਰ ਸਿੰਘ ਦੇ ਨਿੱਜੀ ਸਹਾਇਕ ਸ. ਪਰਮਜੀਤ ਸਿੰਘ ਨੇ ਟੈਲੀਫੋਨ ’ਤੇ ਦਿੱਤੀ।
ਇਸ ਮੌਕੇ ਸਿੱਖ ਪ੍ਰਤੀਨਿਧ ਬੋਰਡ ਈਸਟਰਨ ਜੋਨ ਦੇ ਪ੍ਰਧਾਨ ਸ. ਪੀ.ਪੀ. ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਇਲਾਕੇ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਕਾਲਜ ਖੋਲ੍ਹਣ, ਵਿਸ਼ੇਸ਼ ਕਰਕੇ ਪੰਜਾਬੀ ਪੜ੍ਹਾਉਣ ਲਈ ਅਧਿਆਪਕ ਦੇਣ, ਉੱਤਰ ਪੂਰਬੀ ਭਾਰਤ ’ਚੋਂ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਨੁਮਾਇੰਦਗੀ ਦੇਣ ਅਤੇ ਹਰ ਸਾਲ 150 ਦੇ ਕਰੀਬ ਯਾਤਰੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਸਹਿਯੋਗ ਦਿੱਤੇ ਜਾਣ ਸਬੰਧੀ ਰੱਖੀਆਂ ਮੰਗਾਂ ਨੂੰ ਜਥੇਦਾਰ ਅਵਤਾਰ ਸਿੰਘ ਨੇ ਪੂਰੇ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਉਪਰੰਤ ਜਥੇਦਾਰ ਅਵਤਾਰ ਸਿੰਘ ਨਗਾਉਂ ਜ਼ਿਲ੍ਹੇ ਸਮੇਤ ਅਸਾਮ ਦੇ ਵੱਖ-ਵੱਖ ਜ਼ਿਲਿਆਂ ਤੋਂ ਪੁੱਜੇ ਸਿੱਖ ਸੰਗਤਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ।
ਇਸ ਤੋਂ ਪਹਿਲਾਂ ਗੋਪੀਨਾਥ ਬੋਡੋਲੋਈ ਹਵਾਈ ਅੱਡੇ ’ਤੇ ਪੁੱਜਣ ’ਤੇ ਸਿੱਖ ਪ੍ਰਤੀਨਿਧ ਬੋਰਡ ਈਸਟਰਨ ਜੋਨ ਦੇ ਪ੍ਰਧਾਨ ਸ. ਪੀ.ਪੀ. ਸਿੰਘ, ਮੀਤ ਪ੍ਰਧਾਨ ਸ. ਦੇਵਿੰਦਰ ਸਿੰਘ, ਜਾਇੰਟ ਸਕੱਤਰ ਸ. ਰਵਿੰਦਰ ਸਿੰਘ ਉਬਰਾਏ, ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਅਹੁਦੇਦਾਰ ਤੇ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਨੇ ਜਥੇਦਾਰ ਅਵਤਾਰ ਸਿੰਘ ਨੂੰ ਫੁੱਲਾਂ ਦੇ ਸੇਹਰੇ ਪਾ ਕੇ ਜੀ ਆਇਆਂ ਕਿਹਾ।