ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਭਾਰਤ ਸਰਕਾਰ ਤੋਂ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਤੇ ਸਜੱਣ ਕੁਮਾਰ ਨੂੰ ਮਿਲੀ ਸੁਰੱਖਿਆ ਛੱਤਰੀ ਹਟਾਉਣ ਦੀ ਮੰਗ ਕਰਣ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਸਿੱਖ ਮਸਲਿਆਂ ਤੇ ਵਰਤੀ ਜਾ ਰਹੀ ਢਿੱਲ ਤੇ ਵੀ ਸਵਾਲ ਖੜੇ ਕੀਤੇ ਹਨ। ਟਾਈਟਲਰ ਅਤੇ ਸੱਜਣ ਕੁਮਾਰ ਨੂੰ ਪਿੱਛਲੀ ਕਾਂਗਰਸ ਸਰਕਾਰ ਵੱਲੋਂ ਸੁਰੱਖਿਆ ਦੇਣ ਦੀ ਦਲੀਲ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਇਨ੍ਹਾਂ ਦੇ ਖਿਲਾਫ ਜਾਂਚ ਕਰ ਰਹੀਆਂ ਐਜੰਸੀਆਂ ਤੇ ਇਨ੍ਹਾਂ ਦੋਹਾਂ ਨੂੰ ਬਚਾਉਣ ਦਾ ਦਬਾਵ ਪਾਣਾ ਤੇ ਉਨ੍ਹਾਂ ਦੇ ਸਿਆਸੀ ਰਸੂਖ ਬਾਰੇ ਏਜੰਸੀਆਂ ਨੂੰ ਜਾਣੂੰ ਕਰਵਾਉਣਾ ਸੀ ਤਾਂਕਿ ਉਹ ੳਨ੍ਹਾਂ ਦੇ ਖਿਲਾਫ ਨਿਰਪੱਖ ਕਾਰਵਾਈ ਨਾਂ ਕਰਨ।
ਜੀ.ਕੇ. ਨੇ ਮੌਜੂਦਾ ਭਾਜਪਾ ਸਰਕਾਰ ਨੂੰ ਸਿੱਖ ਕੌਮ ਨੂੰ ਕਤਲੇਆਮ ਦੇ ਮਸਲੇ ਤੇ ਇਨਸਾਫ ਦਿਵਾਉਣ ਦਾ ਸੁਨੇਹਾ ਦੇਣ ਵਾਸਤੇ ਖੁੱਲ ਕੇ ਸਾਹਮਣੇ ਆਉਣ ਤੇ ਉਕਤ ਕਾਂਗਰਸ ਆਗੂਆਂ ਨੂੰ ਪਿਛਲੇ 30 ਸਾਲਾਂ ਤੋਂ ਸਰਕਾਰਾਂ ਵੱਲੋਂ ਮਿਲ ਰਹੀਆਂ ਸਹੁਲੀਅਤਾਂ ਅਤੇ ਸੁਰੱਖਿਆਂ ਤੋਂ ਇਨ੍ਹਾਂ ਨੂੰ ਅਲਗ ਕਰਕੇ ਜਾਂਚ ਏਜੰਸੀਆਂ ਦੇ ਸਾਹਮਣੇ ਬਣਾਏ ਗਏ ਇਨ੍ਹਾਂ ਦੇ ਕਾਗਜੀ ਆਭਾ ਮੰਡਲ ਨੂੰ ਵੀ ਢਾਹ ਲਾਉਣ ਦੀ ਮੰਗ ਕੀਤੀ ਹੈ। ਉਕਤ ਆਗੂਆਂ ਦੇ ਖਿਲਾਫ ਆਪਣੇ ਸਰਕਾਰੀ ਸੁਰੱਖਿਆਂ ਕਰਮਚਾਰੀਆਂ ਵੱਲੋਂ ਸਿੱਖ ਕਤਲੇਆਮ ਦੇ ਪੀੜਿਤਾਂ ਨੂੰ ਡਰਾਉਣ ਅਤੇ ਧਮਕਾਉਣ ਦਾ ਵੀ ਦੋਸ਼ ਜੀ.ਕੇ. ਨੇ ਲਗਾਉਂਦੇ ਹੋਏ ਗਵਾਹਵਾਂ ਵੱਲੋਂ ਇਨ੍ਹਾਂ ਦੇ ਖਿਲਾਫ਼ ਖੁੱਲਕੇ ਨਾ ਬੋਲਣ ਨੂੰ ਵੀ ਇਨਸਾਫ ‘ਚ ਹੋ ਰਹੀ ਦੇਰੀ ਦਾ ਵੱਡਾ ਕਾਰਣ ਦੱਸਿਆ।
ਨਰੇਂਦਰ ਮੌਦੀ ਸਰਕਾਰ ਦੇ ਅਹਿਮ ਮੰਤਰੀ ਰਾਜਨਾਥ ਸਿੰਘ ਨਾਲ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਇਨ੍ਹਾਂ ਮਸਲਿਆਂ ਬਾਰੇ ਹੋ ਚੁੱਕੀਆਂ ਕਈ ਦੌਰ ਦੀਆਂ ਬੈਠਕਾਂ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਸਿੱਖਾਂ ਵੱਲੋਂ ਮੋਦੀ ਵੱਲ ਆਸ ਦੀ ਨਿਗਾਹ ਨਾਲ ਵੇਖਦੇ ਹੋਏ ਸਾਰੇ ਸਿੱਖ ਮਸਲਿਆਂ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਸਰਕਾਰਾਂ ਦੇ ਦੌਰਾਨ ਲਮਕਦੇ ਆ ਰਹੇ ਹਨ। ਜਿਸ ਵਿਚ ਸਜੱਣ ਕੁਮਾਰ ਦੇ ਖਿਲਾਫ ਨਾਂਗਲੋਈ ਕੇਸ ‘ਚ ਚਾਰਜਸ਼ੀਟ ਦਾਖਿਲ ਕਰਨਾ, 1984 ਸਿੱਖ ਕਤਲੇਆਮ ਦੇ ਮਸਲਿਆਂ ‘ਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਐਸ.ਆਈ.ਟੀ. ਬਣਾ ਕੇ ਕਤਲੇਆਮ ਪ੍ਰਭਾਵਿਤਾਂ ਨੂੰ ਇਨਸਾਫ ਅਤੇ ਉਨ੍ਹਾਂ ਦੇ ਮੁੜਵਸੇਬੇ ਦਾ ਮਸਲਾ ਮੁੱਖ ਹੈ।
ਕੇਂਦਰ ਸਰਕਾਰ ਵੱਲੋਂ ਇਨ੍ਹਾਂ ਮਸਲਿਆਂ ਤੇ ਕੀਤੀ ਜਾ ਰਹੀ ਕਾਰਵਾਹੀ ਬਾਰੇ ਸਿੱਖ ਕੌਮ ਵੱਲੋਂ ਤਿੱਖੀ ਨਿਗਾਹ ਰੱਖਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਅਗਰ 30 ਸਾਲ ਬਾਅਦ ਭਾਜਪਾ ਦੀ ਸਰਕਾਰ ਵੀ ਪੀੜਿਤਾਂ ਨੂੰ ਇਨਸਾਫ ਨਾਂ ਦਿਵਾ ਸਕੀ ਤੇ ਕਾਂਗਰਸ ਅਤੇ ਭਾਜਪਾ ਦੀ ਕਾਰਜ ਪ੍ਰਣਾਲੀ ਸਿੱਖਾਂ ਵੱਲੋਂ ਇਕੋ ਵਰਗੀ ਹੀ ਸਮਝੀ ਜਾਵੇਗੀ।