ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਕਾਲਜ ਆੱਫ਼ ਕਾਮਰਸ ਐਂਡ ਮੈਨੇਜਮੈਂਟ ਦੇ ਹੋਟਲ ਮੈਨੇਜਮੈਂਟ ਡਿਪਾਰਟਮੈਂਟ ਵੱਲੋਂ ਰੈਸਟੋਰੈਂਟ ‘ਸਾਲਟ ਐਂਡ ਪੈਪਰ’ ਦੀ ਸਥਾਪਨਾ ਕੀਤੀ ਗਈ । ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਇਸ ਰੈਸਟੋਰੈਂਟ ਦਾ ਸ਼ੁਭ ਮਹੂਰਤ ਯੂਨੀਵਰਸਿਟੀ ਦੇ ਰਜਿਸਟਰਾਰ ਸਤੀਸ਼ ਗੋਸਵਾਮੀ ਜੀ ਨੇ ਡੀਨ, ਡਾਇਰੈਕਟਰਜ਼ ਅਤੇ ਪ੍ਰਿੰਸੀਪਲ ਸਾਹਿਬਾਨਾਂ ਦੀ ਮੌਜੂਦਗੀ ਵਿਚ ਕੀਤਾ । ਕਾਮਰਸ ਐਂਡ ਮੈਨੇਜਮੈਂਟ ਕਾਲਜ ਦੇ ਡੀਨ ਡਾ. ਅਮਨਦੀਪ ਸਿੰਘ ਨੇ ਰਸਮੀ ਤੌਰ ‘ਤੇ ਸਮੂਹ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ’ ਆਖਿਆ।
ਸ਼ੁੱਭ ਮਹੂਰਤ ਮੌਕੇ ਵਿਦਿਆਰਥੀਆਂ ਵੱਲੋਂ ਇਕ ਹਾਈ-ਟੀ ਰਿਫਰੈਸ਼ਮੈਂਟ ਦਾ ਆਯੋਜਨ ਕੀਤਾ ਗਿਆ ਜਿਸ ਵਿਚ ‘ਵੈਜੀਟੇਬਲ ਕਲੀਅਰ ਐਂਡ ਦੱਮ ਸੂਪ’ ਤੋ ਸ਼ੁਰੂ ਕਰਕੇ ਸਨੈਕਸ ਵਿਚ ‘ਪਾਲਕ ਪਿਸਤਾ ਟਿੱਕੀ ਅਤੇ ਦਹੀਂ ਕਬਾਬ ਰੋਲ’ ਅਤੇ ਮੇਨ ਕੋਰਸ ਵਿਚ ‘ਚੀਜ਼ ਵਾਈਟ ਐਂਡ ਰੈੱਡ ਪਾਸਤਾ’ ਅਤੇ ਅਖੀਰ ਵਿਚ ਡੈਜ਼ਰਟ ਦੇ ਤੌਰ ‘ਤੇ ਅਤੀ ਸਵਾਦਿਸ਼ਟ ਬਦਾਮੀ ਖੀਰ ਪੇਸ਼ ਕੀਤੀ ਗਈ। ਸਾਰੀਆਂ ਲਜ਼ੀਜ਼ ਚੀਜਾਂ ਦਾ ਪ੍ਰਸਤੁਤੀਕਰਣ ਬੜੇ ਹੀ ਨਿਵੇਕਲੇ ਅਤੇ ਮਨਮੋਹਕ ਅੰਦਾਜ਼ ਵਿਚ ਕੀਤਾ ਗਿਆ। ਜਿਸਦਾ ਸਿਹਰਾ ਹੋਟਲ ਮੈਨੇਜਮੈਂਟ ਦੇ ਅਸਿਸਟੈਂਟ ਪ੍ਰੋਫੈਸਰਜ਼ ਸ੍ਰੀ ਗੌਰਵ ਅਤੇ ਮੈਡਮ ਮੋਨਿਕਾ ਜੀ ਨੂੰ ਜਾਂਦਾ ਹੈ।
ਸਮੂਹ ਮਹਿਮਾਨਾਂ ਅਤੇ ਉੱਚ ਅਧਿਕਾਰੀਆਂ ਨੇ ਇਸ ਸ਼ਾਨਦਾਰ ਉਦਘਾਟਨ ਦਾ ਲੁਤਫ ਉਠਾਉਂਦੇ ਹੋਏ ਸਮੂਹ ਆਯੋਜਨ ਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦਰਸਾਇਆ। ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਸਤੀਸ਼ ਗੋਸਵਾਮੀ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਇਹ ਆਸ ਵੀ ਪ੍ਰਗਟ ਕੀਤੀ ਕਿ ਬਾਕੀ ਵਿਸ਼ਿਆਂ ਦੇ ਵਿਦਿਆਰਥੀਆਂ ਵਾਂਗ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਵੀ ਇਕ ਵੱਖਰੀ ਪਹਿਚਾਣ ਬਣਾਉਣਗੇ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਉਦਘਾਟਨ ਸਬੰਧੀ ਬੋਲਦਿਆਂ ਕਿਹਾ ਕਿ ਹੋਟਲ ਮੈਨੇਜਮੈਂਟ ਵਿਭਾਗ ਦੀ ਇਹ ਕਾਰਗੁਜ਼ਾਰੀ ਸ਼ਲਾਘਾਯੋਗ ਹੈ। ਜਿੱਥੇ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਇਲਾਕੇ ਦੇ ਵਿੱਦਿਅਕ ਅਦਾਰਿਆਂ ਵਿਚ ਇੱਕ ਵੱਖਰੀ ਪਹਿਚਾਣ ਦਾ ਸਬੂਤ ਦਿੱਤਾ ਹੈ ਉੱਥੇ ਯਕੀਨਨ ਹੀ ਇਹ ਕਦਮ ਯੂਨੀਵਰਸਿਟੀ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਸਿੱਧ ਹੋਵੇਗਾ।