ਅੰਮ੍ਰਿਤਸਰ- ਭਾਰਤ ਅਤੇ ਪਾਕਿਸਤਾਨ ਵਿਚਕਾਰ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਦੇ ਯਾਤਰੀ ਵੀ ਪੰਜਾਬ ਵਿਚ ਹੋਈਆਂ ਹਿੰਸਕ ਵਾਰਦਾਤਾਂ ਕਰਕੇ ਪ੍ਰਭਾਵਿਤ ਹੋਏ। ਸੋਮਵਾਰ ਨੂੰ ਲਹੌਰ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਦੇ ਯਾਤਰੀਆਂ ਨੂੰ ਸਾਰੀ ਰਾਤ ਸਟੇਸ਼ਨ ਤੇ ਹੀ ਗੁਜ਼ਾਰਨੀ ਪਈ। ਭਾਂਵੇ ਰੇਲਵੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਖਾਣ ਪੀਣ ਦਾ ਪੂਰਾ ਇੰਤਜਾਮ ਕੀਤਾ ਗਿਆ ਸੀ ਫਿਰ ਵੀ ਯਾਤਰੀ ਸਾਰਾ ਦਿਨ ਇਸੇ ਪਰੇਸ਼ਾਨੀ ਵਿਚ ਰਹੇ ਕਿ ਕਦੋਂ ਮਹੌਲ ਠੀਕ ਹੋਵੇ ਤੇ ਉਹ ਆਪਣੇ ਟਿਕਾਣਿਆਂ ਤੇ ਪਹੁੰਚਣ।
ਸਮਝੌਤਾ ਐਕਸਪ੍ਰੈਸ ਦੇ ਯਾਤਰੀ ਸ਼ਾਮ ਤਕ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਤੇ ਫਸੇ ਹੋਏ ਸਨ। 257 ਯਾਤਰੀਆਂ ਵਿਚੋਂ 105 ਪਾਕਿਸਤਾਨੀ ਅਤੇ 152 ਭਾਰਤੀ ਨਾਗਰਿਕ ਹਨ। ਇਨ੍ਹਾਂ ਵਿਚੋਂ ਭਾਰਤੀ ਪੰਜਾਬ ਦੇ ਵਸਨੀਕ 59 ਯਾਤਰੀ ਸੜਕ ਦੇ ਰਸਤੇ ਆਪਣੇ ਘਰਾਂ ਵਲ ਰਵਾਨਾ ਹੋ ਗਏ। ਬਾਕੀ ਦੇ ਯਾਤਰੀ ਵੀ ਇਹੀ ਦੁਆ ਕਰ ਰਹੇ ਹਨ ਕਿ ਜਲਦੀ ਹਾਲਾਤ ਠੀਕ ਹੋਣ ਤੇ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲ ਸਕਣ।