ਫ਼ਤਹਿਗੜ੍ਹ ਸਾਹਿਬ – “ਪੰਡਤ ਨਹਿਰੂ ਨੇ ਹੈਦਰਾਬਾਦ, ਕਸ਼ਮੀਰ ਅਤੇ ਗੋਆ ਉਤੇ ਕਬਜੇ ਕਰਕੇ, ਸਿੱਖਾਂ ਨੂੰ ਪਾਕਿਸਤਾਨ ਪੰਜਾਬ ਵਿਚੋਂ ਉਜਾੜਿਆ ਅਤੇ ਵੰਡ ਸਮੇਂ ਅਨੇਕਾ ਹੀ ਬੇਕਸੂਰ ਜਾਨਾਂ ਨੂੰ ਆਪਣੀ ਜਿ਼ੰਦਗੀ ਤੋ ਹੱਥ ਧੋਣੇ ਪਏ । ਇਸੇ ਤਰ੍ਹਾਂ ਨਹਿਰੂ ਦੀ ਧੀ ਮਰਹੂਮ ਇੰਦਰਾ ਗਾਂਧੀ ਨੇ ਗੈਰ ਇਨਸਾਨੀਅਤ ਢੰਗਾਂ ਦੀ ਵਰਤੋਂ ਕਰਕੇ ਸਿਕਮ ਉਤੇ ਕਬਜਾ ਕੀਤਾ । ਪਾਕਿਸਤਾਨ ਦੇ ਦੋ ਟੁਕੜੇ ਕਰਕੇ ਬੰਗਾਲ ਵੱਖਰਾ ਮੁਲਕ ਬਣਾਇਆ । ਫਿਰ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਦੀ ਦੁਰਵਰਤੋ ਕਰਦੇ ਹੋਏ ਬਲਿਊ ਸਟਾਰ ਦਾ ਫ਼ੌਜੀ ਆਪ੍ਰੇਸ਼ਨ ਕਰਵਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਦੇ ਨਾਲ-ਨਾਲ 20 ਹਜ਼ਾਰ ਸਿੱਖਾਂ ਸਰਧਾਲੂਆਂ ਜਿਨ੍ਹਾਂ ਵਿਚ ਬੱਚੇ, ਨੌਜ਼ਵਾਨ, ਬੀਬੀਆਂ ਅਤੇ ਬਜ਼ੁਰਗ ਸਨ, ਉਹਨਾਂ ਨਿਰਦੋਸ਼ਾਂ ਦਾ ਕਤਲੇਆਮ ਕਰਵਾਇਆ ਗਿਆ । ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਜੋ ਸਿੱਖ ਮਾਰੇ ਗਏ, ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਚੋਂ ਚੁੱਕਣ ਲਈ ਬਿਹਾਰ ਅਤੇ ਯੂ.ਪੀ. ਦੇ ਭੱਈਏ ਲਿਆਦੇ ਗਏ । ਜਿਨ੍ਹਾਂ ਨੂੰ ਇਹ ਹੁਕਮ ਸੀ ਕਿ ਉਹ ਇਹਨਾਂ ਸਿੱਖਾਂ ਦੀਆਂ ਲਾਸ਼ਾਂ ਦੀਆਂ ਜੇਬਾਂ ਵਿਚ ਧਨ-ਦੌਲਤ ਅਤੇ ਬੀਬੀਆਂ ਦੇ ਪਹਿਨੇ ਹੋਏ ਗਹਿਣੇ ਅਤੇ ਹੋਰ ਸਮਾਨ ਲੁੱਟ ਲਓ, ਉਹ ਤੁਹਾਡਾ ਹੋਵੇਗਾ, ਪਰ ਇਹਨਾਂ ਸਿੱਖਾਂ ਦੇ ਸਸਕਾਰ ਕਿਥੇ ਕੀਤੇ, ਕਿਵੇ ਕੀਤੇ, ਕਿਸ ਨੇ ਕੀਤੇ ਇਸ ਦਾ ਕੋਈ ਵੀ ਰਿਕਾਰਡ ਨਹੀਂ ਰੱਖਿਆ ਗਿਆ । ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਆਦਿ ਸਿੱਖਾਂ ਦੀਆਂ ਲਾਸ਼ਾਂ ਨਾਲ ਕੀ ਵਿਵਹਾਰ ਕੀਤਾ ਗਿਆ ਉਹ ਬਾਰੇ ਨਾ ਤਾਂ ਸਿੱਖ ਕੌਮ ਨੂੰ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਕੋਈ ਰਿਕਾਰਡ ਰੱਖਿਆ ਗਿਆ । ਲੇਕਿਨ ਅੱਜ ਹਿੰਦੂਤਵ ਹੁਕਮਰਾਨ ਅਤੇ ਜਮਾਤਾਂ, ਮਨੁੱਖਤਾ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਨੂੰ “ਅਮਨ ਦੀ ਪੁਜਾਰੀ” ਗਰਦਾਨਕੇ ਜੇਕਰ ਉਸਦੇ ਨਾਮ ਉਤੇ ਇਹ ਹੁਕਮਰਾਨ ਐਵਾਰਡ ਦੇਣ ਦਾ ਐਲਾਨ ਕਰ ਰਹੇ ਹਨ ਤਾਂ ਹਿਟਲਰ, ਮੋਸੋਲੀਨੀ, ਜਕਰੀਆ ਖਾਨ, ਟੋਗੋ, ਅਬਦਾਲੀ ਆਦਿ ਜੋ ਰਾਖਸਸ ਬਿਰਤੀ ਵਾਲੇ ਸਨ, ਹਿੰਦੂ ਹੁਕਮਰਾਨਾਂ ਨੂੰ ਉਹਨਾਂ ਜ਼ਾਲਮਾਂ ਦੇ ਨਾਮ ਤੇ ਵੀ ਐਵਾਰਡ ਦੇਣੇ ਸੁਰੂ ਕਰ ਦੇਣੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀ ਕਾਤਲ ਅਤੇ ਸਿੱਖ ਗੁਰਧਾਮਾਂ ਉਤੇ ਹਮਲੇ ਕਰਨ ਵਾਲੀ, ਇਨਸਾਨੀਅਤ ਦੀ ਦੁਸ਼ਮਣ ਮਰਹੂਮ ਇੰਦਰਾ ਗਾਂਧੀ ਦੇ ਨਾਮ ਤੇ ਦਿੱਤੇ ਜਾ ਰਹੇ ਐਵਾਰਡ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਮੌਜੂਦਾ ਹਿੰਦ ਦੇ ਵਜ਼ੀਰ-ਏ-ਆਜ਼ਮ ਮੋਦੀ ਨੇ ਚੀਨ ਦੇ ਸਦਰ ਸ੍ਰੀ ਜਿਨਪਿੰਗ ਵੱਲੋ ਭਾਰਤ ਆਉਣ ਤੇ ਉਸ ਕੋਲੋ ਮਾਨ ਸਰੋਵਰ ਲਈ ਕੈਲਾਸ ਪਰਬਤ ਰਾਹੀ ਰਸਤਾ ਲੈਣ ਦੀ ਗੱਲ ਕੀਤੀ । ਲੇਕਿਨ ਜੋ ਸਿੱਖ ਕੌਮ ਦੇ ਗੁਰਧਾਮ ਅੱਜ ਵੱਡੀ ਗਿਣਤੀ ਵਿਚ ਪਾਕਿਸਤਾਨ ਵਿਚ ਰਹਿ ਗਏ ਹਨ, ਉਹਨਾਂ ਦੇ ਸਿੱਖ ਕੌਮ ਵੱਲੋ ਦਰਸ਼ਨ ਦੀਦਾਰਾਂ ਦੇ ਲਈ ਕੋਈ ਖੁੱਲ੍ਹ ਜਾਂ ਪ੍ਰਵਾਨਗੀ ਲੈਣ ਦੀ ਗੱਲ ਇਹਨਾਂ ਮੁਤੱਸਵੀਆਂ ਵੱਲੋ ਨਾ ਲੈਣ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਹਿੰਦੂਤਵ ਹੁਕਮਰਾਨ ਬੇਸ਼ੱਕ ਚੋਗਾ ਇਨਸਾਨੀਅਤ ਦਾ ਪਹਿਨਦੇ ਹੋਣ, ਲੇਕਿਨ ਅਮਲ ਉਹਨਾਂ ਦੇ ਹੈਵਾਨੀਅਤ ਅਤੇ ਰਾਖਸਸਾਂ ਵਾਲੇ ਹਨ । ਹਿੰਦ ਦੀ ਹਕੂਮਤ ਉਤੇ ਕੋਈ ਵੀ ਹੁਕਮਰਾਨ ਭਾਵੇ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਨਰਸਿਮਾ ਰਾਓ, ਮੋਦੀ, ਵਾਜਪਾਈ, ਅਡਵਾਨੀ ਆਦਿ ਕੋਈ ਵੀ ਬੈਠੇ, ਉਹ ਹਿੰਦੂ, ਹਿੰਦੀ ਅਤੇ ਹਿੰਦੂਸਤਾਨ ਦੀ ਮੁਤੱਸਵੀ ਵਾਲੀ ਗੱਲ ਨੂੰ ਹੀ ਉਭਾਰਦਾ ਹੈ, ਦੂਸਰੀਆਂ ਘੱਟ ਗਿਣਤੀ ਕੌਮਾਂ ਦੀ ਬਹਿਤਰੀ ਤੇ ਉਹਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਉਹਨਾਂ ਨੂੰ ਇਨਸਾਫ਼ ਦੇਣ ਲਈ ਕੋਈ ਵੀ ਗੰਭੀਰ ਨਹੀਂ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਘੱਟ ਗਿਣਤੀ ਕੌਮਾਂ ਦੇ ਕਾਤਲ ਹੁਕਮਰਾਨਾਂ ਦੇ ਨਾਮ ਤੇ “ਅਮਨ ਦੇ ਪੁਜਾਰੀ, ਲੋਕਾ ਦੇ ਮਸੀਹਾ” ਆਦਿ ਨਾਮ ਦੇ ਕੇ ਉਹਨਾਂ ਦੀਆਂ ਨਾਂਹਵਾਚਕ ਅਣਮਨੁੱਖੀ ਕਾਰਵਾਈਆ ਨੂੰ ਵੀ ਇਨਸਾਨੀਅਤ ਪੱਖੀ ਪ੍ਰਚਾਰਕੇ ਇਥੋ ਦੇ ਨਿਵਾਸੀਆਂ ਨੂੰ ਗੁੰਮਰਾਹ ਵੀ ਕਰ ਰਹੇ ਹਨ ਅਤੇ ਆਪਣੀ ਹੈਵਾਨੀਅਤ ਭਰੀ ਮੰਦਭਾਵਨਾਵਾਂ ਨੂੰ ਅਮਲੀ ਰੂਪ ਦੇਣ ਵਿਚ ਕਦੀ ਨਹੀਂ ਖੁੰਝਦੇ । ਇਸ ਲਈ ਅਜਿਹੇ ਜ਼ਾਲਮ ਅਤੇ ਮਨੁੱਖਤਾ ਦੇ ਕਾਤਲ ਹੁਕਮਰਾਨਾਂ ਦੇ ਨਾਮ ਤੇ ਐਵਾਰਡ ਦੇਣ ਦੇ ਕੀਤੇ ਗਏ ਐਲਾਨ ਨਾਲ ਵੀ ਇਹਨਾਂ ਦੇ ਖੂਖਾਰ ਚਿਹਰੇ ਕਦੀ ਵੀ ਇਨਸਾਨੀਅਤ ਪੱਖੀ ਜਾਂ ਇਨਸਾਫ਼ ਪੱਖੀ ਨਹੀਂ ਬਣ ਸਕਦੇ ।