ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਤੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਅੱਜ ਪਾਰਟੀ ਦਫ਼ਤਰ ਵਿਖੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਆਉਂਦੀਆਂ ਦਿੱਲੀ ਵਿਧਾਨਸਭਾ ਚੋਣਾਂ ਬਾਰੇ ਰਣਨੀਤੀ ਉਲੀਕਣ ਅਤੇ ਪਾਰਟੀ ਨੂੰ ਜਥੇਬੰਦਕ ਤੌਰ ਤੇ ਮਜਬੂਤ ਕਰਨ ਵਾਸਤੇ ਬੁਲਾਈ ਗਈ। ਜਿਸ ਵਿਚ ਪਾਰਟੀ ਦੇ ਦਿੱਲੀ ਇਕਾਈ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆਂ ਵੱਲੋਂ ਪਾਰਟੀ ਦੀਆਂ ਕਮਜ਼ੋਰੀਆਂ, ਤਾਕਤ, ਜ਼ਮੀਨੀ ਹਲਾਤ, ਨਿਗਰਾਨੀ ਟੀਮਾਂ ਦੀ ਉਸਾਰੀ, ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਾਸਤੇ ਪਹਿਲ ਕਦਮੀ, ਤਾਕਤਵਰ ਮੈਂਬਰਸ਼ੀਪ ਮੁਹਿੰਮ ਦੀ ਸ਼ੁਰੂਆਤ, ਅਕਾਲੀ ਉਮੀਦਵਾਰਾਂ ਨੂੰ ਹੁਣੇ ਨਾਲ ਆਪਣੇ ਹਲਕਿਆਂ ‘ਚ ਸਰਗਰਮ ਹੋਣ ਸਣੇ ਕਈ ਮਸਲਿਆਂ ਤੇ ਬੰਦ ਕਮਰੇ ‘ਚ ਬੈਠਕ ਦੌਰਾਨ ਪਾਰਟੀ ਕਾਰਕੂੰਨਾ ਵੱਲੋਂ ਚੁੱਕੇ ਗਏ ਸਵਾਲ ਅਤੇ ਸਲਾਹਵਾਂ ਤੇ ਵੀ ਗੌਰ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਬੈਠਕ ਦੌਰਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਸ੍ਰੀ ਅਸ਼ੋਕ ਗੁਪਤਾ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਵੀ ਪੇਸ਼ ਕੀਤਾ ਗਿਆ, ਜਿਸ ਉਪਰੰਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਵਿਛੜੀ ਹੋਈ ਆਤਮਾ ਨੂੰ ਸ਼ਰਧਾ ਦੇ ਫੂੱਲ ਭੇਂਟ ਕੀਤੇ ਗਏ। ਪਿਛਲੇ ਵਿਧਾਨਸਭਾ ਚੋਣਾਂ ਲੜੇ ਪਾਰਟੀ ਦੇ ਚਾਰੋ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ ਅਤੇ ਸ਼ਾਮ ਸ਼ਰਮਾ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਆਈਆਂ ਦਿਕੱਤਾਂ ਬਾਰੇ ਦੱਸਦੇ ਹੋਏ ਆਪਣੇ ਹਲਕਿਆਂ ‘ਚ ਪਾਰਟੀ ਕਾਰਕੂੰਨਾਂ ਦੀ ਸਰਗਰਮੀ ਨੂੰ ਵਧਾਉਣ ਦੀ ਸਲਾਹ ਵੀ ਦਿੱਤੀ ਗਈ।
ਜੀ.ਕੇ. ਵੱਲੋਂ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਨੂੰ ਇਨ੍ਹਾਂ ਚੋਣਾਂ ਸਬੰਧੀ ਤਾਲਮੇਲ ਕਮੇਟੀ ਦਾ ਕੋਰਡੀਨੇਟਰ ਥਾਪਦੇ ਹੋਏ ਦਿੱਲੀ ਕਮੇਟੀ ਮੈਂਬਰ ਅਤੇ ਸਾਬਕਾ ਨਿਗਮ ਪਾਰਸ਼ਦ ਕੈਪਟਨ ਇੰਦਰਪ੍ਰੀਤ ਸਿੰਘ, ਨਿਗਮ ਪਾਰਸ਼ਦ ਰਿਤੂ ਵੋਹਰਾ ਅਤੇ ਡਿੰਪਲ ਚੱਡਾ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ। ਇਹ ਕਮੇਟੀ ਸਬੰਧਿਤ ਹਲਕਿਆਂ ‘ਚ ਕਾਰਕੂੰਨਾਂ ਅਤੇ ਆਗੂਆਂ ਦੀ ਲੋੜ ਦਾ ਅੰਦਾਜ਼ਾ ਲਗਾਕੇ ਅਹੁਦੇਦਾਰਾਂ ਦੀਆਂ ਡਿਯੂਟੀਆਂ ਲਗਾਉਣ ਦੀ ਸਿਫਾਰਿਸ਼ ਹਾਈ ਕਮਾਨ ਨੂੰ ਕਰੇਗੀ। ਜੀ.ਕੇ. ਤੇ ਰਾਮੂਵਾਲੀਆਂ ਵੱਲੋਂ ਅਕਾਲੀ ਦਲ ਦੇ 7 ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਨੂੰ ਜਲਦ ਹੀ ਇਨ੍ਹਾਂ ਚੋਣਾਂ ‘ਚ ਉਤਾਰਣ ਵਾਸਤੇ ਰੂਪ-ਰੇਖਾ ਤੈਅ ਕਰਨ ਦਾ ਜ਼ਿਮੇਵਾਰੀ ਵੀ ਇਸ ਕਮੇਟੀ ਨੂੰ ਦਿੱਤੀ ਗਈ ਹੈ।
ਇਸ ਮੀਟਿੰਗ ‘ਚ ਗੁਰਦੁੂਆਰਾ ਸ੍ਰੀ ਗੁਰੂ ਸਿੰਘ ਸਭਾ ਸੁਭਾਸ਼ ਨਗਰ ਦੇ ਸਮੂਹ ਪ੍ਰਬੰਧਕਾਂ ਨੇ ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਰਿਹਲ ਅਤੇ ਸਰਕਲ ਜਥੇਦਾਰ ਪ੍ਰੀਤਮ ਸਿੰਘ ਦੀ ਪ੍ਰੇਰਣਾ ਸਦਕਾ ਅੱਜ ਪਾਰਟੀ ਦੀ ਮੁਢੱਲੀ ਮੈਂਬਰਸ਼ੀਪ ਪ੍ਰਾਪਤ ਕੀਤੀ। ਪਾਰਟੀ ਵਿਚ ਸ਼ਾਮਿਲ ਹੋਏ ਇਨ੍ਹਾਂ ਆਗੂਆਂ ਨੂੰ ਸਿਰੋਪਾਓ ਦੇ ਕੇ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਵਿਚ ਪ੍ਰਮੁੱਖ ਹਨ ਪ੍ਰਧਾਨ ਦਲਜੀਤ ਸਿੰਘ ਮਲਹੋਤਰਾ, ਅਹੁਦੇਦਾਰ ਅਮਰਜੀਤ ਸਿੰਘ ਕੋਹਲੀ, ਅਮਰਜੀਤ ਸਿੰਘ ਪਿੰਕੀ, ਜਗਦੀਪ ਸਿੰਘ ਸਬੱਰਵਾਲ, ਪ੍ਰਭਜੋਤ ਸਿੰਘ ਅਤੇ ਸੁਖਚੈਨ ਸਿੰਘ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਚਮਨ ਸਿੰਘ, ਹਰਦੇਵ ਸਿੰਘ ਧਨੋਆ, ਜਸਬੀਰ ਸਿੰਘ ਜੱਸੀ, ਗੁਰਬਚਨ ਸਿੰਘ ਚੀਮਾ ਸਣੇ ਸੈਂਕੜੇ ਅਹੁਦੇਦਾਰ ਅਤੇ ਕਾਰਕੂੰਨ ਮੌਜੂਦ ਸਨ।