ਇਸਲਾਮਾਬਾਦ- ਪਾਕਿਸਤਾਨ ਦੇ ਲਹੌਰ ਸ਼ਹਿਰ ਵਿਚ ਬੁਧਵਾਰ ਸਵੇਰੇ ਜਬਰਦਸਤ ਬੰਬ ਧਮਾਕਾ ਹੋਇਆ ਹੈ ਜਿਸ ਨਾਲ 40 ਲੋਕ ਮਾਰੇ ਗਏ ਹਨ ਅਤੇ 250 ਦੇ ਕਰੀਬ ਜਖਮੀ ਹੋ ਗਏ ਹਨ। ਪਹਿਲਾਂ ਕਾਰ ਦੇ ਅੰਦਰੋਂ ਕਾਫੀ ਦੇਰ ਤਕ ਗੋਲੀਬਾਰੀ ਹੁੰਦੀ ਰਹੀ ਅਤੇ ਫਿਰ ਕਮਿਸ਼ਨਰ ਦੇ ਦਫਤਰ ਕੋਲ ਜਬਰਦਸਤ ਧਮਾਕਾ ਹੋਇਆ। ਬਚਾਅ ਅਤੇ ਮਦਦ ਦੇ ਲਈ ਸੈਨਾ ਬੁਲਾਈ ਗਈ ਹੈ।
ਇਹ ਆਤਮਘਾਤੀ ਹਮਲਾ ਕਾਰ ਬੰਬ ਧਮਾਕਾ ਸੀ। ਇਸ ਧਮਾਕੇ ਵਿਚ ਸਿਵਲ ਲਾਈਨਜ਼, ਫਾਤਿਮਾ ਜਿਨਾਹ ਰੋਡ ਸਥਿਤ ਲਹੌਰ ਪੁਲਿਸ ਹੈਡ ਕਵਾਟਰ ਅਤੇ ਆਈਐਸਆਈ ਬਿਲਡਿੰਗ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਹੈਡਕਵਾਟਾ ਦੀ ਇਮਾਰਤ ਪੂਰੀ ਤਰ੍ਹਾਂ ਨਾਲ ਢਹਿਢੇਰੀ ਹੋ ਗਈ। ਇਸ ਧਮਾਕੇ ਵਿਚ 40 ਤੋਂ ਵੀ ਜਿਆਦਾ ਕਾਰਾਂ ਤਬਾਹ ਹੋ ਗਈਆਂ ਹਨ। ਧਮਾਕਾ ਏਨਾ ਜਬਰਦਸਤ ਸੀ ਕਿ ਲਾਗੇ ਬੰਨੇ ਦੀਆਂ ਇਮਾਰਤਾਂ, ਹੋਟਲ ਅਤੇ ਹਾਈਕੋਰਟ ਦੀ ਬਿਲਡਿੰਗ ਦੇ ਸ਼ੀਸ਼ੇ ਟੁਟ ਗਏ ਅਤੇ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਦੁਰਘਟਨਾ ਨਾਲ ਬਹੁਤ ਤਬਾਹੀ ਹੋਈ ਹੈ ਅਤੇ ਅਜੇ ਵੀ ਮਲਬੇ ਵਿਚ ਕਾਫੀ ਲੋਕ ਦਬੇ ਹੋਏ ਹਨ। ਹੈਲੀਕਾਪਟਰ ਰਾਹੀਂ ਬਚਾਅ ਅਤੇ ਰਾਹਤ ਦੇ ਕੰਮ ਜਾਰੀ ਹਨ। ਇਸ ਘਟਨਾ ਤੋਂ ਬਾਅਦ ਖੇਤਰ ਵਿਚ ਐਮਰਜੈਂਸੀ ਲਗਾ ਦਿਤੀ ਗਈ ਹੈ। ਇਹ ਹਮਲਾ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਕਮਿਸ਼ਨਰ ਦਫਤਰ ਤੇ ਕੀਤਾ ਗਿਆ ਹੈਇਸ ਲਈ ਮਰਨ ਵਾਲਿਆਂ ਵਿਚ ਪੁਲਿਸ ਵਾਲੇ ਵੀ ਸ਼ਾਮਿਲ ਹਨ। ਇਸ ਇਲਾਕੇ ਵਿਚ ਬਲਾਸਟ ਬੜਾ ਸੋਚ ਸਮਝ ਕੇ ਕੀਤਾ ਗਿਆ ਹੈ ਕਿਉਂਕਿ ਇਹ ਏਰੀਆ ਬਹੁਤ ਭੀੜਭਾੜ ਵਾਲਾ ਹੈ। ਧਮਾਕੇ ਦੇ ਅਰੋਪ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।