ਮੁੰਬਈ –ਅੱਤਵਾਦੀ ਸੰਗਠਨ ਆਈਐਸਆਈਐਸ ਵਿੱਚ ਸ਼ਾਮਿਲ ਹੋ ਕੇ ਲੜਨ ਤੋਂ ਬਾਅਦ ਭਾਰਤ ਵਾਪਿਸ ਪਰਤੇ ਆਰਿਫ਼ ਮਜੀਦ ਨੇ ਪੁੱਛਗਿੱਛ ਦੌਰਾਨ ਜੋ ਖੁਲਾਸੇ ਕੀਤੇ ਹਨ, ਉਸ ਨਾਲ ਸੁਰੱਖਿਆ ਏਜੰਸੀ ਦੇ ਹੋਸ਼ ਉਡ ਗਏ ਹਨ।
ਆਰਿਫ਼ ਨੇ ਸੁਰੱਖਿਆ ਏਜੰਸੀਆਂ ਨੂੰ ਦੱਸਿਆ ਕਿ ਜਦੋਂ ਉਹ ਮਈ ਮਹੀਨੇ ਵਿੱਚ ਕਲਿਆਣ ਤੋਂ ਜਿਹਾਦ ਦੇ ਲਈ ਇਰਾਕ ਗਿਆ ਸੀ ਤਾਂ ਉਸ ਦੇ ਨਾਲ ਤਿੰਨ ਨਹੀਂ ਸਗੋਂ 43 ਲੋਕ ਜਾਣ ਵਾਲੇ ਸਨ। ਜਿਹਾਦ ਦੇ ਨਾਂ ਤੇ 43 ਲੋਕਾਂ ਨੂੰ ਆਈਐਸਆਈਐਸ ਨਾਲ ਜੁੜਨ ਲਈ ਤਿਆਰ ਕੀਤਾ ਗਿਆ ਸੀ ਪਰ ਉਸ ਦੇ ਨਾਲ ਸਿਰਫ਼ 3 ਲੋਕ ਹੀ ਗਏ ਸਨ। ਆਰਿਫ਼ ਦੇ ਇਸ ਖੁਲਾਸੇ ਨਾਲ ਸੁਰੱਖਿਆ ਅਧਿਕਾਰੀਆਂ ਦੀ ਚਿੰਤਾ ਹੀ ਨਹੀਂ ਵੱਧੀ ਸਗੋਂ ਇਹ ਪਤਾ ਲਗਾਉਣ ਦੀ ਵੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ। ਆਰਿਫ਼ ਸਬੰਧੀ ਇਹ ਵੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਉਸ ਦੇ ਭਾਰਤ ਵਾਪਿਸ ਪਰਤਣ ਦਾ ਕੋਈ ਖਾਸ ਮਕਸਦ ਤਾਂ ਨਹੀਂ ਹੈ।
ਵਰਨਣਯੋਗ ਹੈ ਕਿ ਆਰਿਫ ਨੂੰ ਸ਼ੁਕਰਵਾਰ ਨੂੰ ਮੁੰਬਈ ਏਅਰਪੋਰਟ ਤੇ ਪਹੁੰਚਣ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸ਼ਨਿਚਰਵਾਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਸੀ। ਕੋਰਟ ਨੇ ਉਸ ਨੂੰ ਹੋਰ ਪੁੱਛਗਿੱਛ ਲਈ 8 ਦਿਸੰਬਰ ਤੱਕ ਐਨਆਈਏ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।