ਨਵੀਂ ਦਿੱਲੀ :- ਦਿੱਲੀ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੂਰਣ ਬਹੁਮੱਤ ਨਾਲ ਬਣਾਉਣ ਦੇ ਮਕਸਦ ਨਾਲ ਲੋਕਾਂ ਨਾਲ ਜੁੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਵਿਧਾਨਸਭਾ ਹਲਕਿਆਂ ‘ਚ ਜਨਸਭਾਵਾਂ ਕਰਨ ਦੀ ਸ਼ੁਰੂ ਕੀਤੀ ਗਈ ਲੜੀ ‘ਚ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੇ ਹਲਕੇ ਰਾਜੌਰੀ ਗਾਰਡਨ ਵਿਖੇ ਦੂਜੇ ਦਿਨ ਵੀ ਹੋਈਆਂ ਜਨਸਭਾਵਾਂ ਨੂੰ ਭਾਜਪਾ ਦੇ ਸਾਂਸਦਾ ਨੇ ਸੰਬੋਧਨ ਕੀਤਾ। ਰਘੂਬੀਰ ਨਗਰ ਅਤੇ ਚੌਖੰਡੀ ਵਿਖੇ ਹੋਈਆਂ ਭਰਵੀਂ ਮੀਟਿੰਗਾਂ ‘ਚ ਗੋਆ ਤੋਂ ਲੋਕਸਭਾ ਮੈਂਬਰ ਨਰੇਂਦਰ ਕਸ਼ਯਪ ਸਿਵਾਕਰ ਤੇ ਬਿਹਾਰ ਦੇ ਮਹਾਰਾਜਗੰਜ ਤੋਂ ਲੋਕਸਭਾ ਮੈਂਬਰ ਜਨਾਰਦਨ ਸਿੰਘ ਨੇ ਲੋਕਾਂ ਨੂੰ ਦਿੱਲੀ ‘ਚ ਭਾਜਪਾ ਦੀ ਸਰਕਾਰ ਬਨਾਉਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੰਦੇ ਹੋਏ ਉਕਤ ਸਾਂਸਦਾ ਨੇ ਇਲਾਕੇ ਦੇ ਵਿਧਾਇਕ ਸਿਰਸਾ ਵੱਲੋਂ ਬੀਤੇ 10 ਮਹੀਨਿਆਂ ਦੇ ਛੋਟੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਸਿਰਸਾ ਨੂੰ ਇਕ ਵਾਰ ਮੁੜ ਤੋਂ ਵਿਧਾਇਕ ਬਨਾਉਣ ਦੀ ਅਪੀਲ ਕਰਦੇ ਹੋਏ ਉਕਤ ਸਾਂਸਦਾ ਨੇ ਦਿੱਲੀ ਦੇ ਚਹੁਮੁੱਖੀ ਵਿਕਾਸ ਅਤੇ ਲੋਕਭਲਾਈ ਵਾਸਤੇ ਕੇਂਦਰ ਅਤੇ ਸੂਬੇ ‘ਚ ਇਕ ਪਾਰਟੀ ਦੀ ਸਰਕਾਰ ਬਨਾਉਣ ਦੀ ਵੀ ਗਲ ਆਖੀ।
ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਹਰਤੀਰਥ ਸਿੰਘ, ਪੱਛਮ ਜ਼ਿਲੇ ਦੇ ਪ੍ਰਧਾਨ ਰਾਜਕੁਮਾਰ ਗ੍ਰੋਵਰ, ਮੰਡਲ ਪ੍ਰਧਾਨ ਮਦਨ ਲਾਲ ਕੋਛੜ, ਰਮੇਸ਼ ਚੋਲਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖਸ਼ ਸਿੰਘ ਮੌਂਟੂ ਸ਼ਾਹ ਅਕਾਲੀ ਆਗੂ ਮਨਜੀਤ ਸਿੰਘ ਔਲਖ ਤੇ ਸਤਪਾਲ ਸਿੰਘ ਚੰਨ ਸਣੇ ਭਾਜਪਾ ਤੇ ਅਕਾਲੀ ਵਰਕਰ ਵੱਡੀ ਗਿਣਤੀ ‘ਚ ਹਾਜਿਰ ਸਨ।