ਅੰਮ੍ਰਿਤਸਰ – ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਚੱਲਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਪ੍ਰਚਾਰਕਾਂ, ਢਾਡੀ ਅਤੇ ਕਵੀਸ਼ਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਬੁਲਾਉਣ ਉਪਰੰਤ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅੱਜ ਲੋੜ ਹੈ ਜੋ ਬੱਚੇ ਬੱਚੀਆਂ ਸਿੱਖੀ ਤੋਂ ਮੁੱਖ ਮੌੜ ਕੇ ਪਤਿਤ ਹੋ ਰਹੇ ਹਨ ਤੇ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਹਨ ਉਨ੍ਹਾਂ ਨੂੰ ਵਾਪਸ ਸਿੱਖੀ ਸਰੂਪ ਵਿੱਚ ਲਿਆਂਦਾ ਜਾਵੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਰ ਭਰ ਦੇ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ, ਇਸ ਦਾ ਮੁੱਖ ਕੰਮ ਸਿੱਖੀ ਦਾ ਪ੍ਰਚਾਰ, ਪ੍ਰਸਾਰ ਕਰਨਾ ਤੇ ਗੁਰੁ ਆਸ਼ੇ ਵਿੱਚ ਵਿਚਰਦਿਆਂ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਸੰਗਤਾਂ ਨੂੰ ਗੁਰੂ ਦੇ ਲੜ ਲਗਾਉਣ ਦੇ ਨਾਲ-ਨਾਲ ਸਮਾਜਿਕ ਬੁਰਾਈਆਂ, ਪਤਿਤਪੁਣੇ ਤੇ ਨਸ਼ਿਆਂ ਨੂੰ ਰੋਕਣ ਲਈ ਭਰਪੂਰ ਯਤਨ ਕਰਨਾ ਹੈ।ਉਨ੍ਹਾਂ ਕਿਹਾ ਕਿ ਜੂਨ ੧੯, ੨੦੧੫ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼ਤਾਬਦੀ ਪਹਿਲੀਆਂ ਸ਼ਤਾਬਦੀਆਂ ਨਾਲੋਂ ਵਿਲੱਖਣ ਹੋਵੇਗੀ। ਉਨ੍ਹਾਂ ਇਕੱਤਰਤਾ ਵਿੱਚ ਮੌਜੂਦ ਸਾਰੇ ਪ੍ਰਚਾਰਕਾਂ, ਢਾਡੀਆਂ ਅਤੇ ਕਵੀਸ਼ਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੇਹ ਪੰਜਾਬ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਅਤੇ ਹਰ ਉਸ ਘਰ ਵਿੱਚ ਜਾ ਕੇ ਪ੍ਰਚਾਰ ਕਰਨ ਜਿੱਥੇ ਸਾਡੇ ਸਿੱਖ ਬੱਚੇ ਬੱਚੀਆਂ, ਨੌਜਵਾਨ ਅਤੇ ਬਜ਼ੁਰਗ ਸਿੱਖੀ ਤੋਂ ਬੇਮੁੱਖ ਹੋ ਕੇ ਸ੍ਰੀ ਗੁਰੁ ਨਾਨਕ ਦੇਵ ਜੀ ਅਤੇ ਕਲਗੀਧਰ ਦਸ਼ਮੇਸ਼ ਪਿਤਾ ਵੱਲੋਂ ਦਰਸਾਏ ਮਾਰਗ ਤੋਂ ਭਟਕ ਕੇ ਆਪਣੇ ਜੀਵਨ ਨੂੰ ਆਵਾਗਵਣ ਗਵਾਈ ਜਾ ਰਹੇ ਹਨ ਤੇ ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਤੋਂ ਮੁੱਖ ਮੋੜ ਕੇ ਪਖੰਡੀ ਤੇ ਦੰਭੀ ਗੁਰੂਆਂ ਤੇ ਸ਼ਰਧਾ ਟਿਕਾਈ ਬੈਠੇ ਹਨ।
ਉਨ੍ਹਾਂ ਕਿਹਾ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦੇ ਉਪਰਾਲਿਆਂ ਸਦਕਾ ਪਿਛਲੇ ਸਾਲ ਤੋਂ ਹੀ ਲਗਾਤਾਰ ਨਗਰ ਕੀਰਤਨ, ਗੁਰਮਤਿ ਚੇਤਨਾ ਮਾਰਚ ਅਤੇ ਗੁਰਮਤਿ ਕੈਂਪਾਂ ਰਾਹੀਂ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਧਾਰਮਿਕ ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਸਿੱਖ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਪਤਿਤ ਪੁਣੇ ਨੂੰ ਠੱਲ੍ਹ ਪਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਹਰ ਗੁਰੁ ਕਾ ਸਿੱਖ ਪਹਿਲਾਂ ਆਪਣੇ ਘਰ ਤੋਂ ਸਿੱਖੀ ਦਾ ਪ੍ਰਚਾਰ ਸ਼ੁਰੂ ਕਰੇ ਤੇ ਬਾਅਦ ਵਿੱਚ ਦੂਸਰੇ ਸਿੱਖ ਘਰਾਣਿਆਂ ਵਿੱਚ ਗੁਰੁ ਸਾਹਿਬਾਨ ਵੱਲੋਂ ਦਿੱਤੇ ਸੰਦੇਸ਼ ਨੂੰ ਪਹੁੰਚਾਏ।
ਉਨ੍ਹਾਂ ਕਿਹਾ ਕਿ ਆਉਣ ਵਾਲੀ ਸ਼ਤਾਬਦੀ ਤੋਂ ਪਹਿਲਾਂ-ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਪੰਜ ਕਿਲ੍ਹਿਆਂ ਨੂੰ ਪੁਰਾਤਨ ਦਿੱਖ ਦਿੱਤੀ ਜਾਵੇਗੀ ਜੋ ਪੰਜ ਕਾਰ ਸੇਵਾ ਵਾਲੇ ਸੰਤ ਮਹਾਂਪੁਰਸ਼ਾਂ ਵੱਲੌਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਿਆਰ ਕੀਤੇ ਜਾ ਰਹੇ ਹਨ।ਇਸ ਦੇ ਇਲਾਵਾ ਠੰਢੇ ਬੁਰਜ ਨੂੰ ਵੀ ਇਸ ਤਰ੍ਹਾਂ ਦੀ ਦਿੱਖ ਦਿੱਤੀ ਜਾਵੇਗੀ ਜਿਸ ਨਾਲ ਉਹ ਠੰਢੇ ਬੁਰਜ ਜਿਹਾ ਹੀ ਜਾਪੇ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਏਥੇ ਦੋ ਸਰਾਵਾਂ ਇਕ ਭਾਈ ਬਚਿੱਤਰ ਸਿੰਘ ਅਤੇ ਦੂਸਰੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਯਾਤਰੂਆਂ ਦੀ ਸਹੂਲਤ ਲਈ ਚਲਾਈ ਜਾਵੇਗੀ।
ਜਥੇਦਾਰ ਅਵਤਾਰ ਸਿੰਘ ਨੇ ਇਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਜੋ ਪ੍ਰਚਾਰਕ ਪਤਿਤ ਸਿੱਖਾਂ ਨੂੰ ਪ੍ਰਚਾਰ ਕੇ ਸਿੱਖੀ ਸਰੂਪ ਵਿੱਚ ਲਿਆਉਣਗੇ ਉਨ੍ਹਾਂ ਵਿਚੋਂ ਪਹਿਲੇ ਤੇ ਦੂਸਰੇ ਦਰਜੇ ਵਿੱਚ ਆਉਣ ਵਾਲਿਆਂ ਨੂੰ ਸੋਨੇ ਅਤੇ ਚਾਂਦੀ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਸਿੱਖੀ ਸਰੂਪ ਵਿਚ ਲਿਆਉਣ ਵਾਲਿਆਂ ਨੂੰ ਨਗਦ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਦੀ ਸਿਫਾਰਸ਼ ਤੇ ਹਰ ਪ੍ਰਚਾਰਕ ਨੂੰ ਆਧੁਨਿਕ ਢੰਗ ਨਾਲ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਵੱਡੇ ਦਰਜੇ ਤੇ ਤੋਰਨ ਲਈ ਕੰਪਿਊਟਰ ਦੀ ਵਿਸ਼ੇਸ਼ ਜਾਣਕਾਰੀ ਦੇਣ ਤੇ ਇਕ-ਇਕ ਲੈਪਟਾਪ ਦੇਣ ਦਾ ਐਲਾਨ ਵੀ ਕੀਤਾ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਂਦੇ ਹੋਏ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਰੇਲਵੇ ਲਾਈਨ ਨੂੰ ਪੰਜਾਬ ਦੇ ਬਾਕੀ ਹਿੱਸਿਆਂ ਨਾਲ ਵੀ ਜੋੜਨਾ ਲਾਜ਼ਮੀ ਹੈ।ਉਨ੍ਹਾਂ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਨੂੰ ਟਰੈਕ ਬਣਾ ਕੇ ਇਕ ਨਵੀਂ ਰੇਲ ਗੱਡੀ ਚਲਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਆਉਣ ਵਾਲੀ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਨੂੰ ਇਸ ਸ਼ਹਿਰ ਨਾਲ ਜੁੜਦੀ ਰੇਲ ਲਾਈਨ ਦੇ ਨਾਲ ਨਾਲ ਸੜਕਾਂ ਨੂੰ ਵੀ ਸੁੰਦਰ ਬਣਾ ਕੇ ਆਉਣ ਜਾਣ ਦੇ ਰਾਹ ਨੂੰ ਸੁਖਾਲਾ ਕਰਨਾ ਚਾਹੀਦਾ ਹੈ ਤਾਂ ਜੋ ਏਥੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦੇਸ਼ ਵਿਦੇਸ਼ ਤੋਂ ਸਿੱਖਾਂ ਦੇ ਨਾਲ ਨਾਲ ਬਾਕੀ ਧਰਮਾਂ ਦੇ ਲੋਕ ਵੀ ਆਉਂਦੇ ਹਨ ਇਸ ਲਈ ਜੋ ਸ਼ਰਾਰਤੀ ਅਨਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦੂਸਰੇ ਧਾਰਮਿਕ ਪਵਿੱਤਰ ਗ੍ਰੰਥਾਂ ਦਾ ਅਪਮਾਨ ਕਰਦੇ ਹਨ ਉਨ੍ਹਾਂ ਤੇ ਧਾਰਾ ੨੯੫-ਏ ਦੇ ਨਾਲ ਨਾਲ ਕਤਲ ਦਾ ਕੇਸ ਵੀ ਪਾਇਆ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਸਖ਼ਸ਼ ਕਿਸੇ ਪਵਿੱਤਰ ਗ੍ਰੰਥ ਦਾ ਅਪਮਾਨ ਨਾ ਕਰ ਸਕੇ।
ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪਵਿੱਤਰ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਹਰ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਹੈ ਇਸ ਲਈ ਜੋ ਅਜੇ ਵੀ ਪਤਿਤਪੁਣੇ ਤੇ ਨਸ਼ਿਆਂ ਵਿੱਚ ਗਲਤਾਨ ਹੋਈ ਬੈਠੇ ਹਨ ਉਨ੍ਹਾਂ ਨੂੰ ਪਿਆਰ ਨਾਲ ਗਲਵਕੜੀ ‘ਚ ਲੈ ਕੇ ਸਿੱਖੀ ਸਰੂਪ ਵਿੱਚ ਲਿਆਉਣਾ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦਾ ਮੁੱਢਲਾ ਫਰਜ਼ ਬਣ ਜਾਂਦਾ ਹੈ।ਇਸ ਇਕੱਤਰਤਾ ਨੂੰ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਤੇ ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਅਤੇ ਵੱਖ-ਵੱਖ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ।ਇਨ੍ਹਾਂ ਦੋਵਾਂ ਸਖ਼ਸ਼ੀਅਤਾਂ ਨੇ ਇਕੱਤਰਤਾ ਵਿੱਚ ਸ਼ਾਮਲ ਪ੍ਰਚਾਰਕਾਂ, ਢਾਡੀਆਂ, ਕਵੀਸ਼ਰਾਂ ਤੇ ਨਾਮਵਰ ਹਸਤੀਆਂ ਦਾ ਧੰਨਵਾਦ ਕੀਤਾ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਵੀ ਤੇਜ਼ ਕਰਨ ਤੇ ਜ਼ੋਰ ਦਿੱਤਾ। ਸਟੇਜ ਸਕੱਤਰ ਦੀ ਸੇਵਾ ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ ਨੇ ਨਿਭਾਈ। ਧਰਮ ਪ੍ਰਚਾਰ ਕਮੇਟੀ ਵੱਲੋਂ ਫਰੀ ਧਾਰਮਿਕ ਪੁਸਤਕਾਂ ਦੇ ਸੈਟ ਵੀ ਵੰਡੇ ਗਏ।
ਇਕੱਤਰਤਾ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਨੇ ਅਰਦਾਸ ਕਰਕੇ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਤੇ ਅਧਾਰਿਤ ਗੁਰਮਿਤ ਚੇਤਨਾ ਮਾਰਚ ਨੂੰ ਰਵਾਨਾ ਕੀਤਾ। ਇਸ ਗੁਰਮਤਿ ਚੇਤਨਾ ਮਾਰਚ ਦੀ ਰਵਾਨਗੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਸੁਖਦੇਵ ਸਿੰਘ ਜੀ ਭੌਰ ਜਨਰਲ ਸਕੱਤਰ, ਸ. ਦਿਲਜੀਤ ਸਿੰਘ ਤੇ ਸ. ਅਮਰਜੀਤ ਸਿੰਘ ਚਾਵਲਾ ਮੈਂਬਰ ਅਤੇ ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕੀਤੀ। ਚੇਤਨਾ ਮਾਰਚ ਵਿੱਚ ਸ਼ਾਮਲ ਸੰਗਤਾਂ ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਆਦਿ ਨਾਹਰੇ ਬੁਲੰਦ ਕੀਤੇ ਜਾ ਰਹੇ ਸਨ। ਇਸ ਇਕੱਤਰਤਾ ਤੇ ਚੇਤਨਾ ਮਾਰਚ ਵਿੱਚ ਸ. ਪਰਮਜੀਤ ਸਿੰਘ ਸਰੋਆ, ਸ. ਰਣਜੀਤ ਸਿੰਘ ਐਡੀ: ਸਕੱਤਰ, ਸ. ਜਗੀਰ ਸਿੰਘ ਮੀਤ ਸਕੱਤਰ, ਸ. ਸੁਖਵਿੰਦਰ ਸਿੰਘ ਮੈਨੇਜਰ, ਸ.ਰਣਵੀਰ ਸਿੰਘ ਐਡੀ: ਮੈਨੇਹਰ, ਸ. ਲਖਵਿੰਦਰ ਸਿੰਘ ਮੀਤ ਮੈਨੇਜਰ, ਐਡਵੋਕੇਟ ਹਰਦੇਵ ਸਿੰਘ, ਸ. ਇੰਦਰ ਮੋਹਣ ਸਿੰਘ ‘ਅਨਜਾਣ’, ਸ. ਜਤਿੰਦਰ ਸਿੰਘ ਲਾਲੀ, ਸ. ਬਿਕਰਮ ਸਿੰਘ, ਸ. ਬਹਾਲ ਸਿੰਘ, ਸ.ਮੇਜਰ ਸਿੰਘ, ਸ. ਬਿਕਰਮਜੀਤ ਸਿੰਘ, ਸ. ਹਰਜੀਤ ਸਿੰਘ, ਸ. ਹਰਜਿੰਦਰ ਸਿੰਘ, ਸ. ਛੋਟਾ ਸਿੰਘ ਨੇ ਵੀ ਯੋਗਦਾਨ ਪਾਇਆ।