ਫ਼ਤਹਿਗੜ੍ਹ ਸਾਹਿਬ – “ਜੋ ਆਗੂ ਕਾਂਗਰਸ, ਬੀਜੇਪੀ ਅਤੇ ਰਵਾਇਤੀ ਅਕਾਲੀ ਆਗੂਆਂ ਦੀ ਤਰ੍ਹਾਂ ਆਪੋ-ਆਪਣੀ ਕੌਮ ਨੂੰ ਪਿੱਠ ਦੇ ਕੇ ਹਿੰਦੂਤਵ ਹੁਕਮਰਾਨਾਂ ਦਾ ਸਾਥ ਦੇ ਰਹੇ ਹਨ, ਉਹ ਹੀ ਅਸਲ ਵਿਚ ਮੁਸਲਿਮ ਕੌਮ ਅਤੇ ਕਸ਼ਮੀਰੀਆਂ ਦੇ ਦੁਸ਼ਮਣ ਹਨ । ਜਿਨ੍ਹਾਂ ਨੂੰ ਅੱਜ ਕਸ਼ਮੀਰ ਨਿਵਾਸੀਆਂ ਵੱਲੋ ਅੱਛੀ ਤਰ੍ਹਾਂ ਪਹਿਚਾਨਣ ਅਤੇ ਪਛਾੜਣ ਦੀ ਸਖ਼ਤ ਲੋੜ ਹੈ । ਤਾਂ ਕਿ ਸਿੱਖ ਕੌਮ ਦੇ ਸਾਜ਼ਸੀ ਢੰਗ ਨਾਲ ਕੀਤੇ ਗਏ ਕਤਲੇਆਮ ਦੀ ਤਰ੍ਹਾਂ ਕਸ਼ਮੀਰ ਵਿਚ ਵੀ ਫਿਰ ਤੋ ਮੁਸਲਿਮ ਕੌਮ ਦਾ ਕਤਲੇਆਮ ਕਰਵਾਉਣ ਦੇ ਭੈੜੇ ਮਕਸਦ ਵਿਚ ਕਾਮਯਾਬ ਨਾ ਹੋ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸ਼ਮੀਰ ਦੀ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਨੂੰ ਸੁਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਕਸ਼ਮੀਰੀ ਮਾਤਾਵਾਂ ਅਤੇ ਭੈਣਾਂ ਅਤੇ ਬੱਚਿਆਂ ਅਤੇ ਭਰਾਵਾਂ ਦੇ ਸ਼ਹੀਦ ਹੋਣ ਉਪਰੰਤ ਸਰਕਾਰ ਵੱਲੋ ਇਹਨਾਂ ਪੀੜ੍ਹਤ ਪਰਿਵਾਰਾਂ ਨੂੰ ਭੇਜੀ ਜਾਣ ਵਾਲੀ 10-10 ਲੱਖ ਦੀ ਗ੍ਰਾਂਟ ਲੈਣ ਤੋ ਇਨਕਾਰ ਕਰ ਰਹੀਆਂ ਹਨ, ਤਾਂ ਜੰਮੂ-ਕਸ਼ਮੀਰ ਅਤੇ ਭਾਰਤ ਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਸ਼ਮੀਰੀ ਮਾਵਾਂ ਨੂੰ ਉਹਨਾਂ ਦੇ ਲੱਖਾਂ ਰੁਪਿਆ ਦੇ ਮਦਦ ਦੀ ਲੋੜ ਨਹੀਂ, ਬਲਕਿ ਉਹਨਾਂ ਦੇ ਨੌਜ਼ਵਾਨਾਂ ਪੁੱਤਰਾਂ ਅਤੇ ਭਰਾਵਾਂ ਨੂੰ ਕਤਲ ਕਰਨ ਵਾਲੇ ਫ਼ੌਜੀ ਦੋਸ਼ੀ ਅਫ਼ਸਰਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇ ਕੇ ਹੀ ਉਹਨਾਂ ਦੇ ਮਨ, ਆਤਮਾਂ ਨੂੰ ਕੁਝ ਠੰਡ ਪਾਈ ਜਾ ਸਕਦੀ ਹੈ । ਸ. ਮਾਨ ਨੇ ਫ਼ੌਜ ਅਤੇ ਪੈਰਾ ਮਿਲਟਰੀ ਫੋਰਸਾਂ ਵੱਲੋ ਬੀਤੇ ਕੁਝ ਸਮੇਂ ਵਿਚ 10 ਹਜ਼ਾਰ ਦੇ ਕਰੀਬ ਮਾਰੇ ਗਏ ਕਸ਼ਮੀਰ ਮੁਸਲਿਮ ਨੌਜ਼ਵਾਨਾਂ ਦੇ ਹੋਏ ਕਤਲੇਆਮ ਦੀ ਛਾਣਬੀਨ ਕਿਸੇ ਕੌਮਾਂਤਰੀ ਏਜੰਸੀ ਤੋ ਕਰਵਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਕਸ਼ਮੀਰੀਆਂ ਜਾਂ ਸਿੱਖਾਂ ਨੂੰ ਹੁਣ ਭਾਰਤ ਦੀਆਂ ਬੋਗਸ ਹਿੰਦੂਤਵ ਪੱਖੀ ਏਜੰਸੀਆ, ਅਦਾਲਤਾਂ ਅਤੇ ਕਾਨੂੰਨ ਤੇ ਬਿਲਕੁਲ ਵਿਸ਼ਵਾਸ ਨਹੀਂ ਰਿਹਾ । ਇਸ ਲਈ ਕੌਮਾਂਤਰੀ ਪੱਧਰ ਦੀ ਕਾਰਵਾਈ ਹੀ ਕਸ਼ਮੀਰੀਆਂ ਅਤੇ ਸਿੱਖਾਂ ਨੂੰ ਇਨਸਾਫ਼ ਦੇ ਸਕਦੀ ਹੈ । ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਮੁਤੱਸਵੀ ਹੁਕਮਰਾਨਾਂ, ਰਵਾਇਤੀ ਬਾਦਲ ਦਲੀਆਂ ਅਤੇ ਕਾਂਗਰਸ ਜਮਾਤ ਦੇ ਡਰ-ਭੈ ਵਿਚ ਰਹਿਕੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਲਈ ਕਦੀ ਨਹੀਂ ਬੁਲਾਇਆ । ਜਦੋਕਿ ਜੰਮੂ-ਕਸ਼ਮੀਰ ਬਾਰ ਐਸੋਸੀਏਸ਼ਨ ਨੇ ਸਾਨੂੰ ਸਤਿਕਾਰ ਸਾਹਿਤ ਬੁਲਾਕੇ ਮੁਸਲਿਮ ਕੌਮ ਉਤੇ ਹੋ ਰਹੇ ਜ਼ਬਰ-ਜੁਲਮ ਦੀ ਹੀ ਕੇਵਲ ਜਾਣਕਾਰੀ ਹੀ ਨਹੀਂ ਦਿੱਤੀ ਬਲਕਿ ਕਸ਼ਮੀਰ ਵਿਚ ਕਸ਼ਮੀਰੀਆਂ ਦੀ ਅਤੇ ਪੰਜਾਬ ਵਿਚ ਪੰਜਾਬੀਆਂ ਤੇ ਸਿੱਖਾਂ ਦੀ ਆਜ਼ਾਦੀ ਦੀ ਸਾਂਝੀ ਗੱਲ ਕਰਕੇ ਸੈਟਰ ਹਕੂਮਤ ਅਤੇ ਜੰਮੂ-ਕਸ਼ਮੀਰ ਹਕੂਮਤ ਨੂੰ ਇਨਸਾਨੀਅਤ ਅਤੇ ਕੌਮ ਪੱਖੀ ਸੰਦੇਸ਼ ਦੇਣ ਦੀ ਵੱਡੀ ਜਿ਼ੰਮੇਵਾਰੀ ਨਿਭਾਈ ਹੈ । ਜਿਸ ਲਈ ਅਸੀਂ ਜੰਮੂ-ਕਸ਼ਮੀਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕਿਉਮ ਅਤੇ ਉਸਦੇ ਸਮੁੱਚੇ ਮੈਂਬਰਾਂ ਦੇ ਧੰਨਵਾਦੀ ਹਾਂ । ਜਿਨ੍ਹਾਂ ਨੇ ਬਿਨ੍ਹਾਂ ਕਿਸੇ ਭੈ-ਖੌਫ ਤੋ ਸਾਡੇ ਨਾਲ ਖੁੱਲ੍ਹਕੇ ਵਿਚਾਰਾਂ ਸਾਂਝੀਆਂ ਕੀਤੀਆਂ ਹਨ । ਉਹਨਾ ਮੰਗ ਕੀਤੀ ਕਿ ਜਿਹੜੇ 10 ਹਜ਼ਾਰ ਕਸ਼ਮੀਰੀ ਨੌਜ਼ਵਾਨਾਂ ਨੂੰ ਮੌਤ ਦੀ ਘਾਟ ਉਤਾਰਿਆ ਗਿਆ ਹੈ, ਉਹਨਾਂ ਦੇ ਕਾਤਲਾਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਤੁਰੰਤ ਸਜ਼ਾ ਦਿੱਤੀ ਜਾਵੇ ।
ਜੋ ਅੱਜ ਕਸ਼ਮੀਰ ਦੀ ਗਲੀ-ਗਲੀ ਵਿਚ ਸੋਰ ਹੈ ਕਿ “ਮੋਦੀ ਦੇ ਜੋ ਯਾਰ, ਉਹ ਕੌਮ ਦੇ ਗ਼ਦਾਰ……ਕੌਮ ਦੇ ਗ਼ਦਾਰ” ਦੇ ਨਾਅਰੇ ਲੱਗਣ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਕਸ਼ਮੀਰ ਨਿਵਾਸੀ ਹੁਣ ਸਰਕਾਰ ਦੇ ਝੂਠੇ ਲਾਰਿਆ ਵਿਚ ਨਹੀਂ ਆਉਣਗੇ ਅਤੇ ਉਹ ਆਜ਼ਾਦੀ ਪ੍ਰਾਪਤ ਕਰਕੇ ਰਹਿਣਗੇ । ਉਹਨਾਂ ਕਿਹਾ ਕਿ ਕਸ਼ਮੀਰ ਵਿਚ ਉਤਪੰਨ ਹੋ ਚੁੱਕੇ “ਜੰਗਲ ਦੇ ਰਾਜ” ਨੇ ਪ੍ਰਿੰਸੀਪਲਜ਼ ਆਫ਼ ਨੈਚੂਰਲ ਜਸਟਿਸ ਦਾ ਮੁਕੰਮਲ ਖਾਤਮਾ ਕਰ ਦਿੱਤਾ ਹੈ ਅਤੇ ਉਥੇ ਫ਼ੌਜ ਅਤੇ ਮੁਤੱਸਵੀਆਂ ਦੀ ਤਾਨਾਸਾਹੀ ਗੈਰ ਜਮਹੂਰੀਅਤ ਅਮਲ ਹੋ ਰਹੇ ਹਨ । ਇਹ ਹੋਰ ਵੀ ਦੁੱਖ ਅਤੇ ਅਫਸੋਸ ਹੈ ਕਿ ਅਮਰੀਕਾ ਵਰਗੇ ਜਮਹੂਰੀਅਤ ਪਸੰਦ ਮੁਲਕ ਵੀ ਉਥੇ ਹੋ ਰਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਨੂੰ ਅੱਖਾਂ ਬੰਦ ਕਰਕੇ ਵੇਖਣ ਵਿਚ ਮਸਰੂਫ ਹਨ । ਜਦੋਕਿ ਅਮਰੀਕਾ ਅਤੇ ਹੋਰ ਮੁਲਕ ਜਮਹੂਰੀਅਤ ਦੀ ਅਤੇ ਮਨੁੱਖਤਾ ਦੀ ਗੱਲ ਜੋਰ-ਸੋਰ ਨਾਲ ਕਰਦੇ ਹਨ।
ਉਹਨਾਂ ਸ. ਗੁਰਬਖ਼ਸ ਸਿੰਘ ਖ਼ਾਲਸਾ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਸੰਬੰਧੀ ਕਿਹਾ ਕਿ ਉਹਨਾਂ ਨੇ ਪਹਿਲੇ ਵੀ ਇਹਨਾਂ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਸੁਰੂ ਕੀਤਾ ਸੀ । ਲੇਕਿਨ ਹੁਕਮਰਾਨਾਂ ਅਤੇ ਜਥੇਦਾਰ ਸਾਹਿਬਾਨ ਵੱਲੋ ਕੀਤੇ ਗਏ ਬਚਨਾਂ ਦੀ ਬਦੌਲਤ ਇਹ ਮਨਸੂਖ ਕਰ ਦਿੱਤਾ ਸੀ । ਜਦੋ ਜਥੇਦਾਰ ਸਾਹਿਬਾਨ ਆਪਣੇ ਕੀਤੇ ਗਏ ਵਾਅਦਿਆ ਤੋ ਮੁੰਨਕਰ ਹੋ ਗਏ, ਤਾਂ ਸ. ਗੁਰਬਖ਼ਸ ਸਿੰਘ ਖ਼ਾਲਸਾ ਨੂੰ ਮਜ਼ਬੂਰਨ ਇਹ ਸੰਘਰਸ਼ ਫਿਰ ਤੋ ਸੁਰੂ ਕਰਨਾ ਪਿਆ । ਜੇਕਰ ਭਾਰਤ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੇ ਸ. ਗੁਰਬਖ਼ਸ ਸਿੰਘ ਦੇ ਕੌਮੀ ਸੰਘਰਸ਼ ਨੂੰ ਸੰਜ਼ੀਦਾ ਤੌਰ ਤੇ ਨਾ ਲਿਆ ਤਾਂ ਹਾਲਾਤ ਕਿਸੇ ਸਮੇਂ ਵੀ ਕਾਬੂ ਤੋ ਬਾਹਰ ਹੋ ਸਕਦੇ ਹਨ । ਜਿਸ ਦੇ ਲਈ ਦੋਵੇ ਹਕੂਮਤਾ ਜਿੰਮੇਵਾਰ ਹੋਣਗੀਆ । ਸ. ਮਾਨ ਨੇ ਕਿਹਾ ਕਿ ਕਸ਼ਮੀਰ ਵਿਚ ਛੇਵੀ ਪਾਤਸਾਹੀ ਦਾ ਇਕ ਵੱਡਾ ਇਤਿਹਾਸਿਕ ਗੁਰਦੁਆਰਾ ਹੈ, ਜਿਸ ਦੀ ਇਮਾਰਤੀ ਹਾਲਾਤ ਅਤਿ ਖ਼ਸਤਾ ਹੈ ਅਤੇ ਉਥੇ ਮਹਾਰਾਜਾ ਰਣਜੀਤ ਸਿੰਘ ਦਾ ਇਕ ਕਿਲਾ ਵੀ ਹੈ, ਜਿਸਦੀ ਹਾਲਤ ਵੀ ਖ਼ਸਤਾ ਹੈ । ਸ. ਮਾਨ ਨੇ ਪੰਜਾਬ ਵਿਚ ਵਿਚਰ ਰਹੇ ਸੰਤ ਮਹਾਪੁਰਖਾ, ਡੇਰੇਦਾਰਾਂ ਦੇ ਮੁੱਖੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਉਪਰੋਕਤ ਗੁਰਦੁਆਰੇ ਵਿਖੇ ਸਥਿਤ ਗੁੰਬਦ ਉਤੇ ਸੋਨੇ ਦੇ ਪੱਤਰੇ ਚੜ੍ਹਾਉਣ ਦੀ ਸੇਵਾ ਕਰ ਸਕਣ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੀ ਇਤਿਹਾਸਿਕ ਇਮਾਰਤ ਨੂੰ ਸਾਭਣ ਦੀ ਜਿ਼ੰਮੇਵਾਰੀ ਨਿਭਾ ਸਕਣ ਤਾਂ ਇਹ ਕਸ਼ਮੀਰ ਦੇ ਸਿੱਖਾਂ ਲਈ ਇਹ ਸਥਾਂਨ ਚਾਨਣ ਮੁਨਾਰਾ ਬਣ ਸਕਦੇ ਹਨ ਅਤੇ ਇਹਨਾਂ ਮਹੱਤਵਪੂਰਨ ਸਥਾਨਾਂ ਤੋ ਸਿੱਖ ਕੌਮ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਕਸ਼ਮੀਰੀ ਸਿੱਖਾਂ ਦੇ ਹੱਕਾਂ ਦੀ ਰਖਵਾਲੀ ਕਰਨ ਦੇ ਸਮਰੱਥ ਹੋ ਸਕਦੇ ਹਨ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਸੀ ਪੰਜਾਬ ਤੋ 12 ਟਰੱਕਾਂ ਰਾਹੀ 96 ਟਨ ਸਮੱਗਰੀ ਕਸ਼ਮੀਰ ਵਿਖੇ ਪੀੜ੍ਹਤਾ ਲਈ ਲਿਆਦੀ ਹੈ, ਜਿਨ੍ਹਾਂ ਵਿਚੋ 1 ਟਰੱਕ ਕਸ਼ਮੀਰੀ ਨਜ਼ਰ ਬੰਦ ਆਗੂ ਸ੍ਰੀ ਗਿਲਾਨੀ ਨੂੰ, ਇਕ ਸਬੀਰ ਖਾਨ ਨੂੰ ਅਤੇ ਇਕ ਮੀਰ ਵਾਇਜ਼ ਨੂੰ ਸੋਪਿਆ ਹੈ ਤਾਂ ਕਿ ਉਹ ਪੀੜ੍ਹਤ ਕਸ਼ਮੀਰੀ ਪਰਿਵਾਰਾਂ ਦੀ ਮਦਦ ਕਰ ਸਕਣ । ਇਸ ਤੋ ਇਲਾਵਾ ਕਸ਼ਮੀਰੀ ਸਿੱਖਾਂ ਦੀ ਇਕ 11 ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜੋ ਪੰਜਾਬ ਵਿਚੋ ਗਈ ਸਮੱਗਰੀ ਨੂੰ ਉਥੋ ਦੇ ਲੋੜਵੰਦ ਪੀੜ੍ਹਤ ਪਰਿਵਾਰਾਂ ਵਿਚ ਵੰਡਣ ਦੀ ਜਿ਼ੰਮੇਵਾਰੀ ਨਿਭਾਵੇਗੀ । ਉਹਨਾਂ ਆਪਣੇ ਦੌਰੇ ਦੇ ਤੁਜ਼ਰਬਿਆ ਨੂੰ ਸਾਂਝੇ ਕਰਦੇ ਹੋਏ ਕਿਹਾ ਕਿ ਕਸ਼ਮੀਰ ਵਿਚ ਫ਼ੌਜ ਦੇ ਸਾਏ ਹੇਠ ਚੋਣਾਂ ਕਰਵਾਈਆ ਜਾ ਰਹੀਆਂ ਹਨ । ਸਭ ਵਿਰੋਧੀ ਆਗੂਆਂ ਨੂੰ ਗੈਰ ਕਾਨੂੰਨੀ ਤਰੀਕੇ ਉਹਨਾਂ ਦੇ ਘਰਾਂ ਵਿਚ ਜਾਂ ਜੇਲ੍ਹਾਂ ਵਿਚ ਡੀਟੇਨ ਕਰਕੇ ਰੱਖਿਆ ਹੋਇਆ ਹੈ । ਜੋ ਕਿ ਹਿੰਦ ਦੇ ਵਿਧਾਨਕ ਅਤੇ ਮੌਲਿਕ ਹੱਕਾਂ ਨੂੰ ਕੁਚਲਣ ਵਾਲੀ ਕਾਰਵਾਈ ਹੈ । ਅਜਿਹੀਆ ਹੋ ਰਹੀਆਂ ਚੋਣਾਂ ਨੂੰ ਨਿਰਪੱਖ ਚੋਣਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ ।