ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿ ਗੋਬਿੰਦ ਐਨਕਲੇਵ ਵੱਲੋਂ “ਅਰੋਗ ਦੇਹ ਹੀ ਮਨੁੱਖ ਦਾ ਸੱਚਾ ਸਰਮਾਇਆ” ਵਿਸ਼ੇ ਨੂੰ ਧਿਆਨ ‘ਚ ਰੱਖ ਕੇ 2 ਦਿਨੀ ਖੇਡ ਦਿਹਾੜਾ ਮਨਾਇਆ ਗਿਆ। ਜਿਸ ਵਿਚ ਨਰਸਰੀ ਤੋਂ ਲੈ ਕੇ 12 ਜਮਾਤ ਤੱਕ ਦੇ ਵਿਦਿਆਰਥੀਆਂ ਨੇ ਖੇਡਾਂ, ਗੁਰਬਾਣੀ ਗਾਇਨ, ਭੰਗੜਾ, ਗਿੱਦਾ, ਗਤਕਾ ਅਤੇ ਜਾਪਾਨੀ ਫੈਨ ਡ੍ਰੀਲ ਦੀ ਪੇਸ਼ਕਾਰੀ ਕਰਦੇ ਹੋਏ ਸਕੂਲ ਪ੍ਰਬੰਧਕਾਂ ਵੱਲੋਂ ਅਉਂਦੀ 22ਵੀਂ ਸਦੀ ਵੱਲ ਕਦਮ ਰੱਖਣ ਲਈ ਅਰੋਗ ਦੇਹ ਦੇ ਉਦੇਸ਼ ਦੇ ਟੀਚੇ ਨੂੰ ਅੱਗੇ ਰੱਖਣ ਨੂੰ ਸਾਕਾਰ ਕੀਤਾ। ਨਰਸਰੀ ਅਤੇ ਸੀਨੀਅਰ ਵਰਗ ਦੇ ਬੱਚਿਆਂ ਵੱਲੋਂ ਅਥਲੈਟਿਕਸ ‘ਚ ਹਿੱਸਾ ਲੈ ਕੇ ਕਈ ਖੇਡਾਂ ਦੇ ਮੁਕਾਬਲਿਆਂ ‘ਚ ਆਪਣੀ ਕਾਬਲੀਅਤ ਨੂੰ ਦਿਖਾਇਆ ਗਿਆ। ਸਕੂਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਅਤੇ ਮੈਨੇਜਰ ਮਨਮੋਹਨ ਸਿੰਘ ਨੇ ਸਕੂਲਾਂ ‘ਚ ਖੇਡਾਂ ਨੂੰ ਉਤਸਾਹਿਤ ਕਰਨ ਵਾਸਤੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਮਾਨਸਿਕ ਵਿਕਾਸ ਦੇ ਨਾਲ ਸ਼ਰੀਰਕ ਵਿਕਾਸ ਵੱਲ ਵੀ ਧਿਆਨ ਦੇਣ ਦਾ ਸੱਦਾ ਦਿੱਤਾ। ਸਕੂਲ ‘ਚ ਪੜਦੇ ਹਰ ਵਿਦਿਆਰਥੀ ਦਾ ਬਹੁਪੱਖੀ ਵਿਕਾਸ ਕਰਨ ਲਈ ਸਕੂਲ ਪਰਿਸਰ ‘ਚ ਉਨ੍ਹਾਂ ਨੇ ਉਸਾਰੂ ਅਤੇ ਤਸੱਲੀਬਖਸ਼ ਮਾਹੌਲ ਸਿਰਜਨ ਦਾ ਵੀ ਦਾਅਵਾ ਕੀਤਾ।
ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਇਸ ਮੌਕੇ ਮੁੱਖ ਮਹਿਮਾਨ ਵੱਜੋ ਹਾਜ਼ਰੀ ਭਰਦੇ ਹੋਏ ਰੰਗੀਨ ਗੁਬਾਰੇ ਅਸਮਾਨ ਵੱਲ ਛੱਡ ਕੇ ਖੇਡ ਦਿਹਾੜੇ ਦੀ ਆਰੰਭਤਾ ਕੀਤੀ। ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਸ਼ਰੀਰਕ ਵਿਕਾਸ ਵੱਲ ਦਿੱਤੇ ਜਾ ਰਹੇ ਧਿਆਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਦਿੱਲੀ ਕਮੇਟੀ ਰਵਿੰਦਰ ਸਿੰਘ ਲਵਲੀ, ਦਰਸ਼ਨ ਸਿੰਘ, ਗੁਰਮੀਤ ਸਿੰਘ ਮੀਤਾ, ਅਕਾਲੀ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਜਸਮੀਤ ਕੌਰ ਵੱਲੋਂ ਬੱਚਿਆ ਦੀ ਹੌਸਲਾ ਅਫਜ਼ਾਈ ਕੀਤੀ ਗਈ।