ਨਿਊਯਾਰਕ – ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਨੇ ਕਿਹਾ ਹੈ ਕਿ ਜੇ ਭਾਰਤ-ਪਾਕਿਸਤਾਨ ਚਾਹੁਣ ਤਾਂ ੳਹ ਕਸ਼ਮੀਰ ਮਸਲਾ ਹਲ ਕਰਨ ਲਈ ਸਹਿਯੋਗ ਦੇ ਸਕਦੇ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਫਿਰ ਤੋਂ ਗੱਲਬਾਤ ਬਹਾਲ ਕਰਨ ਲਈ ਕਿਹਾ ਤਾਂ ਜੋ ਇਸ ਖੇਤਰ ਵਿੱਚ ਸੁਰੱਖਿਆ ਸਬੰਧੀ ਹਿੱਤਾਂ ਨੂੰ ਪੂਰਾ ਕੀਤਾ ਜਾ ਸਕੇ।
ਮੁੱਖ ਸਕੱਤਰ ਮੂਨ ਨੇ ਜਮੂੰ-ਕਸ਼ਮੀਰ ਵਿੱਚ ਸ਼ਾਂਤੀ ਸਥਾਪਤਿ ਕਰਨ ਲਈ ਗੱਲਬਾਤ ਦੀ ਲੋੜ ਤੇ ਜੋਰ ਦਿੰਦੇ ਹੋਏ ਕਿਹਾ ਕਿ ਮੈਂ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵਾਰਤਾ ਬਹਾਲ ਕਰਨ ਲਈ ਅਤੇ ਭਰੋਸਾ-ਬਹਾਲੀ ਦੇ ਯਤਨਾਂ ਲਈ ਪਰੇਰਨਾ ਦਿੰਦਾ ਹਾਂ, ਜਿਸ ਨਾਲ ਕਸ਼ਮੀਰ ਸਬੰਧੀ ਕੋਈ ਸਮਝੌਤਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਕਸ਼ਮੀਰੀਆਂ ਦਾ ਸਾਥ ਲੈਣ ਅਤੇ ਉਨ੍ਹਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਵੀ ਜਰੂਰਤ ਹੈ।
ਯੁੱਧ-ਵਿਰਾਮ ਉਲੰਘਣ ਤੇ ਦੋਵਾਂ ਦੇਸ਼ਾਂ ਵਿੱਚ ਚੱਲ ਰਹੇ ਤਣਾਅ ਤੇ ਮੂਨ ਨੇ ਕਿਹਾ ਕਿ ਉਹ ਇਸ ਬਾਰੇ ਭਾਰਤ-ਪਾਕਿ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਅਨੁਸਾਰ ਐਲਓਸੀ ਅਤੇ ਅੰਤਰਰਾਸ਼ਟਰੀ ਸੀਮਾ ਤੇ ਗੋਲੀ ਬਾਰੀ ਨਾਲ ਉਥੇ ਸਥਿਤ ਦੋਵਾਂ ਦੇਸ਼ਾਂ ਦੇ ਆਮ ਨਾਗਰਿਕਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ।