ਸਿਡਨੀ- ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਹੱਥਿਆਰਬੰਦ ਅੱਤਵਾਦੀਆਂ ਨੇ ਇੱਕ ਕੈਫੈ ਵਿੱਚ ਕੁਝ ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ। ਬੰਧਕਾਂ ਦੀ ਸੰਖਿਆ 50 ਤੱਕ ਹੋ ਸਕਦੀ ਹੈ ਜਦੋਂ ਕਿ 5 ਬੰਦੀ ਉਥੋਂ ਸੁਰੱਖਿਅਤ ਨਿਕਲਣ ਵਿੱਚ ਸਫਲ ਹੋ ਗਏ ਹਨ ਜਿਨ੍ਹਾਂ ਵਿੱਚ ਤਿੰਨ ਆਦਮੀ ਅਤੇ ਦੋ ਔਰਤਾਂ ਹਨ। ਸੁਰੱਖਿਆ ਫੋਰਸਾਂ ਨੇ ਪੂਰੇ ਖੇਤਰ ਨੂੰ ਘੇਰਿਆ ਹੋਇਆ ਹੈ ਅਤੇ ਅੱਤਵਾਦੀਆਂ ਨਾਲ ਗੱਲਬਾਤ ਜਾਰੀ ਹੈ।
ਆਸਟ੍ਰੇਲੀਅਨ ਕੈਬਨਿਟ ਦੀ ਸੁਰੱਖਿਆ ਸਮਿਤੀ ਅਨੁਸਾਰ ਕੈਫੇ ਅੰਦਰ ਦੋ ਵਿਅਕਤੀ ਹੋ ਸਕਦੇ ਹਨ। ਰਾਸ਼ਟਰੀ ਸੁਰੱਖਿਆ ਸਮਿਤੀ ਪੂਰੇ ਮਾਮਲੇ ਤੇ ਨਜ਼ਰ ਰੱਖ ਰਹੀ ਹੈ। ਕੈਫੇ ਦੇ ਆਸਪਾਸ ਦੇ ਰਸਤਿਆਂ ਅਤੇ ਮਾਰਟਿਨ ਪਲੇਸ ਟਰੇਨ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਹੱਥਿਆਰਬੰਦ ਅੱਤਵਾਦੀਆਂ ਨੇ ਦੋ ਮੰਗਾਂ ਰੱਖੀਆਂ ਹਨ। ਪਹਿਲੀ ਸ਼ਰਤ ਆਈਐਸਆਈਐਸ ਦਾ ਝੰਡਾ ਅਤੇ ਦੂਸਰੀ ਆਸਟ੍ਰੇਲੀਅਨ ਪ੍ਰਧਾਨਮੰਤਰੀ ਨਾਲ ਫੋਨ ਤੇ ਗੱਲਬਾਤ। ਉਸ ਨੇ ਕੈਫੇ ਅੰਦਰ ਚਾਰ ਬੰਬ ਫਿਟ ਕਰਨ ਦਾ ਦਾਅਵਾ ਵੀ ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਦਾ ਸਬੰਧ ਗੁਟ ਅਲ ਨੁਸਰਾ ਜਾਂ ਹਿਸਬੁੱਤ ਤਰੀਰ ਨਾਲ ਹੋ ਸਕਦਾ ਹੈ।
ਪ੍ਰਧਾਨਮੰਤਰੀ ਟੋਨੀ ਅਬਾਟ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਿਊ ਸਾਊਥ ਵੈਲਜ਼ ਦੇ ਪ੍ਰੀਮੀਅਰ ਮਾਈਕ ਬੇਅਰਡ ਨੂੰ ਹਰ ਸੰਭਵ ਮੱਦਦ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਘਬਰਾਏ ਆਮ ਦਿਨਾਂ ਦੀ ਤਰ੍ਹਾਂ ਆਪਣਾ ਕੰਮਕਾਰ ਜਾਰੀ ਰੱਖਣ।