ਆਸਟ੍ਰੀਆ ਦੀ ਰਾਜਧਾਨੀ ਵਿਆਨਾ ਵਿਖੇ ਇਕ ਗੁਰਦੁਆਰੇ ਵਿਚ ਜ਼ਿਲਾ ਜਾਲੰਧਰ ਦੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਅਤੇ ਸੰਤ ਰਾਮਾ ਨੰਦ ਉਤੇ ਹੋਏ ਹਮਲੇ ਵਿਚ ਦੋਨਾਂ ਸੰਤਾਂ ਸਮੇਤ ਕਈ ਜ਼ਖਮੀ ਹੋ ਗਏ ਅਤੇ ਪਿਛੋਂ ਸੰਤ ਰਾਮਾ ਨੰਦ ਸੁਰਗਵਾਸ ਹੋ ਗਏ।ਇਸ ਹਮਲੇ ਦੀ ਜਿਤਨੀ ਵੀ ਨਿੰਦਾ ਕੀਤੀ ਜਾਏ, ਥੋੜੀ ਹੈ।ਹਰ ਧਰਮ ਦੇ ਪੀਰ ਪੈਗੰਬਰ, ਅਵਤਾਰ, ਗੁਰੁ, ਸੰਤ ਮਹਾਂਪੁਰਖ ਲੋਕਾਂ ਨੂੰ ਇਕ ਸਿੱਧਾ ਸਾਦਾ, ਸੱਚਾ ਸੁਚਾ ਤੇ ਨੇਕ ਜੀਵਨ ਬਿਤਾਉਣ, ਕਿਰਤ ਕਰਨ, ਸਦਭਾਵਨਾ, ਏਕਤਾ ,ਪਰਮਾਤਮਾ ਦਾ ਨਾਂਅ ਜਪਣ ਤੇ ਦੂਜਿਆ ਦਾ ਭਲਾ ਕਰਨ ਦਾ ਉਪਦੇਸ਼ ਦਿੰਦੇ ਹਨ।ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ।ਇਸ ਹਮਲੇ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਣੀ ਚਾਹੀਦੀ ਹੈ।
ਇਸ ਦੁੱਖਦਾਈ ਘਟਣਾ ਕਾਰਨ ਡੇਰਾ ਨਾਲ ਜੁੜੇ ਸ਼ਰਧਾਲੂਆਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਭਾਰੀ ਠੇਸ ਲਗੀ ਹੈ, ਜੋ ਸੁਭਾਵਿਕ ਹੈ। ਉਹਨਾਂ ਵਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਨਾ ਵੀ ਜਾਇਜ਼ ਹੈ, ਪਰ ਇਸ ਮੰਦਭਾਗੀ ਘਟਣਾ ਪਿਛੋਂ ਪੰਜਾਬ ਵਿਚ ਜੋ ਸਰਕਾਰੀ ਤੇ ਗੈਰ-ਸਰਕਾਰੀ ਸੰਪਤੀ ਦੀ ਤੋੜ ਭੰਨ, ਸਾੜ ਫੁਕ ਤੇ ਹਿੰਸਕ ਕਾਰਵਾਈਆਂ ਹੋਈਆਂ ਹਨ,ਉਹ ਕਿਸੇ ਤਰ੍ਹਾਂ ਵੀ ਠਕਿ ਨਹੀਂ ਹਨ, ਸਗੋਂ ਨਿੰਦਣਯੋਗ ਹਨ।ਰੇਲ ਗੱਡੀਆਂ ਤੇ ਬੱਸਾਂ ਦੀ ਬੁਰੀ ਤਰ੍ਹਾਂ ਤੋੜ ਭੰਨ ਕੀਤੀ ਗਈ , ਕਈ ਥਾਂ ਅੱਗ ਲਗਾ ਦਿਤੀ ਗਈ, ਜਿਸ ਕਾਰਨ ਹਜ਼ਾਰਾਂ ਹੀ ਬੀਬੀਆਂ, ਬੱਚਿਆਂ ਤੇ ਬਜ਼ੁਰਗਾਂ ਸਮੇਤ ਮੁਸਾਫ਼ਰਾਂ ਨੂੰ ਬੜੀ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।ਇਹ ਮੁਸਾਫਿਰ ਗੱਡੀਆਂ ਦੀ ਉਡੀਕ ਵਿਚ ਥਾਂ ਥਾਂ ਭੱਟਕਦੇ ਰਹੇ, ਸਖਤ ਗਰਮੀ ਦਾ ਮੌਸਮ ਕਾਰਨ ਹੋਰ ਵੀ ਪ੍ਰੇਸ਼ਾਨੀ ਹੋਈ।
ਵਿਆਨਾ ਵਿਚ ਜੋ ਕੁਝ ਹੋਇਆ,ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਸਮੇਂ ਸਿਰ ਸੂਬੇ ਵਿਚ ਅਮਨ ਕਾਨੂੰਨ ਕਾਇਮ ਰਖਣ ਲਈ ਸਾਰੇ ਅਹਿਤਿਆਤੀ ਕਦਮ ਚੁਕਣੇ ਚਾਹੀਦੇ ਸਨ ਜਿਵੇਂ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਉਤੇ ਸੁਰੱਖਿਆ ਦੇ ਪ੍ਰਬੰਧ ਪੁਖਤਾ ਕਰਨਾ, ਸ਼ਹਿਰਾਂ ਵਿਚ ਪੁਲਿਸ ਦੀ ਗਸ਼ਤ ਤੇ ਚੌਕਸੀ ਵਧਾਉਣਾ, ਰੇਲ ਤੇ ਸੜਕੀ ਆਵਾਜਾਈ ਚਾਲੂ ਰਖਣ ਦੇ ਪ੍ਰਬੰਧ ਕਰਨਾ, ਸਕੂਲ ਕਾਲਜ ਬੰਦ ਕਰਨਾ ਆਦਿ।ਪੰਜਾਬ ਵਿਚ ਐਤਵਾਰ 24 ਮਈ ਸ਼ਾਮ ਨੂੰ ਗੜਬੜ ਸ਼ੁਰੂ ਹੋ ਗਈ ਸੀ, ਜੇ ਉਸ ਪਿਛੋਂ ਵੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਂਦੇ ਤਾਂ ਸੋਮਵਾਰ ਦੀਆਂ ਹਿੰਸਕ ਘਟਨਾਵਾਂ ਰੋਕੀਆਂ ਜਾ ਸਕਦੀਆਂ ਸਨ ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰਖ ਦਿਤਾ ਹੈ। ਇਸ ਲਈ ਬਾਦਲ ਸਰਕਾਰ ਦੀ ਢਿਲ-ਮੱਠ ਪੂਰੀ ਤ੍ਰ੍ਹਾਂ ਜ਼ਿਮੇਵਾਰ ਹ। ਬਾਦਲ ਸਾਹਿਬ ਨੇ ਆਪਣੀਆਂ ਸਾਰੀਆਂ ਬੱਸਾਂ ਦੀ ਤਾਂ ਥਾਨਿਆਂ ਵਿਚ ਲਗਾ ਕੇ ਰਖਿਆ ਕਰ ਲਈ, ਪਰ ਸਰਕਾਰ ਜਿਸ ਦੇ ਉਹ ਆਪ ਪਿਓ-ਪੁਤਰ ਮੁਖ ਮੰਤਰੀ ਤੇ ਉਪ ਮੁਖ ਮੰਤਰੀ ਹਨ, ਦੀਆਂ ਬਸਾਂ ਤੇ ਜਾਇਦਾਦ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਜਾਪਦੀ। ਕਈ ਲੋਕ ਇਹ ਕਹਿ ਰਹੇ ਹਨ ਕਿ ਦੁਆਬੇ ਵਿਚ ਹਾਕਮ ਅਕਾਲੀ ਦਲ ਨੂੰ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਹੋਈ ਹੈ ਅਤੇ ਹੁਣ ਇਧਰ ਹੀ ਸਭ ਤੋਂ ਵੱਧ ਗੜਬੜ ਹੋਈ ਹੈ। ਇਹ ਤੋੜਫੋੜ, ਸਾੜਫੂਕ ਡੇਰਾ ਸੱਚਖੰਡ ਬੱਲਾਂ ਦੇ ਸ਼ਰਧਾਲੂਆਂ ਨੇ ਕੀਤੀ ਹੈ, ੋਕੰਨ੍ਹਾਂ ਦੀ ਇਧਰ ਆਬਾਦੀ ਜ਼ਿਆਦਾ ਹੈ। ਨੂਰਮਹਿਲ ਵਿਧਾਨ ਸਭਾ ਦੀ ਉਪ-ਚੋਣ 28 ਮਈ ਨੂੰ ਹੋਣੀ ਨਿਯਤ ਸੀ (ਜੋ ਹੁਣ 12 ਜੂਨ ਨੂੰ ਹੋਏਗੀ), ਇਹ ਵੋਟਾਂ ਟੁਟ ਨਾ ਜਾਣ,ਇਸ ਲਈ ਕੋਈ ਸਖਤੀ ਨਾ ਵਰਤੀ ਗਈ, ਉਸ ਸਮੇਂ ਹੀ ਹੋਸ਼ ਆਈ ਜਦੋਂ ਸਥਿਤੀ ਬਹੁਤ ਵਿਗੜ ਗਈ ਅਤੇ ਸਾਰੇ ਟੀ.ਵੀ. ਚੈਨਲਾਂ ਨੇ ਪੰਜਾਬ ਨੂੰ ਲਗੀ ਇਸ ਅਗ ਨੂੰ ਆਪਣੇ ਸਮਾਚਾਰ ਬੁਲਿਟਨਾਂ ਵਿਚ ਦਿਖਾਉਣਾ ਸ਼ੁਰੂ ਕੀਤਾ। “ਰੋਮ ਸੜ ਰਿਹਾ ਸੀ ਪਰ ਨੀਰੋ ਬੰਸਰੀ ਵਜਾ ਰਿਹਾ ਸੀ”। ਆਮ ਲੋਕ ਕਹਿੰਦੇ ਹਨ ਕਿ ਬਾਦਲ ਸਰਕਾਰ ਨੇ ਵੀ ਇੰਝ ਹੀ ਕੀਤਾ ਹੈ, ਪੰਜਾਬ ਸੜ ਰਿਹਾ ਸੀ, ਪਰ ਬਾਦਲ ਸਾਹਿਬ ਹੱਥ ਤੇ ਹੱਥ ਰਖੀ ਸਭ ਕੁਝ ਚੁਪ ਚਾਪ ਦੇਖ ਰਹੇ ਸਨ। ਜਾਲੰਧਰ ਵਿਚ 24 ਮਈ ਸ਼ਾਮ ਨੂੰ ਕਰਫਿਊ ਲਗਾਇਆ ਗਿਆ, ਪਰ ਉਸ ਨੂੰ ਸਖ਼ਤੀ ਨਾਲ ਲਾਗੂ ਨਾ ਕੀਤਾ,ਭੰਨਤੋੜ ਸਾੜ ਫੁਕ ਚਲਦੀ ਰਹੀ, ਜਿਸ ਬਾਰੇ ਕੇਂਦਰੀ ਗ੍ਰੀਹ ਮੰਤਰੀ ਪੀ. ਚਿਦੰਬਰਮ ਨੇ ਵੀ ਜ਼ਿਕਰ ਕੀਤਾ। ਇੰਜ ਜਾਪਦਾ ਸੀ ਕਿ ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ।ਇਹ ਠੀਕ ਹੈ ਕਿ ਸਰਕਾਰ ਨੇ 25 ਮਈ ਨੂੰ ਸਥਿਤੀ ਬਹੁਤ ਵਿਗੜ ਜਾਣ ਬਾਅਦ ਸਖਤੀ ਨਾਲ ਕਦਮ ਚੁਕੇ, ਹਿੰਸਾ-ਗ੍ਰਸਤ ਸ਼ਹਿਰਾਂ ਵਿਚ ਕਰਫਿਊ ਲਗਾ ਕੇ ਸਖ਼ਤੀ ਨਾਲ ਲਾਗੂ ਕੀਤਾ, ਫੌਜ ਬੁਲਾਈ ਤੇ ਨਾਜ਼ੁਕ ਖੇਤਰਾਂ ਵਿਚ ਪੁਲਿਸ ਗਸ਼ਤ ਤੇਜ਼ ਕੀਤੀ।
ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਹੋਈ ਇਸ ਗੜਬੜ ਦੀ ਨਿੰਦਾ ਕਰਦੇ ਹੋਏ ਜੁਡੀਸ਼ਲ ਜਾਚ ਦੀ ਮੰਗ ਕੀਤੀ ਹੈ।ਉਹਨਾ ਕਿਹਾ ਹੈ ਕਿ ਸਰਕਾਰ ਇਹ ਸਭ ਕੁਝ ਖਾਮੋਸ਼ ਦਰਸ਼ਕ ਬਣ ਕੇ ਦੇਖਦੀ ਰਹੀ।ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਹਾਲਾਤ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾ ਸਕਦਾ ਸੀ। ਪੰਜਾਬ ਸਰਕਾਰ ਨੂੰ ਪੰਜਾਬ ਵਿਚ ਹੋਈ ਇਸ ਗੜਬੜ ਬਾਰੇ ਆਪਣੇ ਤੌਰ ‘ਤੇ ਜਾਂਚ ਜ਼ਰੂਰ ਕਰਵਾਉਣੀ ਚਹੀਦੀ ਹੈ ਤਾਂ ਜੌ ਅਗੇ ਨੂੰ ਕੋਈ ਅਜੇਹੀ ਹਿੰਸਾ ਨਾ ਹੋਵੇ।