ਇਸਲਾਮਾਬਾਦ- ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਅੱਤਵਾਦੀਆਂ ਨੇ ਇੱਕ ਆਰਮੀ ਸਕੂਲ ਅੰਦਰ ਦਾਖਿਲ ਹੋ ਕੇ ਸਕੂਲੀ ਬੱਚਿਆਂ ਅਤੇ ਟੀਚਰਾਂ ਤੇ ਭਾਰੀ ਕਾਇਰ ਵਰਤਾਇਆ ਹੈ। ਇਸ ਹਮਲੇ ਵਿੱਚ 100 ਬੱਚਿਆਂ ਸਮੇਤ 126 ਲੋਕਾਂ ਦੀ ਮੌਤ ਹੋ ਗਈ ਹੈ। ਸਕੂਲ ਵਿੱਚ 1500 ਦੇ ਕਰੀਬ ਬੱਚੇ ਹੋ ਸਕਦੇ ਹਨ।
ਅੱਤਵਾਦੀ ਸੈਨਾ ਦੀ ਵਰਦੀ ਵਿੱਚ ਸਕੂਲ ਦੇ ਪਿੱਛਲੇ ਦਰਵਾਜ਼ੇ ਰਾਹੀਂ ਅੰਦਰ ਦਾਖਿਲ ਹੋਏ। ਸੈਨਾ ਦੇ ਜਵਾਨਾਂ ਨੇ ਸਕੂਲ ਨੂੰ ਸਾਰੇ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਹੈ ਅਤੇ ਸਕੂਲ ਅੰਦਰ ਭਾਰੀ ਗੋਲੀਬਾਰੀ ਹੋਈ ਹੈ।ਸੈਨਾ ਦੇ ਅਧਿਕਾਰੀਆਂ ਅਨੁਸਾਰ ਅੱਤਵਾਦੀਆਂ ਦੀ ਸੰਖਿਆ ਘੱਟ ਤੋਂ ਘੱਟ 5 ਤੋਂ 6 ਤੱਕ ਹੋ ਸਕਦੀ ਹੈ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ।ਇਸ ਹਮਲੇ ਵਿੱਚ 126 ਲੋਕ ਮਾਰੇ ਗਏ ਹਨ,ਜਿੰਨ੍ਹਾਂ ਵਿੱਚ 100 ਦੇ ਕਰੀਬ ਬੱਚੇ ਹਨ।ਆਰਮੀ ਨੇ 1000 ਦੇ ਕਰੀਬ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। 100 ਤੋਂ ਵੱਧ ਲੋਕਾਂ ਦੇ ਜਖਮੀ ਹੋਣ ਦੀ ਵੀ ਖਬਰ ਹੈ।ਅਜੇ ਵੀ 500 ਦੇ ਕਰੀਬ ਬੱਚੇ ਅਤੇ ਅਧਿਆਪਿਕ ਸਕੂਲ ਅੰਦਰ ਫਸੇ ਹੋਏ ਹਨ।
ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਉਹ ਹਾਲਾਤ ਦਾ ਜਾਇਜ਼ਾ ਲੈਣ ਲਈ ਖੁਦ ਪੇਸ਼ਾਵਰ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ,” ਉਹ ਸਾਰੇ ਮੇਰੇ ਬੱਚੇ ਹਨ।ਇਹ ਮੇਰਾ ਨੁਕਸਾਨ ਹੈ।”
ਅੱਤਵਾਦੀ ਸੰਗਠਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਰਮੀ ਸਕੂਲ ਨੂੰ ਇਸ ਲਈ ਨਿਸ਼ਾਨਾ ਬਣਾਇਆ ਹੈ ਕਿਉਂਕਿ ਸੈਨਾ ਉਨ੍ਹਾਂ ਦੇ ਪਰੀਵਾਰਾਂ ਨੂੰ ਪਰੇਸ਼ਾਨ ਕਰਦੀ ਹੈ। ਇਸ ਲਈ ਉਹ ਸੈਨਾ ਨੂੰ ਆਪਣਿਆਂ ਦਾ ਦਰਦ ਮਹਿਸੂਸ ਕਰਵਾਉਣਾ ਚਾਹੁੰਦੇ ਹਨ।