ਨਵੀਂ ਦਿੱਲੀ- ਸਪਾ ਮੁੱਖੀ ਮੁਲਾਇਮ ਸਿੰਘ ਯਾਦਵ ਨੇ 22 ਦਿਸੰਬਰ ਤੋਂ ਬਾਅਦ ਤੀਸਰੇ ਮੋਰਚੇ ਤੇ ਵੱਡਾ ਧਮਾਕਾ ਕਰਨ ਦੇ ਸੰਕੇਤ ਦਿੱਤੇ ਹਨ। ਜੰਤਰ-ਮੰਤਰ ਤੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਵਿੱਚ ਤੀਸਰੇ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਹੋਰ ਵੀ ਕਈ ਨੇਤਾ ਮੰਚ ਤੇ ਆ ਸਕਦੇ ਹਨ।
ਮੁਲਾਇਮ ਯਾਦਵ ਦਿੱਲੀ ਰੋਡ ਤੇ ਸਥਿਤ ਵੀਨਸ ਗਾਰਡਨ ਵਿੱਚ ਇੱਕ ਸ਼ਾਦੀ ਸਮਾਰੋਹ ਵਿੱਚ ਸ਼ਾਮਿਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਸਪਾ ਨੇਤਾਵਾਂ ਅਤੇ ਵਰਕਰਾਂ ਨੂੰ 22 ਦਿਸੰਬਰ ਨੂੰ ਭੀੜ ਸਮੇਤ ਜੰਤਰ-ਮੰਤਰ ਤੇ ਪਹੁੰਚਣ ਲਈ ਕਿਹਾ। ਤੀਸਰੇ ਮੋਰਚੇ ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਥੋੜਾ ਇੰਤਜ਼ਾਰ ਕਰੋ। 22 ਦਿਸੰਬਰ ਤੋਂ ਬਾਅਦ ਤੀਸਰੇ ਮੋਰਚੇ ਤੇ ਇੱਕ ਵੱਡਾ ਧਮਾਕਾ ਹੋਵੇਗਾ, ਜੋ ਕੁਝ ਦਲਾਂ ਦੀ ਨੀਂਦ ਉਡਾ ਦੇਵੇਗਾ। ਉਨ੍ਹਾਂ ਨੇ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਕਿਸੇ ਵੀ ਵੱਡੇ ਨੇਤਾ ਦਾ ਨਾਂ ਲਏ ਬਗੈਰ ਕਿਹਾ ਕਿ ਤੀਸਰੇ ਮੋਰਚੇ ਵਿੱਚ ਕੁਝ ਅਜਿਹੇ ਨੇਤਾ ਵੀ ਵਿਖਾਈ ਦੇਣਗੇ ਜੋ ਅਜੇ ਬਾਹਰ ਵਿਖਾਈ ਦੇ ਰਹੇ ਹਨ।