ਹਿਰਦੇ ਨੂੰ ਵਲੂੰਧਰ ਦੇਣ ਵਾਲੀ ਇਹ ਖ਼ਬਰ ਨਿਹਾਇਤ ਹੀ ਸ਼ਰਮਨਾਕ ਹੈ ਕਿ ਕੁਝ ਦਿਨ ਹੋਏ ਪੰਜਾਬ ਦੀ ਇਕ ਹੋਰ ਨਿਰਦੋਸ਼ ਧੀ ਗੁਰਪ੍ਰੀਤ ਕੌਰ ਉਮਰ ਲਗਭਗ 38 ਸਾਲ ਨੂੰ ਬੇਰੁਜ਼ਗਾਰੀ ਤੋਂ ਬੇਵਸ ਹੋ ਕੇ ਤੇ ਲਗਾਤਾਰ ਦੋ ਹਫ਼ਤੇ ਤੋਂ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤ੍ਰੀ ਪੰਜਾਬ ਨੂੰ ਮਿਲਣ ਦੀਆਂ ਨਾਕਾਮ ਕੋਸ਼ਿਸ਼ਾਂ ਪਿਛੋਂ ਚੰਡੀਗੜ੍ਹ ਵਿਚ ਉਸਦੀੇ ਕੋਠੀ ਦੇ ਬਾਹਰਵਾਰ ਆਪਣੇ ਆਪ ਉਤੇ ਮਿੱਟੀ ਦਾ ਤੇਲ ਪਾਕੇ ਆਤਮਦਾਹ ਕਰਨ ਲਈ ਮਜਬੂਰ ਹੋਣਾ ਪਿਆ । ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਿ ਉਸਨੂੰ ਤੁਰੰਤ 16 ਸੈਕਟਰ ਦੇ ਹਸਪਤਾਲ ਵਿਚ ਪਹੁੰਚਾ ਦਿਤਾ ਗਿਆ । ਦੱਸਿਆ ਗਿਆ ਹੈ ਕਿ ਉਸਦਾ ਸਰੀਰ ਤਕਰੀਬਨ 40 ਫੀ ਸਦੀ ਝੁਲਸ ਗਿਆ ਹੈ ਤੇ ਉਸਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ ।
ਜਿੱਥੇ ਉਸਦੇ ਸਰੀਰ ਦੇ ਝੁਲਸ ਜਾਣ ਦਾ ਅਤਿਅੰਤ ਦੁੱਖ ਹੋਇਆ ਹੈ, ਉਥੇ ਉਸਤੋਂ ਵੀ ਵੱਧ ਦੁੱਖ ਇਸ ਗੱਲ ਦਾ ਹੈ ਕਿ ਬਾਦਲ ਦੇ ਰਹਿਮੋ ਕਰਮ ਉਤੇ ਥਾਪੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਕੜ ਵਲੋਂ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਉਸ ਬੱਚੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ । ਇਕ ਪੜ੍ਹੀ ਲਿਖੀ ਗੁਰਸਿੱਖ, ਪਰ ਬੇਰੁਜ਼ਗਾਰ ਬੱਚੀ ਉਤੇ ਇਸ ਕਿਸਮ ਦੇ ਘਟੀਆ ਇਲਜ਼ਾਮ ਲਾਉਣ ਵਾਲਿਆਂ ਨੂੰ ਕੁਝ ਸ਼ਰਮ ਕਰਨ ਚਾਹੀਦੀ ਸੀ ਕਿ ਉਹ ਝੱਟ ਪੱਟ ਇਸ ਸਿਟੇ ਉਤੇ ਕਿਵੇਂ ਪਹੁੰਚ ਗਏ? ਕੀ ਉਹ ਬੱਚੀ ਕਿਸੇ ਮਨੋਵਿਗਿਆਨੀ ਦੇ ਇਲਾਜ ਹੇਠ ਸੀ? ਕੀ ਉਹ ਇਸ ਬਾਰੇ ਡਾਕਟਰਾਂ ਦੇ ਬਿੱਲ, ਵਿਜ਼ਟਸ ਬਾਰੇ ਕੋਈ ਵੇਰਵਾ ਦੇ ਸਕਦਾ ਹੈ? ਕੀ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਡਾਕਟਰਾਂ ਪਾਸੋਂ ਉਸਦੀ ਨਿਜੀ ਸਿਹਤ ਰੀਪੋਰਟ ਹਾਸਲ ਕਰਨ ਦਾ ਮੱਕੜ ਨੂੰ ਕੋਈ ਇਖ਼ਲਾਕੀ ਅਧਿਕਾਰ ਹੈ, ਸੀ ਜਾਂ ਨਹੀਂ? ਕੀ ਉਸ ਨੇ ਕਿਸੇ ਲੜਕੀ ਦੀ ਨਿਜੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ? ਇਹ ਸਾਰੀਆਂ ਗੱਲਾਂ ਵੀਚਾਰ ਕਰਨ ਵਾਲੀਆਂ ਹਨ ।
ਪਹਿਲੀ ਗੱਲ ਤਾਂ ਇਹ ਕਿ ਜਿਸ ਬੱਚੀ ਨੇ ਪੜ੍ਹਾਈ ਕੀਤੀ, ਫੇਰ ਕੁਝ ਤਕਨੀਕੀ ਕੋਰਸ ਕੀਤੇ, ਨੌਕਰੀ ਦੀ ਤਲਾਸ਼ ਕਰਦੀ ਰਹੀ, ਨੌਕਰੀ ਨਾਂ ਮਿਲਣ ਉਤੇ ਉਹ ਦੋ ਹਫ਼ਤਿਆਂ ਤੋਂ ਲਗਾਤਾਰ ਬਾਦਲ ਦੀ ਕੋਠੀ ਦੇ ਬਾਹਰ ਉਸਨੂੰ ਮਿਲਣ ਲਈ ਤਰਲੇ ਮਿੰਨਤਾਂ ਕਰਦੀ ਰਹੀ । ਜਦੋਂ ਚਾਰੇ ਪਾਸਿਓਂ ਉਸਨੂੰ ਨਿਰਾਸ਼ਾ ਮਿਲੀ ਤੇ ਮਹਿਸੂਸ ਹੋਇਆ ਕਿ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਹਨ । ਕਿਸੇ ਪਾਸਿਓਂ ਵੀ ਕੋਈ ਆਸ ਨਾਂ ਦਿਸਦੀ ਹੋਣ ਕਰਕੇ ਜੇ ਮਜਬੂਰੀ ਦੀ ਮਾਰੀ ਨੇ ਮਿੱਟੀ ਦਾ ਤੇਲ ਪਾਕੇ ਆਤਮਦਾਹ ਕਰਨ ਦਾ ਫੈਸਲਾ ਕੀਤਾ ਤਾਂ ਇਸਦਾ ਮੱਤਲਬ ਇਹ ਤਾਂ ਨਹੀਂ ਨਿਕਲਦਾ ਕਿ ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ । ਇਥੇ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਸੁਆਲ ਪੁਛਣਾ ਚਾਹੁੰਦਾ ਹਾਂ ਕਿ ਕੁਝ ਮਹੀਨੇ ਪਹਿਲਾਂ ਜਦ ਹਰਿਆਣਾ ਸਰਕਾਰ ਵਲੋਂ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਨਜ਼ੂਰੀ ਦੇ ਦਿਤੀ ਗਈ ਸੀ, ਤਾਂ ਬਾਬਾ ਜੀ ਨੇ ਝੱਟ ਕੀਤਿਆਂ ਬਿਆਨ ਜਾਰੀ ਕੀਤਾ ਸੀ ਕਿ ਮੈਂ ਮਰ ਜਾਵਾਂਗਾ । ਕੀ ਬਾਦਲ ਦੇ ਇਸ ਬਿਆਨ ਤੋਂ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਉਸ ਵੇਲੇ ਉਸਦਾ ਮਾਨਸਿਕ ਸੰਤੁਲਨ ਵੀ ਵਿਗੜ ਗਿਆ ਸੀ? ਕੀ ਉਹ ਉਦੋਂ ਜਾਂ ਹੁਣ ਕਿਸੇ ਮਨੋਵਿਗਿਆਨੀ ਕੋਲ ਇਲਾਜ ਲਈ ਜਾ ਰਿਹਾ ਹੈ? ਕੀ ਡਾਕਟਰਾਂ ਪਾਸੋਂ ਉਸਦੇ ਇਲਾਜ ਦੀਆਂ ਫਾਈਲਾਂ ਕਢਵਾ ਕੇ ਉਨ੍ਹਾਂ ਦੀ ਪੜਤਾਲ ਕਰਵਾਈ ਗਈ ਹੈ ਕਿ ਉਹ ਕਿਸ ਕਿਸ ਮਰਜ਼ ਦਾ ਸ਼ਿਕਾਰ ਹੈ?
ਚੱਲੋ ਛੱਡੋ ਇਨ੍ਹਾਂ ਹਲਕੀਆਂ ਗੱਲਾਂ ਨੂੰ । ਐਸੀਆਂ ਗੱਲਾਂ ਕਰਨੀਆਂ ਨਾਂ ਤਾਂ ਬਾਦਲ ਤੇ ਮੱਕੜ ਨੂੰ ਸ਼ੋਭਾ ਦਿੰਦੀਆਂ ਹਨ ਤੇ ਨਾਂ ਹੀ ਮੈਨੂੰ । ਪਰ ਆਓ! ਕੁਝ ਸਿਧਾਂਤਕ ਗੱਲਾਂ ਤਾਂ ਜ਼ਰੂਰ ਕਰ ਲਈਏ । ਜੇ ਜੁਆਬ ਹਨ, ਤਾਂ ਈਮਾਨਦਾਰੀ ਨਾਲ ਜੁਆਬ ਜ਼ਰੂਰ ਦੇਣਾ । ਪੱਤਰਕਾਰੀ ਦੇ ਖੇਤਰ ਵਿਚ ਮੈਂ ਪਿਛਲੇ 54 ਸਾਲਾਂ ਤੋਂ ਜੁੜਿਆ ਹੋਇਆ ਹਾਂ । ਮੈਂ ਇਥੇ ਪੰਜਾਬ ਦੇ ਦੋ ਸਵਰਗੀ ਮੁੱਖ ਮੰਤ੍ਰੀਆਂ ਸ: ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਦਾ ਜ਼ਿਕਰ ਕਰਨਾ ਚਾਹਵਾਂਗਾ । ਪਿੰਡਾਂ ਵਿਚੋਂ ਅਨੇਕਾਂ ਅਨਪੜ੍ਹ ਜਟਾਂ ਤੇ ਪੇਂਡੂਆਂ ਦਾ ਚੰਡੀਗੜ੍ਹ ਮੁੱਖ ਮੰਤ੍ਰੀ ਦੀ ਕੋਠੀ ਵਿਚ ਰੋਜ਼ਾਨਾ ਬਿਨਾਂ ਸਮਾਂ ਲੈਣ ਤੋਂ ਚੁੱਪ ਕੀਤਿਆਂ ਆਉਣਾ ਜਾਣਾ ਬਣਿਆ ਰਹਿੰਦਾ ਸੀ । ਇਹ ਦੋਵੇਂ ਸਵਰਗੀ ਮੁੱਖ ਮੰਤ੍ਰੀ ਕਦੇ ਕਿਸੇ ਨੂੰ ਨਰਾਜ਼ ਨਹੀਂ ਸਨ ਮੋੜਦੇ । ਹਰ ਇਕ ਨਾਲ ਹੱਸਕੇ ਗਲ ਕਰਨਾ ਤੇ ਉਨ੍ਹਾਂ ਦੀਆਂ ਸਮਸਿਆ ਨੂੰ ਸੁਨਣਾ ਉਨ੍ਹਾਂ ਦਾ ਸੁਭਾਅ ਸੀ । ਮੈਂ ਆਪਣੀ ਹੋਸ਼ ਵਿਚ ਉਨ੍ਹਾਂ ਦੇ ਮੁੱਖ ਮੰਤ੍ਰੀ ਸਮੇਂ ਦੇ ਦੌਰਾਨ ਬਾਹਰ ਮੁਜ਼ਾਹਰੇ ਹੁੰਦੇ ਨਹੀਂ ਦੇਖੇ, ਧਰਨੇ ਉਤੇ ਨਰਾਜ਼ ਬਾਹਰ ਬੈਠੇ ਪੰਜਾਬੀ ਨਹੀਂ ਤਕੇ, ਮੁਜ਼ਾਹਰਾਕਾਰਾਂ ਉਤੇ ਪੁਲੀਸ ਦੀਆਂ ਡਾਂਗਾਂ ਵਰ੍ਹਦੀਆਂ ਨਾਂ ਸੁਣੀਆਂ ਤੇ ਨਾਂ ਵੇਖੀਆਂ, ਉਨ੍ਹਾਂ ਨੂੰ ਚੁੱਕ ਚੁੱਕ ਕੇ ਤੇ ਧੂਹ ਧੂਹ ਕੇ ਪੁਲੀਸ ਦੀਆਂ ਗੱਡੀਆਂ ਵਿਚ ਸੁਟ ਕੇ ਗ੍ਰਿਫ਼ਤਾਰ ਹੁੰਦੇ ਨਹੀਂ ਵੇਖਿਆ ਸੁਣਿਆ ।
ਪਰ ਅਸੀਂ ਇਥੇ ਗੱਲ ਕਰਦੇ ਹਾਂ ਗੁਰਪ੍ਰੀਤ ਕੌਰ ਨਾਲ ਵਾਪਰੇ ਦੁਖਾਂਤ ਦੇ ਪਿਛੇ ਸਾਰੇ ਤੱਥਾਂ ਦੀ ਤੇ ਹਕੀਕਤ ਦੀ । ਜਦ ਇਹ ਦੁਰਘਟਨਾ ਸਵੇਰੇ ਸਵੇਰੇ ਵਾਪਰੀ ਤੇ ਗੁਰਪ੍ਰੀਤ ਕੌਰ ਨੂੰ ਅੱਧੀ ਪਚੱਧੀ ਨੂੰ ਝੁਲਸੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ, ਤਾਂ ਉਸ ਗਰੀਬ, ਮਜ਼ਲੂਮ, ਲਾਚਾਰ, ਬੇਵੱਸ, ਬੇਰੁਜ਼ਗਾਰ ਗੁਰਸਿੱਖ ਬਚੀ ਨੇ ਆਪਣੀ ਦਰਦ ਭਰੀ ਦਾਸਤਾਨ ਪੱਤਰਕਾਰਾਂ ਨੂੰ ਦੱਸੀ ਤਾਂ ਉਨ੍ਹਾਂ ਦੇ ਰੋਂਗਟੇ ਖੜੇ ਹੋ ਗਏ । ਉਹ ਇਕ ਕਾਫ਼ੀ ਗਰੀਬ ਪਰਿਵਾਰ ਦੀ ਧੀ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਰਹਿ ਰਹੀ ਹੈ । ਪਿਛਲੇ 15 ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਬਾਦਲ ਨੂੰ ਇਕ ਆਸ ਲੈ ਕੇ ਰੋਜ਼ ਮਿਲਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਉਸਦੇ ਅੰਗ ਰੱਖਿਅਕ ਉਸਨੂੰ ਨੇੜੇ ਤਕ ਨਹੀਂ ਸਨ ਲਗਣ ਦਿੰਦੇ । ਉਸ ਨੇ ਦੱਸਿਆ ਕਿ ਉਹ ਤਾਂ ਬੜੀ ਆਸ ਲੈਕੇ ਆਈ ਸੀ, ਪਰ ਨਾਂ ਤਾਂ ਅਖਾਉਤੀ ਜੱਥੇਦਾਰ ਨੇੜੇ ਲਗਣ ਦਿੰਦੇ ਸਨ ਤੇ ਨਾਂ ਹੀ ਸਕਿਓਰਟੀ ਵਾਲੇ । ਬੇਵੱਸ ਹੋ ਕੇ ਤੇ ਆਸ ਦੀ ਕੋਈ ਵੀ ਚਿਣਗ ਨਾਂ ਵੇਖ ਕੇ ਉਹ ਆਤਮਦਾਹ ਕਰਨ ਲਈ ਮਜਬੂਰ ਹੋ ਗਈ ਸੀ ।
ਪ੍ਰਕਾਸ਼ ਸਿੰਘ ਬਾਦਲ ਨੇ ਇਸ ਬੱਚੀ ਦੇ ਆਤਮਦਾਹ ਦੇ ਕਾਰਨ ਉਤੇ ਇਕ ਬੜਾ ਹਾਸੋ ਹੀਣਾ ਜੁਆਬ ਦਿੱਤਾ ਹੈ । ਉਸਦਾ ਕਹਿਣਾ ਹੈ ਕਿ “ਹਰ ਕਿਸੇ ਨੂੰ ਨੌਕਰੀ ਦੇਣੀ ਸੰਭਵ ਨਹੀਂ” । ਇਹ ਜੁਆਬ ਦੇਕੇ ਬਾਦਲ ਨੇ ਕਿਸੇ ਹੋਰ ਦੀ ਨਹੀਂ ਸਗੋਂ ਸਿਰਫ਼ ਆਪਣੀ ਤੇ ਆਪਣੀ ਹੀ ਖਿਲੀ ਉਡਾਈ ਹੈ । ਉਸਨੂੰ ਇਥੇ ਕੋਈ ਯਾਦ ਕਰਵਾਉਣ ਵਾਲਾ ਹੋਵੇ ਕਿ ਬਾਬਾ ਜੀ ਤੁਸੀਂ 2012 ਵਿਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਸਮੇਂ ਅਕਾਲੀ ਦਲ ਵਲੋਂ ਜੋ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ, ਉਸ ਵਿੱਚ ਤੁਸੀਂ ਪੰਜਾਬ ਨੂੰ ਖੁਸ਼ਹਾਲ ਬਨਾਉਣ ਲਈ ਨੌਜੁਆਨ ਵਰਗ ਨੂੰ ਵੱਡੀ ਪਹਿਲ ਦਿਤੀ ਸੀ ਤੇ ਹਿੱਕ ਠੋਕ ਕੇ ਵਾਅਦੇ ਕੀਤੇ ਸਨ ਕਿ ਬੇਰੁਜ਼ਗਾਰੀ ਖਤਮ ਕੀਤੀ ਜਾਵੇਗੀ ਤੇ 10 ਲੱਖ ਲੋਕਾਂ ਨੂੰ ਰੁਜ਼ਗਾਰ ਦਿਤੇ ਜਾਣਗੇ । ਬਾਦਲ ਸਾਹਿਬ ਦਿਨੇ ਤਾਰੇ ਦਿਖਾਉਣ ਵਿਚ ਬਹੁਤ ਮਾਹਿਰ ਹਨ । ਗਲਾਂ ਕਰਨ ਵਿਚ ਤਾਂ ਉਹ ਅਸਮਾਨ ਤੋਂ ਤਾਰੇ ਤੋੜ ਲਿਆਉਂਦੇ ਹਨ, ਪਰ ਹਕੀਕਤਨ ਗਲ ਇਸਤੋਂ ਉਲਟ ਹੈ । ਇਹ ਗੱਲ ਉਨ੍ਹਾਂ ਦੇ ਇਸ ਬੇਵਸ ਬੱਚੀ ਦੇ ਆਤਮਦਾਹ ਉਤੇ ਬਿਆਨ ਤੋਂ ਸਪੱਸ਼ਟ ਹੋ ਜਾਂਦੀ ਹੈ ਕਿ “ਹਰ ਕਿਸੇ ਨੂੰ ਨੌਕਰੀ ਦੇਣੀ ਸੰਭਵ ਨਹੀਂ”। ਜੇ ਨੌਕਰੀਆਂ ਨਹੀਂ ਦੇ ਸਕਦੇ ਤਾਂ ਚੋਣ ਮਨੋਰਥ ਪੱਤਰ ਵਿਚ ਮਣ- ਮਣ ਪੱਕੀਆਂ ਗੱਪਾਂ ਤੇ ਝੂਠੀਆਂ ਡੀਂਗਾਂ ਮਾਰਨ ਦੀ ਕੀ ਲੋੜ ਹੈ?
ਸੱਚੀ ਗਲ ਤਾਂ ਇਹ ਹੈ ਕਿ ਜਦ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਹੱਥ ਪੰਜਾਬ ਦੀ ਵਾਗ ਡੋਰ ਆਈ ਹੈ, ਪੰਜਾਬ ਦਾ ਦਿਨੋ ਦਿਨ ਨਿਘਾਰ ਹੀ ਹੁੰਦਾ ਜਾ ਰਿਹਾ ਹੈ ।
ਜੇ ਮੈਂ ਆਪਣੇ ਬੱਚਪਨ ਦੀਆਂ ਦੇਖੀਆਂ ਜਾਂ ਸੁਣੀਆਂ ਸੁਣਾਈਆਂ ਗੱਲਾਂ ਦੀ ਬਾਤਾਂ ਸਾਂਝੀਆਂ ਕਰਾਂ ਤਾਂ ਉਹ ਇੰਞ ਸਨ । ਪੰਜਾਬ ਦੇ ਕਿਸੇ ਪਿੰਡ ਉਤੇ ਜੇ ਕੋਈ ਭੀੜ ਪੈ ਜਾਂਦੀ ਸੀ ਤੇ ਹਰ ਇਕ ਪੰਜਾਬਣ ਮਾਂ ਦੀ ਪੁਕਾਰ ਹੁੰਦੀ ਸੀ, “ਪਿੰਡਾ ਪਿਛਾਂਹ, ਪੁੱਤਾ ਅਗਾਂਹ” । ਭਾਵ ਮੇਰਾ ਪਿੰਡ ਬੱਚ ਜਾਵੇ, ਪੁੱਤ ਭਾਵੇਂ ਭੱਠੀ ਵਿਚ ਪੈ ਕੇ ਪਿੰਡ ਪਿੱਛੇ ਕੁਰਬਾਨ ਹੋ ਜਾਵੇ । ਦੂਜੀ ਗੱਲ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਕਿਰਦਾਰ ਦੀ ਕਰਦਾ ਹਾਂ । ਅਖਾਣ ਹੁੰਦਾ ਸੀ, “ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸ਼ੰਗ”। ਦਿਨ ਦਿਹਾੜੇ, ਰਾਤ ਕੁਰਾਤੇ ਜੇ ਕੋਈ ਨਿਹੰਗ ਸਿੰਘ ਕਿਸੇ ਘਰ ਦਾ ਦਰਵਾਜ਼ਾ ਖੜਕਾ ਦਿੰਦਾ ਸੀ ਤਾਂ ਘਰ ਵਾਲੇ ਉਸਨੂੰ ਬਿਨਾਂ ਕਿਸੇ ਪੁੱਛ ਪਰਤੀਤ ਦੇ ਨਿਸ਼ੰਗ ਬੂਹਾ ਖੋਲ੍ਹ ਦਿੰਦੇ ਸਨ ਤੇ ਉਸਦੀ ਆਓ ਭਗਤ ਵਿਚ ਜੁੜ ਜਾਂਦੇ ਸੀ । ਤੀਜੀ ਗੱਲ ਇਕ ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ, ਉਹ ਸਾਰੇ ਪਿੰਡ ਦੀ ਇੱਜ਼ਤ, ਆਬਰੂ ਤੇ ਅਣਖ ਹੁੰਦੀ ਸੀ । ਇਥੋਂ ਤਕ ਕਿ ਇੱਕ ਜ਼ਾਤ ਜਾਂ ਗੋਤ ਵਾਲੇ ਲੋਕ ਆਪਸ ਵਿਚ ਆਨੰਦ ਕਾਰਜ ਨਹੀਂ ਸਨ ਕਰਦੇ, ਕਿਉਂਕਿ ਉਹ ਇਕ ਦੂਜੇ ਨੂੰ ਭੈਣ ਭਰਾ ਦੇ ਬੰਧਨ ਵਿਚ ਬੱਝੇ ਮਹਿਸੂਸ ਕਰਦੇ ਸਨ ।
ਪਰ ਕੀ ਇਹ ਉਪਰਲੀਆਂ ਸਾਰੀਆਂ ਬਾਤਾਂ ਅੱਜ ਦੇ ਪੰਜਾਬ ਵਿਚ ਵੇਖਣ ਨੂੰ ਮਿਲਦੀਆਂ ਹਨ? ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਬਿਲਕੁਲ ਨਹੀਂ । ਇਹ ਤਾਂ ਸਾਰੀਆਂ ਹੁਣ ਬੀਤ ਚੁਕੀਆਂ ਕਹਾਣੀਆਂ ਹੋ ਗਈਆਂ ਹਨ । ਕਾਰਨ ਖ਼ੁਦਗ਼ਰਜ਼ੀ, ਆਪੋਧਾਪੀ, ਧੋਖਾ ਧੜੀ, ਨਸ਼ਾਖੋਰੀ, ਭਰੂਣ ਹੱਤਿਆ ਵਰਗੇ ਕੋਹੜ, ਜਿਸਨੂੰ ਸਾਡੀ ਸਰਕਾਰ ਹਲਾਸ਼ੇਰੀ ਦੇ ਰਹੀ ਹੈ ।
ਮੈਂ ਆਪਣੇ ਇਸ ਨੁਕਤੇ ਨੂੰ ਹੋਰ ਪਕਿਆਉਣ ਲਈ ਇਕ ਤਾਜ਼ਾ ਘਟਨਾ ਦਾ ਜ਼ਿਕਰ ਕਰਦਾ ਹਾਂ । 12 ਤੇ 13 ਦਸੰਬਰ ਨੂੰ ਸ਼ੁਕਰਵਾਰ ਦੀ ਰਾਤ, ਮੈਂ ਪੀ.ਟੀ.ਸੀ. ਚੈਨਲ ਉਤੇ ਮਿਸਟਰ ਪੰਜਾਬ ਦਾ ਗਰੈਂਡ ਫਾਈਨੈਲੇ ਵੇਖ ਰਿਹਾ ਸੀ, ਜੋ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋ ਰਿਹਾ ਸੀ । ਫਾਈਨਲ ਵਿਚ ਪਹੁੰਚੇ ਉਮੀਦਵਾਰਾਂ ਨੂੰ ਛਾਂਟਦਿਆਂ ਛਾਂਟਦਿਆ ਜਦ 5 ਫਾਈਨਲਿਸਟ ਬਾਕੀ ਰਹਿ ਗਏ ਤਾਂ ਉਨ੍ਹਾਂ ਵਿਚੋਂ ਹੋਰ ਛਾਂਟੀ ਹੋਣੀ ਸੀ । ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਇਕ ਉਮੀਦਵਾਰ ਸ਼ੁਭਦੀਪ ਨੂੰ ਜੱਜ ਤਰੁਨ ਨੇ ਇਕ ਬੜਾ ਦਿਲਚਸਪ ਸੁਆਲ ਪੁੱਛਿਆ, “ਪੈਸਾ, ਪਿਆਰ ਜਾਂ ਸਿਆਣਪ, ਤੁਸੀਂ ਇਨ੍ਹਾਂ ਵਿਚੋਂ ਕਿਸ ਨੂੰ ਪਹਿਲ ਦਿਓਗੇ”? ਸ਼ੁਭਦੀਪ ਦਾ ਜੁਆਬ ਸੀ, “ਪੈਸਾ”। ਮੈਂ ਸੋਚਦਾ ਸੀ ਉਸਦਾ ਜੁਆਬ ਹੋਵੇਗਾ, “ਸਿਆਣਪ” ਪਰ ਉਸਨੇ ਬੜੇ ਮਾਣ ਨਾਲ ਕਿਹਾ “ਪੈਸਾ”। ਫੇਰ ਉਹ ਆਪਣੇ ਜੁਆਬ ਨੂੰ ਸਹੀ ਦੱਸਣ ਲਈ ਦਲੀਲ ਉਤੇ ਦਲੀਲ ਦੇ ਰਿਹਾ ਸੀ ਕਿ ਪੈਸਾ ਹੀ ਪ੍ਰਧਾਨ ਹੈ । ਇਥੋਂ ਇਹ ਪ੍ਰਤੀਤ ਹੁੰਦਾ ਹੈ ਕਿ ਅੱਜ ਕਲ ਦੇ ਸਿਸਟਮ, ਸਿਆਸਤ, ਧਰਮ, ਸਮਾਜ, ਵਿਦਿਅਕ ਤੇ ਘਰੋਗੀ ਅਦਾਰਿਆਂ ਵਿਚ ਪੈਸਾ ਹੀ ਪੜ੍ਹਾਇਆ ਜਾਂਦਾ ਹੈ ਅਤੇ ਪੈਸਾ ਬਨਾਉਣ ਲਈ ਤੁਹਾਨੂੰ ਜੋ ਵੀ ਮਾੜੇ ਤੋਂ ਮਾੜੇ ਕੰਮ ਕਰਨੇ ਪੈਂਦੇ ਹਨ, ਉਹ ਜਾਇਜ਼ ਹਨ । ਕਿੰਨੀ ਤ੍ਰਾਸਦੀ ਹਾਲਤ ਹੈ ਮਿਸਟਰ ਪੰਜਾਬ ਦੇ ਗ੍ਰੈਂਡ ਫਾਈਨੈਲੇ ਵਿਚ ਪਹੁੰਚਣ ਵਾਲੇ ਉਮੀਦਵਾਰਾਂ ਦੀ, ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਣਮੁਲੇ ਬੱਚਨ ਵੀ ਭੁੱਲ ਗਏ ਹਨ:
ਆਸਾ ਮਹਲਾ 1॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 417
ਜਿਹੜਾ ਪੈਸਾ ਪਾਪਾਂ ਨਾਲ ਹੀ ਕਮਾਇਆ ਜਾਂਦਾ ਹੈ ਤੇ ਫਿਰ ਨਾਲ ਵੀ ਨਹੀਂ ਜਾਂਦਾ, ਗ੍ਰੈਂਡ ਫਾਈਨੈਲੇ ਵਿਚ ਪਹੁੰਚਣ ਵਾਲੇ ਨੌਜੁਆਨ ਵੀ ਉਸ ਰੋਗ ਵਿਚ ਗ੍ਰਸੇ ਹੋਏ ਹਨ, ਕਿਉਂਕਿ ਪੰਜਾਬ ਦੇ ਹੁਕਮਰਾਨ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਬਣਾ ਕੇ ਸਾਡੇ ਸਿਰਾਂ ਉਤੇ ਸੁਆਰ ਹੋਏ ਬੈਠੇ ਹਨ ਤੇ ਉਨ੍ਹਾਂ ਵਲੋਂ ਸਾਨੂੰ ਕੋਈ ਇਖ਼ਲਾਕੀ ਕਦਰਾਂ ਕੀਮਤਾਂ ਨਹੀਂ ਦਸੀਆਂ ਜਾਂਦੀਆਂ । ਇਖ਼ਲਾਕ, ਸਿਆਣਪ ਦੀਆਂ ਕਦਰਾਂ ਕੀਮਤਾਂ ਹੁਣ ਕਿਤੇ ਖੰਭ ਲਾਕੇ ਉਡ ਗਈਆਂ ਹਨ । ਇਹ ਹੁਣ ਗੁਆਚ ਗਈਆਂ ਬਾਤਾਂ ਹੋ ਗਈਆਂ ਜਾਪਦੀਆਂ ਹਨ । ਸੁਪਨਦੇਸ਼ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ ਇਹ ।
ਪਰ ਮੈਂ ਹਰ ਨਿਰਾਸ਼ਾਜਨਕ ਹਾਲਾਤ ਦੇ ਬਾਵਜੂਦ ਵੀ ਦੁਆ ਕਰਾਂਗਾ: ਸ਼ਾਲਾ ਮੇਰਾ ਰੰਗਲਾ ਪੰਜਾਬ ਮੁੜ ਸੁਰਜੀਤ ਹੋ ਜਾਵੇ ।