ਮੁੰਬਈ- ਸੀਬੀਆਈ ਨੇ ਇਕ ਅਜਿਹੇ ਸੈਕਸ ਰੈਕਟ ਦਾ ਪੋਲ ਖੋਲ੍ਹਿਆ ਹੈ ਜਿਥੇ ਕਿਸੇ ਹੋਟਲ ਵਿਚ ਜਨਮ ਦਿਨ ਪਾਰਟੀ ਦਾ ਆਯੋਜਨ ਕਰਕੇ ਗਾਹਕਾਂ ਨੂੰ ਬੁਲਾ ਕੇ ਲੜਕੀਆਂ ਪੇਸ਼ ਕੀਤੀਆਂ ਜਾਂਦੀਆਂ ਸਨ। ਇਸ ਸਿਲਸਿਲੇ ਵਿਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਦੋ ਔਰਤਾਂ ਵੀ ਹਨ। ਇਨ੍ਹਾਂ ਦੇ ਨਾਂ ਹਨ – ਵਿਠਲ ਪਾਟਿਲ, ਰਾਜ ਉਰਫ ਨੰਜੂ ਗੌੜਾ, ਪ੍ਰਮੋਦ ਸ਼ਾਹ, ਰਜੇਂਦਰ ਸ਼ਾਹ, ਮੁਹੰਮਦ ਅੰਸਾਰੀ, ਵਿਭਾਸ ਰਾਏ, ਸਮਪਾ ਰਾਏ ਅਤੇ ਜਸਬੀਰ ਕੌਰ। ਗ੍ਰਿਫਤਾਰ ਕੀਤੇ ਗਏ ਕੁਝ ਅਰੋਪੀਆਂ ਵਿਚੋਂ ਕੁਝ ਅਰੋਪੀ ਮੂ਼ਲ ਰੂਪ ਵਿਚ ਦਲਾਲ ਹਨ। ਇਕ ਅਰੋਪੀ ਨੇ ਤਾਂ ਆਪਣੀ 18 ਸਾਲ ਦੀ ਧੀ ਅਤੇ ਭਤੀਜੀ ਨੂੰ ਵੀ ਇਸ ਧੰਦੇ ਵਿਚ ਝੋਂਕਿਆ ਹੋਇਆ ਹੈ।
ਇਸ ਰੈਕਿਟ ਨਾਲ ਜੁੜੇ ਲੋਕ ਮੁੰਬਈ ਅਤੇ ਨਵੀਂ ਮੁੰਬਈ ਵਿਚ ਬਰਥਡੇ ਪਾਰਟੀ ਦੇ ਨਾਂ ਤੇ ਹੋਟਲ ਬੁਕ ਕਰਵਾ ਲੈਂਦੇ ਸਨ ਅਤੇ ਫਿਰ ਉਸ ਜਗ੍ਹਾ ਲੜਕੀਆਂ ਲੈ ਆਉਂਦੇ ਸਨ ਤੇ ਗਾਹਕਾਂ ਨੂੰ ਵੀ ਉਥੇ ਬੁਲਾ ਲੈਂਦੇ ਸਨ।
ਗਾਹਕਾਂ ਦੁਆਰਾ ਲੜਕੀ ਸਲੈਕਟ ਕਰਨ ਤੋਂ ਬਾਅਦ ਉਸ ਲੜਕੀ ਨੂੰ ਕਿਸੇ ਹੋਰ ਹੋਟਲ ਜਾਂ ਲਾਂਜ ਵਿਚ ਭੇਜ ਦਿਤਾ ਜਾਂਦਾ ਸੀ। ਹੋਟਲ ਕੁਬੇਰ ਵਿਚ ਵੀ ਇਸੇ ਤਰ੍ਹਾਂ ਦੀ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਸੀਬੀਆਈ ਨੇ ਐਨਜੀਓ ਨਾਲ ਜੁੜੇ ਕੁਝ ਲੋਕਾਂ ਨੂੰ ਗਾਹਕ ਬਣਾ ਕੇ ਭੇਜ ਦਿਤਾ। ਐਨਜੀਓ ਨਾਲ ਜੁੜੇ ਲੋਕਾਂ ਨੇ ਜਿਵੇਂ ਹੀ ਦੋ ਲੜਕੀਆਂ ਨੂੰ 21-21 ਹਜ਼ਾਰ ਰੁਪੈ ਵਿਚ ਸਲੈਕਟ ਕੀਤਾ ਤਾਂ ਸਾਦੇ ਕਪੜਿਆਂ ਵਿਚ ਮੌਜੂਦ ਸੀਬੀਆਈ ਅਧਿਕਾਰੀਆਂ ਨੇ ਇਸ ਰੈਕਿਟ ਨਾਲ ਜੁੜੇ ਲੋਕਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਫਿਰ 21 ਲੜਕੀਆਂ ਨੂੰ ਇਨ੍ਹਾਂ ਦਲਾਲਾਂ ਦੇ ਚੁੰਗਲ ਵਿਚੋਂ ਛੁਡਾਇਆ।
ਹੋਟਲ ਵਿਚੋਂ ਬਰਾਮਦ ਕੀਤੀਆਂ ਗਈਆਂ ਲੜਕੀਆਂ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਉਨ੍ਹਾਂ ਦੀਆਂ ਕੁਝ ਸਾਥਣਾਂ ਨੂੰ ਸਿੰਧੀ ਕਲੋਨੀ ਵਿਚ ਜਸਬੀਰ ਕੌਰ ਨਾਂ ਦੀ ਔਰਤ ਦੇ ਘਰ ਰੱਖਿਆ ਗਿਆ ਹੈ। ਸੀਬੀਆਈ ਨੇ ਉਥੇ ਛਾਪਾ ਮਾਰ ਕੇ 13 ਲੜਕੀਆਂ ਬਰਾਮਦ ਕੀਤੀਆਂ। ਇਨ੍ਹਾਂ ਲੜਕੀਆਂ ਨੇ ਦਸਿਆ ਕਿ ਵਿਭਾਸ ਰਾਏ ਅਤੇ ਸਮਪਾ ਰਾਏ ਇਨ੍ਹਾਂ ਲੜਕੀਆਂ ਨੂੰ ਬੰਗਲਾ ਦੇਸ਼, ਅਸਾਮ ਅਤੇ ਪੱਛਮੀ ਬੰਗਾਲ ਤੋਂ ਉਨ੍ਹਾਂ ਦੇ ਮਾਂਬਾਪ ਤੋਂ ਖ੍ਰੀਦ ਕੇ ਮੁੰਬਈ ਲਿਆਏ ਸਨ। ਦਲਾਲ ਗਾਹਕਾਂ ਤੋਂ ਇਕ ਰਾਤ ਦਾ ਭਾਂਵੇ ਕਿੰਨਾ ਰੁਪਿਆ ਲੈਂਦੇ ਸਨ ਪਰ ਲੜਕੀ ਨੂੰ ਇਕ ਹਜ਼ਾਰ ਰੁਪੈ ਦਿਤੇ ਜਾਂਦੇ ਸਨ। ਸੀਬੀਆਈ ਵਲੋਂ ਗ੍ਰਿਫਤਾਰ ਕੀਤੇ ਗਏ ਅਰੋਪੀਆਂ ਵਿਚੋਂ ਜਸਬੀਰ ਕੌਰ ਕੋਲੋਂ 4 ਲਖ 79 ਹਜ਼ਾਰ ਰੁਪੈ ਵੀ ਬਰਾਮਦ ਕੀਤੇ ਹਨ ਜੋ ਉਸ ਨੂੰ ਲੜਕੀਆਂ ਦੇਣ ਤੇ ਗਾਹਕਾਂ ਤੋਂ ਮਿਲੇ ਸਨ।