ਵਲਸਾਡ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਵਲਸਾਡ ਜਿਲ੍ਹੇ ਦੇ ਅਰਨਾਈ ਪਿੰਡ ਵਿੱਚ 400 ਈਸਾਈ ਆਦੀਵਾਸੀਆਂ ਦਾ ਪੁਨਰ ਧਰਮ ਪ੍ਰੀਵਰਤਣ ਕਰਵਾ ਕੇ ਉਨ੍ਹਾਂ ਨੂੰ ਦੁਬਾਰਾ ਹਿੰਦੂ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਸੰਗਠਨ ਦੇ ਇੱਕ ਸਥਾਨਕ ਨੇਤਾ ਨੇ ਇਹ ਦਾਅਵਾ ਕਰਦੇ ਹੋਏ ਕਿਹਾ ਕਿ ਪੁਨਰ ਧਰਮ ਪ੍ਰੀਵਰਤਣ ਸਵੈ ਇੱਛਾ ਨਾਲ ਹੋਇਆ ਹੈ ਅਤੇ ਨਾਂ ਹੀ ਕੋਈ ਲਾਲਚ ਦਿੱਤਾ ਗਿਆ ਹੈ ਅਤੇ ਨਾਂ ਹੀ ਜੋਰ-ਜਬਰਦਸਤੀ ਕੀਤੀ ਗਈ ਹੈ।
ਵਿਹਿਪ ਦੇ ਜਿਲ੍ਹਾ ਪੱਧਰ ਦੇ ਨੇਤਾ ਨਾਤੂ ਪਟੇਲ ਨੇ ਕਿਹਾ, ‘ ਅਜੇ ਘਰ ਵਾਪਸੀ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪ੍ਰੀਸ਼ਦ ਨੇ ਈਸਾਈ ਕਮਿਊਨਿਟੀ ਦੇ 400 ਲੋਕਾਂ ਨੂੰ ਵਾਪਿਸ ਹਿੰਦੂ ਧਰਮ ਵਿੱਚ ਸ਼ਾਮਿਲ ਕਰ ਲਿਆ ਹੈ।’ ਉਨ੍ਹਾਂ ਨੇ ਕਿਹਾ ਕਿ ਆਦੀਵਾਸੀਆਂ ਨੂੰ ਹਿੰਦੂ ਧਰਮ ਵਿੱਚ ਵਾਪਸੀ ਤੋਂ ਪਹਿਲਾਂ ਉਨ੍ਹਾਂ ਦੇ ਸ਼ੁਧੀਕਰਨ ਲਈ ਇੱਕ ਮਹਾਂਯੱਗ ਦਾ ਆਯੋਜਨ ਕੀਤਾ ਗਿਆ ਸੀ। ਇਸ ਸਮਾਗਮ ਵਿੱਚ 3,000 ਦੇ ਕਰੀਬ ਲੋਕ ਸ਼ਾਮਿਲ ਹੋਏ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਇੱਛਾ ਅਨੁਸਾਰ ਧਰਮ ਬਦਲਿਆ ਹੈ।