ਕੈਂਸਰ

ਪੰਜਾਬ ਦੇ ਮਾਲਵਾ ਇਲਾਕੇ ਵਿੱਚ ਜਮੀਨ ਵਿੱਚ ਵੱਧ ਰਹੀ ਕੀਟਨਾਸ਼ਕਾਂ ਦੀ ਮਾਤਰਾ ਅਤੇ ਪਾਣੀ ਵਿੱਚ ਮਿਲ ਰਹੇ ਫੈਕਟਰੀਆਂ ਦੇ ਕੈਮੀਕਲ ਪਾਣੀ ਨੂੰ ਜਹਿਰੀਲਾ ਬਣਾ ਰਹੇ ਹਨ ਜੋਕਿ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਅਤੇ ਇਹਨਾਂ ਬਿਮਾਰੀਆਂ ਕਾਰਨ ਕਈ ਇਨਸਾਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਹ ਦੁਸ਼ਿਤ ਜਹਿਰੀਲਾ ਪਾਣੀ ਇਸ ਇਲਾਕੇ ਵਿੱਚ ਕੈਂਸਰ ਦੇ ਫੈਲਣ ਦਾ ਵੱਡਾ ਕਾਰਣ ਬਣ ਰਿਹਾ ਹੈ। ਇਸ ਬਿਮਾਰੀ ਨੇ ਕਿਸੇ ਵੀ ਉਮਰ ਦੇ ਬੱਚੇ, ਜਵਾਨ ਜਾਂ ਬੁਢਿਆਂ ਕਿਸੇ ਨੂੰ ਵੀ ਨਹੀਂ ਬਖਸ਼ਿਆ ਹੈ ਤੇ ਕਈ ਪਰਿਵਾਰ ਆਪਣੀ ਜਿੰਦਗੀ ਦੀ ਜਮਾਪੂੰਜੀ ਲੁਟਾ ਕੇ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਦੇ ਇਲਾਜ ਲਈ 1 ਲੱਖ 50 ਹਜਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਪਰ ਇਸ ਬਿਮਾਰੀ ਤੇ ਹੁੰਦੇ ਖਰਚੇ ਦੇ ਹਿਸਾਬ ਨਾਲ ਇਹ ਨਾਕਾਫੀ ਹੈ। ਜਿੱਥੇ ਇਸ ਬਿਮਾਰੀ ਦੇ ਇਲਾਜ ਲਈ ਹਸਪਤਾਲਾਂ ਵਿੱਚ ਢੁੱਕਵੀਆਂ ਸਹੁਲਤਾਂ ਦਾ ਹੋਣਾ ਜਰੂਰੀ ਹੈ ਉਥੇ ਹੀ ਇਸ ਬਿਮਾਰੀ ਦੇ ਫੈਲਣ ਦੇ ਮੂਲ ਕਾਰਣ ਉਪਰ ਵੀ ਕਾਬੂ ਕਰਨ ਦੀ ਲੋੜ ਹੈ।

ਮਾਲਵਾ ਇਲਾਕੇ ਦੇ ਪਾਣੀ ਵਿੱਚ ਮਿਲ ਰਹੇ ਫੈਕਟਰੀ ਦੇ ਕੈਮਿਕਲ ਜਾਂ ਫਿਰ ਕੀਟਨਾਸ਼ਕਾਂ ਦੀ ਬੇਲੋੜੀ ਵਰਤੋ ਨੇ ਜਿੱਥੇ ਲੋਕਾਂ ਦੇ ਜੀਵਨ ਸਤਰ ਵਿੱਚ ਗਿਰਾਵਟ ਲਿਆਉਂਦੀ ਹੈ ਉਥੇ ਹੀ ਮਾਲਵੇ ਦੇ ਇਲਾਕੇ ਵਿੱਚ ਇਸ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਪੈਰ ਪਸਾਰ ਲਏ ਹਨ। ਮਾਲਵਾ ਦੇ ਲੋਕਾਂ ਨੂੰ ਇਸ ਬਿਮਾਰੀ ਦਾ ਇਲਾਜ ਕਰਾਉਣ ਲਈ ਬੀਕਾਨੇਰ ਵਿੱਖੇ ਜਾਣਾ ਪੈਂਦਾ ਹੈ ਅਤੇ ਬਠਿੰਡਾ ਤੋਂ ਬਾਕੀਨੇਰ ਨੂੰ ਜਾਂਦੀ ਗੱਡੀ ਦਾ ਨਾਮ ਹੀ ਆਮ ਬੋਲੀ ਵਿੱਚ ਬਦਲ ਗਿਆ ਹੈ ਅਤੇ ਇਸ ਨੂੰ ਕੈਂਸਰ ਟ੍ਰੇਨ ਦੇ ਨਾਂਅ ਨਾਲ ਜਾਣਿਆ ਜਾਣ ਲੱਗ ਗਿਆ ਹੈ। ਪਿਛਲੀ ਯੂ ਪੀ ਏ ਸਰਕਾਰ ਵਲੋਂ ਮਾਲਵੇ ਦੇ ਲੋਕਾਂ ਦੀ ਸਹੂਲਤ ਲਈ ਸੰਗਰੁਰ ਵਿੱਚ ਮਿੰਨੀ ਪੀ ਜੀ ਆਈ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਜੋ ਹਸਪਤਾਲ ਬਣਨ ਨਾਲ ਮਾਲਵਾ ਦੇ ਇਲਾਕੇ ਦੇ ਲੋਕ ਇੱਥੇ ਨਜ਼ਦੀਕ ਹੀ ਇਲਾਜ ਕਰਵਾ ਸਕਣ ਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਇਸ ਨਾਮੁਰਾਦ ਬਿਮਾਰੀ ਦੇ ਫੈਲਣ ਦੇ ਸਹੀ ਕਾਰਣਾਂ ਦਾ ਪਤਾ ਲਗਾ ਕੇ ਇਸ ਉਪਰ ਸਖਤੀ ਦੇ ਨਾਲ ਕਾਬੂ ਕਰਨਾ ਚਾਹੀਦਾ ਹੈ ।

ਦਿਲ ਦੇ ਰੋਗਾਂ ਤੋਂ ਬਾਦ ਕੈਂਸਰ ਵਿਸ਼ਵ ਭਰ ਵਿੱਚ ਮੌਤ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਹੈ। ਵਿਸ਼ਵ ਸਿਹਤ ਸੰਸਥਾ ਵਲੋਂ ਆਏ ਸਾਲ 4 ਫਰਵਰੀ ਨੂੰ ਕੈਂਸਰ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਤੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਬਿਮਾਰੀ ਵਿੱਚ ਵਿਸ਼ਵ ਵਿਆਪਕ ਤੌਰ ਤੇ ਭਾਰੀ ਵਾਧਾ ਹੋਇਆ ਹੈ ਤੇ ਇਸ ਦਾ ਮੁੱਖ ਕਾਰਣ ਅਬਾਦੀ ਵਿੱਚ ਬੇਹਿਸਾਬ ਵਾਧਾ ਤੇ ਲੋਕਾਂ ਵਲੋਂ ਸਿਗਰੇਟ ਨੋਸ਼ੀ ਵਰਗੀਆਂ ਕੈਂਸਰ ਨੂੰ ਵਧਾਵਾ ਦੇਣ ਵਾਲੀਆਂ ਆਦਤਾਂ ਨੂੰ ਅਪਣਾਉਣਾ ਹੈ। ਇਹ ਬਿਮਾਰੀ ਸ਼ਰੀਰ ਦੇ ਕਿਸੇ ਅੰਗ ਵਿੱਚ ਵੀ ਜੀਵ ਕੋਸ਼ਿਕਾਵਾਂ ਦੇ ਗੈਰ ਜਰੁਰੀ ਵਾਧੇ ਦੇ ਸਿੱਟੇ ਵਜੋਂ ਹੋ ਸਕਦੀ ਹੈ ਤੇ ਛੇਤੀ ਹੀ ਇਹ ਸ਼ਰੀਰ ਦੇ ਹੋਰ ਅੰਗਾਂ ਤੇ ਹਮਲਾ ਕਰਕੇ ਦੂਜੇ ਹਿੱਸਿਆਂ ਵਿੱਚ ਵੀ ਫੈਲ ਜਾਂਦੀ ਹੈ। ਵਿਸ਼ਵ ਸਿਹਤ ਸੰਸਥਾ ਮੁਤਾਬਕ 2012 ਵਿੱਚ 82 ਲੱਖ ਲੋਕਾਂ ਦੀ ਮੌਤ ਇਸ ਨਾਮੁਰਾਦ ਬਿਮਾਰੀ ਕਾਰਣ ਹੋ ਗਈ ਯਾਨੀ ਕਿ ਵਿਸ਼ਵ ਦੀਆਂ ਕੁੱਲ ਮੌਤਾਂ ਦਾ 13 ਫੀਸਦੀ ਤੇ 127 ਲੱਖ ਕੈਂਸਰ ਦੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਚੋਂ 56 ਫੀਸਦੀ ਮਾਮਲੇ ਤੇ 64 ਫੀਸਦੀ ਮੌਤਾਂ ਆਰਥਿਕ ਪੱਧਰ ਤੇ ਤਰੱਕੀ ਕਰ ਰਹੇ ਦੇਸ਼ਾਂ ਵਿੱਚ ਹੋਈਆਂ। ਸਾਲ 2008 ਵਿੱਚ ਕੈਂਸਰ ਕਾਰਣ ਹੋਈਆਂ ਕੁੱਲ ਮੌਤਾਂ ਚੋਂ 72 ਫੀਸਦੀ ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਸਨ। ਇੱਕ ਅਨੁਮਾਨ ਮੁਤਾਬਕ 2030 ਤੱਕ ਇਸ ਬਿਮਾਰੀ ਨਾਲ ਮੌਤ ਦਾ ਆਂਕੜਾ 110 ਲੱਖ ਨੂੰ ਵੀ ਪਾਰ ਕਰ ਜਾਵੇਗਾ।
ਤੰਬਾਕੁ, ਸ਼ਰਾਬ, ਖਾਣ ਪੀਣ ਦੀਆਂ ਗਲਤ ਆਦਤਾਂ, ਜਿਆਦਾ ਮੋਟਾਪਾ, ਸ਼ਰੀਰਕ ਤੌਰ ਤੇ ਘੱਟ ਚੁਸਤੀ ਦਾ ਹੋਣਾ, ਪ੍ਰਦੂਸ਼ਨ, ਭੋਜਨ ਵਿੱਚ ਫਲ ਤੇ ਸਬਜੀਆਂ ਦੀ ਘੱਟ ਵਰਤੋਂ ਤੇ ਪੁਰਾਣਾ ਰੋਗ ਕੈਂਸਰ ਹੋਣ ਦਾ ਕਾਰਣ ਹੋ ਸਕਦੇ ਹਨ। ਇੱਕਲਾ ਤੰਬਾਕੁ ਹੀ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾ ਚੋਂ 22 ਫਿਸਦੀ ਮੌਤਾਂ ਲਈ ਜਿੰਮੇਵਾਰ ਹੈ। ਤੰਬਾਕੁ ਕਾਰਣ ਫੇਫੜਿਆਂ, ਗਲੇ, ਪੇਟ ਕਿਡਨੀ, ਮੁੰਹ ਆਦਿ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਫੇਫੜਿਆਂ ਦਾ ਕੈਂਸਰ ਹੋਰ ਕਿਸੇ ਵੀ ਅੰਗ ਦੇ ਕੈਂਸਰ ਤੋਂ ਵੱਧ ਲੋਕਾਂ ਦੀ ਜਾਨ ਲੈਂਦਾ ਹੈ। ਫੇਫੜਿਆਂ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾ ਚੋਂ 71 ਫੀਸਦੀ ਦਾ ਕਾਰਣ ਵੀ ਤੰਬਾਕੁ ਹੀ ਹੈ। ਜੇਕਰ ਇਸਦੇ ਨਾਲ ਹੀ ਸ਼ਰਾਬਨੋਸ਼ੀ ਦੀ ਆਦਤ ਹੋਵੇ ਤਾਂ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਜਿੰਨ੍ਹੀ ਜਿਆਦਾ ਸ਼ਰਾਬ ਉਨ੍ਹਾਂ ਹੀ ਵੱਧ ਖਤਰਾ। ਇਹ ਆਦਮੀਆਂ ਵਿੱਚ 22 ਫੀਸਦੀ ਮੂੰਹ ਤੇ ਗਲੇ ਦੇ ਕੈਂਸਰ ਦਾ ਕਾਰਣ ਹੈ ਤੇ ਔਰਤਾਂ ਵਿੱਚ 9 ਫੀਸਦੀ। ਜਿਹੜੇ ਲੋਕ ਆਪ ਤਾਂ ਸਿਗਰੇਟ ਬੀੜੀ ਨਹੀਂ ਪੀਂਦੇ ਪਰ ਜਿਆਦਾ ਸਮੇਂ ਇਸਦੇ ਧੂੰਏ ਵਾਲੇ ਮਹੌਲ ਵਿੱਚ ਕੱਟਦੇ ਹਨ ਉਹਨਾਂ ਨੂੰ ਵੀ ਫੇਫੜਿਆਂ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਹੋਰ ਰੋਗ ਫੈਲਾਉਣ ਲਈ ਜਿੰਮੇਵਾਰ ਤੱਤ ਵੀ ਵਿਕਾਸਸ਼ੀਲ ਦੇਸ਼ਾਂ ਵਿੱਚ 22 ਫਿਸਦੀ ਤੇ ਉਦਯੋਗਿਕ ਦੇਸ਼ਾਂ ਵਿੱਚ 6 ਫਿਸਦੀ ਕੈਂਸਰ ਮੌਤਾਂ ਲਈ ਜਿੰਮੇਵਾਰ ਹਨ। ਹਵਾ ਪਾਣੀ ਦੇ ਪ੍ਰਦੂਸ਼ਨ ਰਾਹੀਂ ਜਹਿਰੀਲੀਆਂ ਗੈਸਾਂ ਦੇ ਨਿੱਤ ਸੰਪਰਕ ਵਿੱਚ ਆਉਣ ਵਾਲਿਆਂ ਵਿੱਚ ਫੇਫੜਿਆਂ ਤੇ ਗਲੇ ਦੇ ਕੈਂਸਰ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਗਲੇ, ਵੱਡੀ ਆਂਤ, ਪੇਟ, ਜਿਗਰ ਤੇ ਔਰਤਾਂ ਵਿੱਚ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਦੇ ਜਿਆਦਾ ਮਾਮਲੇ ਸਾਮਣੇ ਆਉਂਦੇ ਹਨ।

ਆਦਮੀਆਂ ਤੇ ਔਰਤਾਂ ਵਿੱਚ ਕੈਂਸਰ ਹੋਣ ਦੇ ਵੱਖ ਵੱਖ ਕਾਰਣ ਹੋ ਸਕਦੇ ਹਨ ਤੇ ਕੈਂਸਰ ਵੀ ਵੱਖ ਵੱਖ ਤਰ੍ਹਾਂ ਦੇ ਹੁੰਦੇ ਹਨ। ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਜਿਆਦਾ ਮਾਮਲੇ ਸਾਮਣੇ ਆਉਂਦੇ ਹਨ। ਕੁੱਲ ਮਾਮਲਿਆਂ ਚੋਂ 23 ਫਿਸਦੀ ਤੇ ਜਿਆਦਾ ਮੌਤਾਂ ਵੀ ਇਸੇ ਕਾਰਣ ਹੁੰਦੀਆਂ ਹਨ। ਕੁੱਲ ਮਾਮਲਿਆਂ ਚੋਂ 14 ਫੀਸਦੀ। ਆਦਮੀਆਂ ਵਿੱਚ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਜਿਆਦਾ ਸਾਮਣੇ ਆਉਂਦੇ ਹਨ – ਕੁੱਲ ਮਾਮਲਿਆਂ ਚੋਂ 17 ਫੀਸਦੀ ਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾ ਚੋਂ 23 ਫੀਸਦੀ ਦਾ ਕਾਰਣ ਫੇਫੜਿਆਂ ਦਾ ਕੈਂਸਰ ਹੀ ਹੈ। ਆਰਥਿਕ ਪੱਧਰ ਤੇ ਤਰੱਕੀ ਕਰ ਰਹੇ ਦੇਸ਼ਾਂ ਦੀਆਂ ਔਰਤਾਂ ਵਿੱਚ ਵੀ ਛਾਤੀ ਦੇ ਕੈਂਸਰ ਵਿੱਚ ਵਾਧਾ ਹੋਇਆ ਹੈ ਜੱਦਕਿ ਇੱਕ ਦਹਾਕੇ ਪਹਿਲਾਂ ਤੱਕ ਜਿਆਦਾ ਮਾਮਲੇ ਗਲੇ ਦੇ ਕੈਂਸਰ ਦੇ ਸਨ। ਨਾਲ ਹੀ ਇਹਨਾਂ ਦੇਸ਼ਾਂ ਵਿੱਚ ਗਲੇ ਦੇ ਕੈਂਸਰ ਦੇ ਨਾਲ ਨਾਲ ਔਰਤਾਂ ਵਿੱਚ ਫੇਫੜਿਆਂ ਦੇ ਕੈਂਸਰ ਨਾਲ ਵੀ ਮੌਤ ਦੀ ਦਰ ਵਿੱਚ ਵਾਧਾ ਹੋਇਆ ਹੈ ਜੋਕਿ ਦੋਹਾਂ ਹੀ ਮਾਮਲਿਆਂ ਵਿੱਚ 11-11 ਫੀਸਦੀ ਹੈ। ਚਾਹੇ ਸਭ ਤਰ੍ਹਾਂ ਦੇ ਮਾਮਲੇ ਮਿਲਾ ਕੇ ਤਰੱਕੀ ਕਰ ਰਹੇ ਦੇਸ਼ਾਂ ਵਿੱਚ ਕੈਂਸਰ ਦੇ ਮਾਮਲੇ ਵਿਕਸਿਤ ਦੇਸ਼ਾਂ ਦਾ 50 ਫੀਸਦੀ ਹਨ ਪਰ ਇਹਨਾਂ ਵਿੱਚ ਮੌਤ ਦੀ ਦਰ ਤਕਰੀਬਨ ਬਰਾਬਰ ਹੀ ਹੈ। ਘੱਟ ਵਿਕਸਿਤ ਦੇਸ਼ਾਂ ਵਿੱਚ ਇਸ ਬਿਮਾਰੀ ਨਾਲ ਮੌਤ ਦੀ ਦਰ ਜਿਆਦਾ ਹੋਣ ਦਾ ਕਾਰਣ ਇਸ ਦਾ ਦੇਰ ਨਾਲ ਪਤਾ ਲੱਗਣਾ ਹੈ ਤੇ ਸਮੇਂ ਸਿਰ ਸਹੀ ਇਲਾਜ ਦਾ ਨਾ ਹੋਣਾ ਹੈ ਜਿਸ ਨਾਲ ਬਿਮਾਰੀ ਅਖੀਰਲੇ ਮੁਕਾਮ ਤੱਕ ਪੁੱਜ ਚੁੱਕੀ ਹੁੰਦੀ ਹੈ।

ਮਨੁੱਖ ਦੇ ਕੰਮ ਕਰਣ ਦੀ ਥਾਂ ਤੇ ਮਹੌਲ ਵੀ ਉਸ ਵਿੱਚ ਕੈਂਸਰ ਦਾ ਕਾਰਣ ਬਣਦੇ ਹਨ। ਆਏ ਸਾਲ 1 ਲੱਖ 52 ਹਜਾਰ ਦੇ ਕਰੀਬ ਲੋਕ ਇਸੇ ਕਾਰਣ ਹੋਏ ਕੈਂਸਰ ਨਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕੈਮੀਕਲ ਫੈਕਟਰੀਆਂ ਤੇ ਪਰਮਾਣੂ ਸਯੰਤਰਾਂ ਵਿੱਚ ਕੰਮ ਕਰਣ ਵਾਲਿਆਂ ਦੇ ਇਹਨਾਂ ਗੈਸਾਂ ਦੇ ਸੰਪਰਕ ਵਿੱਚ ਆਉਣ ਨਾਲ ਇਹਨਾਂ ਵਿੱਚ ਕੈਂਸਰ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਜਿਆਦਾ ਸਮਾਂ ਧੁੱਪ ਵਿੱਚ ਕੰਮ ਕਰਣ ਨਾਲ ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਤੋਂ ਪ੍ਰਭਾਵਿਤ ਲੋਕਾਂ ਵਿੱਚ ਚਮੜੀ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਇਸ ਬਿਮਾਰੀ ਦੇ ਸ਼ੁਰੂਆਤੀ ਮੁਕਾਮ ਤੇ ਹੀ ਇਸਦਾ ਪਤਾ ਚਲਣ ਨਾਲ ਇਸ ਦਾ ਇਲਾਜ ਹੋ ਸਕਦਾ ਹੈ। ਲੋਕਾਂ ਅਤੇ ਸਿਹਤ ਕੇਂਦਰਾਂ ਵਿੱਚ ਕੈਂਸਰ ਦੇ ਲੱਛਣਾਂ ਬਾਰੇ ਜਾਗਰੁਕਤਾ ਨਾਲ ਇਸਦਾ ਸਮੇਂ ਸਿਰ ਪਤਾ ਚਲ ਸਕਦਾ ਹੈ। ਇਸਦੇ ਕੁੱਝ ਸ਼ੁਰੂਆਤੀ ਲੱਛਣ ਹਨ ਜਿਵੇਂਕਿ ਗੰਢ, ਠੀਕ ਨਾਂ ਹੋ ਰਿਹਾ ਫੋੜਾ, ਬੇਵਜਾ ਖੂਨ ਵੱਗਣਾ, ਲਗਾਤਾਰ ਬਦਹਜਮੀ ਰਹਿਣਾ। ਇਹਨਾਂ ਲੱਛਣਾ ਤੇ ਗੌਰ ਕਰਣ ਨਾਲ ਛਾਤੀ, ਮੂੰਹ, ਗਲੇ, ਵੱਡੀ ਆਂਤ ਤੇ ਚਮੜੀ ਦੇ ਕੈਂਸਰ ਦਾ ਸਮਾਂ ਰਹਿੰਦੇ ਹੀ ਪਤਾ ਚਲ ਸਕਦਾ ਹੈ। ਇਸ ਤੋਂ ਇਲਾਵਾ ਇਸ ਬਿਮਾਰੀ ਦੇ ਹੋਣ ਦੇ ਕਾਰਣ ਜਿਵੇਂ ਕਿ ਤੰਬਾਕੁ, ਸ਼ਰਾਬ ਆਦਿ ਤੋਂ ਪਰਹੇਜ ਕਰਕੇ ਵੀ ਇਸ ਤੋਂ ਕਾਫੀ ਹੱਦ ਤੱਕ ਬੱਚਿਆ ਜਾ ਸਕਦਾ ਹੈ। ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਕੇ ਵੀ ਕਾਫੀ ਹੱਦ ਤੱਕ ਕੈਂਦਰ ਦੇ ਖਤਰੇ ਨੂੰ ਟਾਲਿਆ ਜਾ ਸਕਦਾ ਹੈ। ਫਲਾਂ ਤੇ ਸਬਜੀਆਂ ਨਾਲ ਭਰਪੂਰ ਖੁਰਾਕ ਸ਼ਰੀਰ ਵਿੱਚ ਕੈਂਸਰ ਤੋਂ ਬਚਾਅ ਦੀ ਤਾਕਤ ਪੈਦਾ ਕਰਦੀ ਹੈ। ਲਾਲ ਮੀਟ ਜਾਂ ਕੋਲਡ ਸਟੋਰਾਂ ਵਿੱਚ ਲੰਮੇ ਸਮੇਂ ਤੋਂ ਰੱਖੇ ਗਏ ਮੀਟ ਦਾ ਸੇਵਨ ਕਰਣ ਨਾਲ ਵੀ ਵੱਡੀ ਆਂਤ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਭੋਜਨ ਵਿੱਚ ਜਿਆਦਾ ਮਿਰਚ ਮਸਾਲਿਆਂ ਦੀ ਵਰਤੋਂ ਮੂੰਹ ਤੇ ਗਲੇ ਦੇ ਕੈਂਸਰ ਨੂੰ ਦਾਵਤ ਦਿੰਦੀ ਹੈ। ਸਹੀ ਖਾਣ ਪੀਣ ਤੇ ਸਰੀਰਕ ਕਸਰਤ ਹੋਰ ਬਿਮਾਰੀਆਂ ਦੇ ਨਾਲ ਨਾਲ ਮਨੁੱਖੀ ਸ਼ਰੀਰ ਨੂੰ ਕੈਂਸਰ ਤੋਂ ਵੀ ਬਚਾ ਕੇ ਰੱਖਦਾ ਹੈ। ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਸਰੀਰਕ ਕੰਮ ਘੱਟ ਗਏ ਹਨ ਤੇ ਖਾਣ ਪੀਣ ਵਿੱਚ ਫਾਸਟ ਫੂਡ ਤੇ ਤਲਿਆ ਖਾਣਾ ਵੱਧ ਗਿਆ ਹੈ ਜੋਕਿ ਸਿੱਧਾ ਅਸਰ ਸਿਹਤ ਦੇ ਪਾਉਂਦਾ ਹੈ। ਪਰ ਸਾਰੇ ਬਚਾਅ ਰੱਖ ਕੇ ਵੀ ਫਿਰ ਵੀ ਇਹ ਨਾਮੁਰਾਦ ਬਿਮਾਰੀ ਘੇਰ ਲਵੇ ਤਾਂ ਫਿਰ ਇਸ ਦਾ ਇਲਾਜ ਅਪਰੇਸ਼ਨ ਤੇ ਕੀਮੋਥੈਰਪੀ ਨਾਲ ਹੀ ਹੋ ਸਕਦਾ ਹੈ।ਪਰ ਇਲਾਜ ਸ਼ੁਰੂ ਕਰਵਾਉਣ ਤੋਂ ਪਹਿਲਾਂ ਕੁੱਝ ਗਲਤ ਫਹਮੀਆਂ ਨੂੰ ਦੂਰ ਕਰ ਲੈਣਾ ਜਰੂਰੀ ਹੈ। ਵੱਖ ਵੱਖ ਅੰਗਾਂ ਦੇ ਕੈਂਸਰ ਦਾ ਇਲਾਜ ਇੱਕੋ ਜਿਹਾ ਨਹੀਂ ਹੁੰਦਾ। ਵੱਖ ਕੈਂਸਰ ਦਾ ਸ਼ਰੀਰ ਤੇ ਪ੍ਰਭਾਅ ਵੱਖ ਹੁੰਦਾ ਹੈ ਤੇ ਉਸ ਦਾ ਇਲਾਜ ਤੇ ਦਵਾਈਆਂ ਵੀ ਅਲਗ ਹੀ ਹੁੰਦੀਆਂ ਹਨ। ਇਹ ਸੋਚਨਾ ਕਿ ਕੈਂਸਰ ਲਾਇਲਾਜ ਹੈ ਇਹ ਬਿਲਕੁੱਲ ਗਲਤ ਹੈ। ਸ਼ੁਰੂਆਤੀ ਦੋਰ ਤੇ ਇਸ ਬਿਮਾਰੀ ਦਾ ਪਤਾ ਚਲ ਜਾਣ ਤੇ ਸਹੀ ਇਲਾਜ ਮਿਲਣ ਨਾਲ ਜਿਆਦਾਤਰ ਕੈਂਸਰ ਦੇ ਮਰੀਜਾਂ ਦਾ ਇਲਾਜ ਹੋ ਸਕਦਾ ਹੈ। ਸ਼ਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋਣ ਵਾਲੀ ਕੋਈ ਗੰਢ ਜਾਂ ਰਸੌਲੀ ਜਰੂਰੀ ਨਹੀਂ ਹੈ ਕਿ ਕੈਂਸਰ ਹੀ ਹੋਵੇ। ਕਈ ਛੋਟੀਆਂ ਗੰਢਾਂ ਤਾਂ ਆਪਣੇ ਆਪ ਹੀ ਖੁਰ ਜਾਂਦੀਆਂ ਹਨ ਤੇ ਕੁੱਝ ਗੰਢਾ ਤੇ ਰਸੋਲੀਆਂ ਨੂੰ ਆਮ ਅਪਰੇਸ਼ਨ ਨਾਲ ਕੱਢ ਦਿੱਤਾ ਜਾ ਸਕਦਾ ਹੈ। ਕੋਈ ਗੰਢ ਕੈਂਸਰ ਹੈ ਜਾਂ ਨਹੀਂ ਇਸ ਲਈ ਉਸਦਾ ਟੈਸਟ ਕਰਵਾਉਣਾ ਜਰੂਰੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਕੈਂਸਰ ਨੂੰ ਠੀਕ ਕਰਣ ਲਈ ਇਲਾਜ ਦੀ ਨਹੀਂ ਇੱਛਾ ਸ਼ਕਤੀ ਦੀ ਲੋੜ ਹੈ। ਇਹ ਠੀਕ ਹੈ ਕਿ ਸਕਾਰਾਤਮਕ ਸੋਚ ਕਈ ਬਿਮਾਰੀਆਂ ਵਿੱਚ ਚਮਤਕਾਰ ਦਾ ਕੰਮ ਕਰਦੀ ਹੈ ਪਰ ਉਸਦੇ ਨਾਲ ਇਲਾਜ ਦੀ ਜਰੂਰਤ ਵੀ ਹੁੰਦੀ ਹੈ। ਇਲਾਜ ਤੋਂ ਬਿਨਾਂ ਇਸ ਬਿਮਾਰੀ ਨੂੰ ਜੜੋਂ ਖਤਮ ਨਹੀਂ ਕੀਤਾ ਜਾ ਸਕਦਾ। ਹੁਣ ਦੀਆਂ ਨਵੀਆਂ ਤਕਨੀਕਾਂ ਨਾਲ ਮਾਹਿਰ ਡਾਕਟਰ ਇਸ ਨਾ ਮੁਰਾਦ ਬਿਮਾਰੀ ਦਾ ਸਫਲ ਅਪਰੇਸ਼ਨ ਕਰਣ ਵਿੱਚ ਕਾਮਯਾਬ ਹੋ ਰਹੇ ਹਨ। ਇੱਕ ਹੋਰ ਗਲਤਫਹਮੀ ਇਸ ਬਿਮਾਰੀ ਬਾਰੇ ਹੈ ਕਿ ਛਾਤੀ ਦਾ ਕੈਂਸਰ ਸਿਰਫ ਔਰਤਾਂ ਨੂੰ ਹੀ ਹੁੰਦਾ ਹੈ। ਪਰ ਕਿਉਂਕਿ ਛਾਤੀ ਦੇ ਟੀਸ਼ੂ ਤਾਂ ਮਰਦਾਂ ਵਿੱਚ ਵੀ ਹੁੰਦੇ ਹਨ ਤਾਂ ਇਹ ਛਾਤੀ ਦਾ ਕੈਂਸਰ ਮਰਦਾਂ ਨੂੰ ਵੀ ਹੋ ਸਕਦਾ ਹੈ। ਇਹ ਠੀਕ ਹੈ ਕਿ ਜਿਆਦਾਤਰ ਇਹ ਔਰਤਾਂ ਨੂੰ ਹੀ ਹੁੰਦਾ ਹੈ ਪਰ ਅਮਰੀਕਨ ਕੈਂਸਰ ਸੋਸਾਇਟੀ ਮੁਤਾਬਕ ਅੰਦਾਜਨ ਆਏ ਸਾਲ 2000 ਮਰਦਾਂ ਨੂੰ ਇਹ ਕੈਂਸਰ ਹੁੰਦਾ ਹੈ।

ਭਾਰਤ ਵਿੱਚ ਜਿਸ ਤਰ੍ਹਾ ਕੈਂਸਰ ਆਪਣੀ ਪੈਠ ਬਣਾ ਰਿਹਾ ਹੈ ਉਸ ਨੂੰ ਰੋਕਣ ਦਾ ਇੱਕ ਹੀ ਉਪਰਾਲਾ ਹੈ ਕਿ ਸਰਕਾਰ ਇਸ ਨਾਮੁਰਾਦ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇ ਅਤੇ ਇਸ ਬਿਮਾਰੀ ਦੇ ਫੈਲਣ ਦੇ ਕਾਰਣਾਂ ਨੂੰ ਘਟਾਵੇ। ਇਸ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਥਾਂ ਥਾਂ ਤੇ ਹਸਪਤਾਲ ਖੋਲੇ ਜਾਣ ਅਤੇ ਇਸ ਦਾ ਇਲਾਜ ਸਸਤੇ ਤੋਂ ਸਸਤਾ ਉਪਲਬਧ ਕਰਵਾਇਆ ਜਾਵੇ ਤਾਂ ਜੋ ਇਸ ਨਾਮੁਰਾਦ ਬਿਮਾਰੀ ਨੂੰ ਕੰਟਰੋਲ  ਕੀਤਾ ਜਾ ਸਕੇ। ਸਰਕਾਰ ਵੱਲੋਂ ਇਸ ਨਾਮੁਰਾਦ ਬਿਮਾਰੀ ਦੇ ਇਲਾਜ ਵਿੱਚ ਇਸਤਮਾਲ ਹੋਣ ਵਾਲੀਆਂ ਦਵਾਈਆਂ ਦੇ ਰੇਟ ਕੰਟਰੋਲ ਕਰਨੇ ਚਾਹੀਦੇ ਹਨ ਤਾਂ ਜੋ ਇਸ ਦਾ ਇਲਾਜ ਸਸਤਾ ਹੋ ਸਕੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>