ਚੰਡੀਗੜ੍ਹ – “ਜੋ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸੈਸਨ ਵਿਚ ਕਾਂਗਰਸੀ ਆਗੂਆਂ ਨੇ ਸ. ਵਿਰਸਾ ਸਿੰਘ ਵਲਟੋਹਾ ਵੱਲੋਂ ਹਾਊਸ ਵਿਚ ਆਪਣੇ ਆਪ ਨੂੰ “ਅੱਤਵਾਦੀ” ਗਰਦਾਨਦੇ ਹੋਏ ਖਿਆਲਾਤ ਪ੍ਰਗਟਾਏ ਹਨ, ਉਸ ਵਿਰੁੱਧ ਕਾਂਗਰਸੀਆ ਵੱਲੋ ਮਚਾਏ ਕੋਹਰਾਮ ਕੋਈ ਸਾਰਥਿਕ ਨਤੀਜਾ ਇਸ ਕਰਕੇ ਨਹੀਂ ਨਿਕਲਣ ਵਾਲਾ ਕਿਉਂਕਿ ਸ. ਵਿਰਸਾ ਸਿੰਘ ਵਲਟੋਹਾ, ਸ. ਪ੍ਰਕਾਸ਼ ਸਿੰਘ ਬਾਦਲ, ਕਰਨਲ ਜਸਮੇਰ ਸਿੰਘ ਬਾਲਾ, ਆਰ.ਪੀ. ਸਿੰਘ ਆਦਿ ਨੇ ਉਸ ਸਮੇਂ ਬੱਬਰਾਂ ਦੀ ਸੋਚ ਨੂੰ ਅਮਲੀ ਰੂਪ ਦਿੰਦਿਆ ਖੁਦ ਹੀ ਸਿੱਖ ਲੀਡਰਸਿਪ ਉਤੇ ਦਬਾਅ ਪਾ ਕੇ 1992 ਵਿਚ ਹੋਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਵਾਕੇ ਮਰਹੂਮ ਬੇਅੰਤ ਸਿੰਘ ਦੀ ਕਾਂਗਰਸ ਹਕੂਮਤ ਪੰਜਾਬ ਵਿਚ ਕਾਇਮ ਕਰਨ ਲਈ ਮੁੱਖ ਭੂਮਿਕਾ ਨਿਭਾਈ ਸੀ । ਭਾਵੇ ਕਿ ਸ. ਬਾਦਲ ਅਤੇ ਸ. ਵਲਟੋਹਾ ਇਸ ਸਮੇਂ ਪੰਜਾਬ ਵਿਧਾਨ ਸਭਾ ਦੇ ਵਿਚ ਵੱਖਰੇ ਗਰੁੱਪ ਵਿਚ ਹਨ, ਪਰ ਇਹ ਕਾਂਗਰਸੀ ਅਤੇ ਬਾਈਕਾਟ ਕਰਵਾਉਣ ਵਾਲੀਆ ਧਿਰਾ ਅਤੇ ਉਪਰੋਕਤ ਵਰਣਨ ਕੀਤੇ ਗਏ ਸਭ ਸਿਆਸੀ ਆਗੂ ਜੋ ਉਸ ਸਮੇਂ ਕਾਂਗਰਸ ਨਾਲ ਇਕ-ਮਿਕ ਸਨ, ਅੱਜ ਇਹਨਾਂ ਨੂੰ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਵੱਖਰੇ ਤੌਰ ਤੇ ਕਿਵੇ ਵੇਖ ਸਕਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਵਲਟੋਹਾ ਵੱਲੋ ਆਪਣੇ ਆਪ ਨੂੰ “ਅੱਤਵਾਦੀ” ਕਹਿਣ ਦੇ ਮੁੱਦੇ ਉਤੇ ਬਾਦਲ ਦਲੀਆਂ ਅਤੇ ਕਾਂਗਰਸੀਆ ਵੱਲੋ ਕੀਤੀਆ ਜਾ ਰਹੀਆਂ ਟਿੱਪਣੀਆਂ ਵਿਰੁੱਧ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਇਹਨਾਂ ਨੂੰ ਇਕੋ ਥੈਲੀ ਦੇ ਚੱਟੇ-ਵੱਟੇ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੋ ਬੀਤੇ ਸਮੇਂ ਵਿਚ ਪੰਜਾਬ ਸੂਬੇ, ਸਿੱਖ ਕੌਮ ਅਤੇ ਪੰਜਾਬੀਆਂ ਨਾਲ ਜ਼ਬਰ-ਜੁਲਮ, ਵਿਤਕਰੇ ਅਤੇ ਬੇਇਨਸਾਫ਼ੀਆ ਹੁੰਦੀਆਂ ਰਹੀਆਂ ਹਨ ਅਤੇ ਜੋ ਅੱਜ ਵੀ ਹੋ ਰਹੀਆਂ ਹਨ, ਉਸ ਲਈ ਇਹ ਦੋਵੇ ਜਮਾਤਾਂ ਬਾਦਲ ਦਲੀਏ ਅਤੇ ਕਾਂਗਰਸੀ ਹੀ ਮੁੱਖ ਤੌਰ ਤੇ ਜਿ਼ੰਮੇਵਾਰ ਹਨ । ਜਿਨ੍ਹਾਂ ਨੇ ਇਥੋ ਦੇ ਬਸਿੰਦਿਆ ਨੂੰ ਲੰਮਾਂ ਸਮਾਂ ਸੰਤਾਪ ਦੇ ਕਹਿਰ ਵਿਚ ਸੜਨ ਲਈ ਬੀਤੇ ਸਮੇਂ ਵਿਚ ਮਜ਼ਬੂਰ ਕੀਤਾ ਅਤੇ ਅਨੇਕਾ ਹੀ ਬੇਕਸੂਰ ਜਾਨਾਂ, ਬੱਚੇ, ਨੌਜ਼ਵਾਨ, ਬੀਬੀਆਂ ਨੂੰ ਆਪਣੇ ਸਿਆਸੀ ਸਵਾਰਥਾਂ ਅਤੇ ਹਕੂਮਤੀ ਤਾਕਤਾਂ ਪ੍ਰਾਪਤ ਕਰਨ ਲਈ ਸ਼ਹੀਦ ਕਰਵਾਏ ਅਤੇ ਪੰਜਾਬ ਦੇ ਅਮਲਮਈ ਮਾਹੌਲ ਨੂੰ ਲੰਮਾਂ ਸਮਾਂ ਸਾਜ਼ਸੀ ਢੰਗ ਨਾਲ ਲਾਬੂ ਵੀ ਲਗਾਈ ਰੱਖਿਆ ਅਤੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਦੇ ਭਾਗੀ ਵੀ ਬਣਦੇ ਰਹੇ ਹਨ । ਉਹਨਾਂ ਕਿਹਾ ਕਿ ਅੱਜ ਇਹਨਾਂ ਸ੍ਰੀ ਵਲਟੋਹਾ, ਬਾਦਲ, ਕਰਨਲ ਬਾਲਾ, ਆਰ.ਪੀ. ਸਿੰਘ ਅਤੇ ਹੁਣ ਇਸ ਮੁੱਦੇ ਉਤੇ ਬੋਲਣ ਵਾਲੇ ਸ. ਪ੍ਰਤਾਪ ਸਿੰਘ ਬਾਜਵਾ, ਸ੍ਰੀ ਸੁਨੀਲ ਜਾਖੜ ਅਤੇ ਹੋਰ ਕਾਂਗਰਸੀ ਆਗੂਆਂ ਵਿਚ ਕੋਈ ਰਤੀਭਰ ਵੀ ਫਰਕ ਨਹੀਂ ਹੈ । ਕਿਉਂਕਿ ਇਹਨਾਂ ਵਿਚੋ ਕੋਈ ਆਪਣੇ-ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਜਾਂ ਕਾਂਗਰਸੀ ਆਗੂ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਲਈ ਨਾ ਤਾਂ ਸੰਜ਼ੀਦਾ ਹਨ ਅਤੇ ਨਾ ਹੀ ਇਹਨਾਂ ਵਿਚ ਇਸ ਦੀ ਪੂਰਤੀ ਲਈ ਦ੍ਰਿੜਤਾ-ਸ਼ਕਤੀ ਅਤੇ ਸਮਰੱਥਾ ਹੈ । ਇਹ ਆਗੂ ਕੇਵਲ ਮਨੁੱਖਤਾ ਵਿਰੋਧੀ ਸਾਜਿ਼ਸਾ ਰਚਕੇ ਜਾਂ ਭਾਈਵਾਲ ਬਣਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਤਾਂ ਕਰ ਸਕਦੇ ਹਨ । ਲੇਕਿਨ ਨੇਕ ਨੀਤੀ ਤੇ ਇਮਾਨਦਾਰੀ ਨਾਲ ਪੰਜਾਬ ਸੂਬੇ ਅਤੇ ਸਿੱਖ ਕੌਮ ਲਈ ਕੁਝ ਨਹੀਂ ਕਰ ਸਕਦੇ । ਇਸ ਲਈ ਅਜਿਹੇ ਆਗੂਆਂ ਦੀਆਂ ਗੁੰਮਰਾਹਕੁੰਨ ਬਿਆਨਬਾਜੀਆਂ ਉਤੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਜਿਆਦਾ ਗੰਭੀਰ ਹੋਣ ਦੀ ਲੋੜ ਨਹੀਂ। ਜੇਕਰ ਗੰਭੀਰ ਹੋਣਾ ਹੀ ਹੈ ਤਾਂ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਮੂਲ ਨਾਨਕਸਾਹੀ ਕੈਲੰਡਰ ਦੇ ਮੁੱਦਿਆ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੂੰ ਫੌਰੀ ਕੋਈ ਪ੍ਰੋਗਰਾਮ ਦੇਣ ਲਈ ਆਪਣੀ ਦਲੀਲ ਪੂਰਵਕ ਰਾਏ ਭੇਜਣ ਤਾਂ ਕਿ ਕੌਮ ਉਪਰੋਕਤ ਦੋਵੇ ਕੌਮੀ ਮਿਸਨਾ ਨੂੰ ਲੈਕੇ ਇਕੱਤਰ ਵੀ ਹੋ ਸਕੇ ਅਤੇ ਆਪਣੇ ਸੰਘਰਸ ਨੂੰ ਮੰਜਿ਼ਲ ਵੱਲ ਵੀ ਵਧਾ ਸਕੇ ।