ਫ਼ਤਹਿਗੜ੍ਹ ਸਾਹਿਬ – “ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਵੱਲੋਂ ਸਿੱਖ ਕੌਮ ਦੀ ਮਨੁੱਖਤਾ ਪੱਖੀ ਮਹਾਨ ਅਮਲਾਂ ਅਤੇ ਕੌਮੀ ਪ੍ਰਾਪਤੀ ਲਈ ਦਿੱਤੀਆਂ ਗਈਆਂ ਮਹਾਨ ਸ਼ਹੀਦੀਆਂ ਨੂੰ ਨਤਮਸਤਕ ਹੁੰਦੇ ਹੋਏ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਵਿੱਤਰ ਅਸਥਾਂਨ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼ਹੀਦੀ ਕਾਨਫਰੰਸ ਕੀਤੀ ਗਈ । ਜਿਸ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਹਿਬਜ਼ਾਦਿਆ ਅਤੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹੋਏ ਜਿਥੇ ਉਹਨਾਂ ਵੱਲੋ ਦਰਸਾਏ ਰਾਹ ਉਤੇ ਦ੍ਰਿੜਤਾ ਨਾਲ ਚੱਲਣ ਦਾ ਪ੍ਰਣ ਕੀਤਾ, ਉਥੇ ਸਿੱਖ ਕੌਮ ਦੀ ਵਿਲੱਖਣ ਤੇ ਨਵੇਕਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਕਾਇਮ ਕਰਨ ਲਈ ਪਾਰਟੀ ਵੱਲੋ ਹਰ ਸੰਭਵ ਉਦਮ ਕਰਨ ਦਾ ਵੀ ਸੰਗਤਾਂ ਨਾਲ ਬਚਨ ਕੀਤੇ। ਉਹਨਾਂ ਆਪਣੀ ਤਕਰੀਰ ਦੇ ਅੰਸਾਂ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸ. ਗੁਰਬਖ਼ਸ ਸਿੰਘ ਕੌਮੀ ਯੋਧੇ ਹਨ, ਜਿਨ੍ਹਾਂ ਨੇ ਆਪਣੀ ਮਨ, ਆਤਮਾ ਨਾਲ ਫੈਸਲਾ ਕਰਕੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲੇ ਵੀ 40-41 ਦਿਨ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਮੋਰਚਾ ਆਰੰਭਿਆ ਸੀ । ਪਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀ ਉਹਨਾਂ ਦੇ ਸੰਘਰਸ਼ ਨੂੰ ਇਹ ਵਚਨ ਕਰਕੇ ਖ਼ਤਮ ਕਰਵਾ ਦਿੱਤਾ ਸੀ ਕਿ ਜਲਦੀ ਹੀ ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਅਤੇ ਹੋਰ ਸਿੰਘਾਂ ਦੀ ਰਿਹਾਈ ਕਰ ਦਿੱਤੀ ਜਾਵੇਗੀ । ਗਿਆਨੀ ਗੁਰਬਚਨ ਸਿੰਘ ਅਤੇ ਬਾਦਲ ਹਕੂਮਤ ਨੇ ਕੌਮ ਨਾਲ ਵਚਨ ਕਰਕੇ ਜੋ ਧੋਖਾ ਕੀਤਾ, ਉਸ ਨਾਲ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ । ਸ. ਗੁਰਬਖ਼ਸ ਸਿੰਘ ਵੱਲੋ ਹਰ ਤਰ੍ਹਾਂ ਦੀਆਂ ਅਪੀਲਾਂ-ਦਲੀਲਾਂ ਕਰਨ ਉਪਰੰਤ ਵੀ ਜਦੋ ਬਾਦਲ ਹਕੂਮਤ ਅਤੇ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਇਸ ਕੌਮੀ ਮਿਸਨ ਦੀ ਕੋਈ ਪ੍ਰਾਪਤੀ ਨਾ ਕਰ ਸਕੇ ਤਾਂ ਸ. ਗੁਰਬਖ਼ਸ ਸਿੰਘ ਖ਼ਾਲਸਾ ਨੇ ਸਾਡੇ ਨਾਲ ਅਤੇ ਹੋਰਨਾਂ ਜਥੇਬੰਦੀਆਂ ਅਤੇ ਆਗੂਆਂ ਨਾਲ ਸਲਾਹ-ਮਸਵਰਾ ਕਰਕੇ ਫਿਰ ਤੋ ਆਪਣਾ ਸੰਘਰਸ਼ ਸੁਰੂ ਕਰਨ ਦਾ ਐਲਾਨ ਕੀਤਾ । ਬਾਦਲ ਹਕੂਮਤ ਅਤੇ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ.ਜੀ.ਪੀ.ਸੀ. ਵੱਲੋ ਸਿੰਘਾਂ ਦੀ ਰਿਹਾਈ ਲਈ ਕਿੰਨੇ ਕੁ ਸੰਜ਼ੀਦਾ ਹਨ, ਉਹ ਇਹਨਾਂ ਅਮਲਾਂ ਤੋ ਹੀ ਸਪੱਸਟ ਹੋ ਜਾਂਦਾ ਹੈ ਕਿ ਇਹਨਾਂ ਨੇ ਸ. ਗੁਰਬਖ਼ਸ ਸਿੰਘ ਨੂੰ ਆਪਣਾ ਸੰਘਰਸ਼ ਸੁਰੂ ਕਰਨ ਲਈ ਪੰਜਾਬ ਵਿਚ ਬੈਠਣ ਲਈ ਕੋਈ ਸਥਾਂਨ ਨਾ ਦਿੱਤਾ । ਉਹਨਾਂ ਨੇ ਹਰਿਆਣਾ ਸੂਬੇ ਦੇ ਲਖਨੌਰ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ ਵਿਖੇ ਅਰਦਾਸ ਕਰਕੇ ਆਪਣਾ ਸੰਘਰਸ਼ ਫਿਰ ਤੋ ਸੁਰੂ ਕਰ ਦਿੱਤਾ । ਜਿਸ ਨੂੰ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ, ਸਿੱਖ ਸੰਗਠਨਾਂ ਅਤੇ ਜਥੇਬੰਦੀਆਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ । ਅੱਜ ਦੇ ਇਕੱਠ ਦੇ ਰਾਹੀ ਅਸੀਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਉਹ ਸ. ਗੁਰਬਖ਼ਸ ਸਿੰਘ ਦੇ ਕੌਮੀ ਮਿਸਨ ਦੀ ਪ੍ਰਾਪਤੀ ਲਈ ਹਰ ਤਰ੍ਹਾਂ ਸਹਿਯੋਗ ਕਰਕੇ ਜਿਥੇ ਸਿੰਘਾਂ ਦੀ ਰਿਹਾਈ ਕਰਵਾਉਣ ਦਾ ਉਦਮ ਕਰਨ, ਉਥੇ ਸ. ਗੁਰਬਖਸ ਸਿੰਘ ਦੀ ਕੀਮਤੀ ਜਾਨ ਨੂੰ ਵੀ ਬਚਾਉਣ ਲਈ ਅੱਗੇ ਆਉਣ ।”
ਸ. ਮਾਨ ਨੇ ਸਿੱਖ ਕੌਮ ਦੇ ਇਕ ਹੋਰ ਅਤਿ ਸੰਜ਼ੀਦਾ ਮੁੱਦੇ ਮੂਲ ਨਾਨਕਸਾਹੀ ਕੈਲੰਡਰ 2003 ਨੂੰ ਹਜ਼ਾਰਾਂ ਦੇ ਵਿਸ਼ਾਲ ਭਰਵੇਂ ਇਕੱਠ ਵਿਚ ਕੌਮ ਲਈ ਜਾਰੀ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਜਨਮ ਤੋ ਹੀ ਆਪਣੀ ਵਿਲੱਖਣ ਅਤੇ ਨਿਵੇਕਲੀ ਪਹਿਚਾਣ ਰੱਖਦੀ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਹਿੰਦੂਤਵ ਹੁਕਮਰਾਨ ਅਤੇ ਆਰ.ਐਸ.ਐਸ, ਬੀਜੇਪੀ, ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਮੁਤੱਸਵੀ ਤਾਕਤਾਂ ਵੱਲੋ ਸਿੱਖ ਕੌਮ ਦੇ ਇਸ ਮਹਾਨ ਕੈਲੰਡਰ, ਜਿਸ ਰਾਹੀ ਸਿੱਖ ਕੌਮ ਦੀ
ਵਿਲੱਖਣਤਾ ਉਭਰਦੀ ਹੈ, ਉਸ ਨੂੰ ਖ਼ਤਮ ਕਰਵਾਉਣ ਲਈ ਬਾਦਲ ਦਲ, ਸੰਤ ਸਮਾਜ, ਦਮਦਮੀ ਟਕਸਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਬਲਵੰਤ ਸਿੰਘ ਤੋ ਇਲਾਵਾ ਬਾਕੀ ਦੇ ਜਥੇਦਾਰ ਸਾਹਿਬਾਨ ਦੀ ਦੁਰਵਰਤੋ ਕਰਕੇ ਇਸ ਨੂੰ ਬਿਕਰਮੀ ਕੈਲੰਡਰ ਵਿਚ ਬਦਲਣ ਲਈ ਤਤਪਰ ਹੋਈਆ ਪਈਆ ਹਨ । ਜਿਸ ਨੂੰ ਸਿੱਖ ਕੌਮ ਕਤਈ ਵੀ ਕਾਮਯਾਬ ਨਹੀਂ ਹੋਣ ਦੇਵੇਗੀ । ਅਸੀਂ ਸ. ਸਾਮ ਸਿੰਘ ਪ੍ਰਧਾਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਗੁਰਦੁਆਰਾ ਤਾਲਮੇਲ ਕਮੇਟੀ ਅਤੇ ਹੋਰ ਕੌਮਾਂਤਰੀ ਪੱਧਰ ਦੇ ਉਹਨਾਂ ਸਭ ਸੰਗਠਨਾਂ ਅਤੇ ਜਥੇਬੰਦੀਆਂ ਦੇ ਧੰਨਵਾਦੀ ਹਾਂ ਜੋ ਉਪਰੋਕਤ ਸ. ਗੁਰਬਖ਼ਸ ਸਿੰਘ ਦੇ ਕੌਮੀ ਮਿਸਨ ਅਤੇ ਨਾਨਕਸਾਹੀ ਕੈਲੰਡਰ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਲਈ ਸੰਜ਼ੀਦਾ ਤੌਰ ਤੇ ਉਦਮ ਕਰ ਰਹੇ ਹਨ । ਉਹਨਾਂ ਇਹ ਵੀ ਕਿਹਾ ਕਿ ਇਥੋ ਦੇ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਬਹੁਤ ਹੀ ਚਲਾਕੀ ਨਾਲ ਹਿੰਦ ਦੇ ਵਿਧਾਨ ਦੀ ਧਾਰਾ 25 ਰਾਹੀ ਸਿੱਖ ਕੌਮ ਨੂੰ ਹਿੰਦੂ ਕੌਮ ਦਾ ਹਿੱਸਾ ਬਣਾ ਦਿੱਤਾ ਸੀ । ਜਦੋਕਿ ਸਿੱਖ ਕੌਮ ਵੱਲੋ ਵਿਧਾਨਿਕ ਕਮੇਟੀ ਵਿਚ ਨੁਮਾਇੰਦੇ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਸ ਕਰਕੇ ਦਸਤਖ਼ਤ ਨਹੀਂ ਸਨ ਕੀਤੇ ਕਿਉਂਕਿ ਇਹ ਵਿਧਾਨ ਨਾ ਤਾਂ ਸਿੱਖ ਕੌਮ ਨੂੰ ਇਨਸਾਫ਼ ਦਿੰਦਾ ਸੀ ਅਤੇ ਨਾ ਹੀ ਸਿੱਖ ਕੌਮ ਨਾਲ ਕੀਤੇ ਗਏ ਉਹਨਾਂ ਵਾਅਦਿਆ ਕਿ ਉਤਰੀ ਭਾਰਤ ਵਿਚ ਸਿੱਖ ਕੌਮ ਨੂੰ ਆਪਣੀ ਅਜ਼ਾਦੀ ਦਾ ਨਿੱਘ ਮਾਨਣ ਲਈ ਇਕ ਅਜ਼ਾਦ ਖਿੱਤਾ ਦਿੱਤਾ ਜਾਵੇਗਾ, ਉਸ ਨੂੰ ਵੀ ਪੂਰਨ ਨਹੀਂ ਸੀ ਕਰਦਾ । ਅੱਜ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਬਾਦਲ ਦਲੀਏ ਵਿਧਾਨ ਦੀ ਧਾਰਾ 25 ਨੂੰ ਖ਼ਤਮ ਕਰਨ ਦੀ ਗੱਲ ਤਾਂ ਕਰਦੇ ਹਨ, ਲੇਕਿਨ ਜਿਸ ਨਾਨਕਸਾਹੀ ਕੈਲੰਡਰ ਨੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਮਾਨਤਾ ਦੇਣੀ ਹੈ, ਉਸ ਨੂੰ ਮੁਤੱਸਵੀਆਂ ਨਾਲ ਸਾਜਿ਼ਸਾ ਰਚਕੇ ਬਿਕਰਮੀ ਕੈਲੰਡਰ ਵਿਚ ਬਦਲਕੇ ਸਿੱਖ ਕੌਮ ਦਾ ਹਿੰਦੂਕਰਨ ਕਰਨਾ ਚਾਹੁੰਦੇ ਹਨ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦੇਵੇਗੀ । ਉਹਨਾਂ ਪੇਸ਼ਾਵਰ ਵਿਚ ਸਕੂਲੀ ਬੱਚਿਆਂ ਅਤੇ ਅਸਾਮ ਦੇ ਬੋਡੋ ਵਿਚ ਇਸਾਈਆ ਨੂੰ ਮਾਰ ਦੇਣ ਅਤੇ ਹਿੰਦ ਹਕੂਮਤ ਵੱਲੋ ਆਪਣੀਆ ਫ਼ੌਜਾਂ ਤੇ ਬੀ.ਐਸ.ਐਫ ਰਾਹੀ ਅਪਰਾਧੀ ਜਾਂ ਅੱਤਵਾਦੀ ਗਰਦਾਨਕੇ ਇਨਸਾਨਾਂ ਨੂੰ ਮਾਰ ਦੇਣ ਦੇ ਅਮਲ ਅਤੇ ਅਮਰੀਕਨ ਅਤੇ ਨਾਟੋ ਫ਼ੌਜਾਂ ਵੱਲੋ ਪਾਕਿਸਤਾਨ, ਅਫਗਾਨੀਸਤਾਨ ਵਿਚ ਡਰੋਨ ਹਮਲਿਆ ਰਾਹੀ ਜਾਂ ਫ਼ਾਂਸੀ ਦੇ ਕੇ ਮਾਰ ਦੇਣ ਦੇ ਗੈਰ ਇਨਸਾਨੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਕਿਸੇ ਇਨਸਾਨ ਨੂੰ ਮਾਰਨ ਦਾ ਹੱਕ ਕਿਸੇ ਵੀ ਹਕੂਮਤ, ਫ਼ੌਜ ਜਾਂ ਹੁਕਮਰਾਨ ਕੋਲ ਨਹੀਂ ਹੈ, ਇਹ ਹੱਕ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਕੋਲ ਹੈ । ਉਹਨਾਂ ਸ੍ਰੀ ਨਰਿੰਦਰ ਮੋਦੀ ਅਤੇ ਹੋਰ ਮੁਤੱਸਵੀ ਆਗੂਆਂ ਵੱਲੋ ਜ਼ਬਰੀ ਧਰਮ ਤਬਦੀਲੀ ਕਰਨ ਅਤੇ ਬਾਬਰੀ ਮਸਜਿ਼ਦ ਦੇ ਸਥਾਨ ਤੇ ਰਾਮ ਮੰਦਰ ਬਣਾਉਣ ਦੇ ਕੀਤੇ ਜਾ ਰਹੇ ਐਲਾਨਾਂ ਅਤੇ ਮੋਦੀ ਅਤੇ ਜਪਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਆਬੇ ਦੌਰਾਨ ਹੋਣ ਵਾਲੇ ਫ਼ੌਜੀ ਸਮਝੋਤਿਆ ਦੀ ਮਨੁੱਖਤਾ ਦੇ ਬਿਨ੍ਹਾਂ ਤੇ ਪੁਰਜੋਰ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਬਦਲ ਦੀਆਂ ਪ੍ਰਸਥਿਤੀਆਂ ਏਸੀਆ ਖਿੱਤੇ ਅਤੇ ਸਿੱਖ ਵਸੋ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੀਆਂ ਅਤੇ ਸਿੱਖ ਵਸੋ ਵਾਲੇ ਇਲਾਕਿਆ ਨੂੰ “ਜੰਗ ਦਾ ਅਖਾੜਾ” ਬਣਾਉਣ ਵਾਲੇ ਅਮਲ ਤੇ ਸਾਜਿ਼ਸਾ ਹੋ ਰਹੀਆਂ ਹਨ । ਸਿੱਖ ਕੌਮ ਸਿੱਖ ਵਸੋ ਵਾਲੇ ਇਲਾਕੇ ਨੂੰ ਬਿਲਕੁਲ ਵੀ ਜੰਗ ਦਾ ਅਖਾੜਾ ਨਹੀਂ ਬਣਨ ਦੇਵੇਗੀ ਅਤੇ ਨਾ ਹੀ ਮੁਤੱਸਵੀਆਂ ਦੀ ਹਕੂਮਤੀ ਧੋਸ ਥੱਲ੍ਹੇ ਇਥੇ ਘੱਟ ਗਿਣਤੀ ਕੌਮਾਂ ਦਾ ਜ਼ਬਰੀ ਧਰਮ ਪਰੀਵਰਤਨ ਕਰਨ ਦੇਵੇਗੀ। ਉਹਨਾਂ ਹਿੰਦ ਹਕੂਮਤ ਅਤੇ ਇਥੇ ਚੱਲ ਰਹੀਆਂ ਬੋਗਸ ਫੇਸਬੁੱਕਾਂ, ਸੋ਼ਸ਼ਲ ਸਾਇਟਾਂ ਅਤੇ ਨੈੱਟਵਰਕ ਉਤੇ ਸਿੱਖ ਧਰਮ, ਸਿੱਖ ਕੌਮ, ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਵਿਰੁੱਧ ਨਿੱਤ ਦਿਹਾੜੇ ਸਾਜ਼ਸੀ ਢੰਗ ਨਾਲ ਕੀਤੀਆ ਜਾ ਰਹੀਆਂ ਅਪਮਾਨਜਨਕ ਟਿੱਪਣੀਆ ਦੇ ਹੋ ਰਹੇ ਦੁੱਖਦਾਇਕ ਅਮਲਾਂ ਦਾ ਸਖ਼ਤ ਨੋਟਿਸ ਲੈਦੇ ਹੋਏ ਮੋਦੀ ਹਕੂਮਤ ਅਤੇ ਪੰਜਾਬ ਦੀ ਬਾਦਲ ਹਕੂਮਤ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਅਜਿਹੇ ਅਮਲਾਂ ਨੂੰ ਰੋਕਣ ਲਈ ਜਿ਼ੰਮੇਵਾਰੀ ਦੋਵੇ ਸਰਕਾਰਾਂ ਦੀ ਹੈ। ਜੇਕਰ ਉਹ ਇਸ ਜਿ਼ੰਮੇਵਾਰੀ ਨੂੰ ਪੂਰਨ ਨਹੀਂ ਕਰਦੇ ਤਾਂ ਇਸ ਸਾਜਿ਼ਸ ਵਿਚ ਉਹਨਾਂ ਦੀ ਸਮੂਲੀਅਤ ਸਮਝੀ ਜਾਵੇਗੀ ਅਤੇ ਇਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਦੋਵੇ ਹਕੂਮਤਾ ਜਿ਼ੰਮੇਵਾਰ ਹੋਣਗੀਆ । ਉਹਨਾਂ ਇਰਾਕ ਵਿਚ ਫਸੇ ਭਾਰਤੀ ਅਤੇ ਪੰਜਾਬੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਮੰਗਵਾਕੇ ਉਹਨਾਂ ਦੇ ਪਰਿਵਾਰਾਂ ਦੇ ਸਪੁਰਦ ਕਰਨ ਦੀ ਜਿਥੇ ਮੋਦੀ ਹਕੂਮਤ ਨੂੰ ਅਪੀਲ ਕੀਤੀ, ਉਥੇ ਕੌਮਾਂਤਰੀ ਪੱਧਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਵੀ ਇਸ ਦਿਸ਼ਾ ਵੱਲ ਆਪਣੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ । ਸ. ਮਾਨ ਨੇ ਹਿੰਦ ਹਕੂਮਤ ਅਤੇ ਪੰਜਾਬ ਦੀ ਬਾਦਲ ਹਕੂਮਤ ਉਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਇਹ ਦੋਵੇ ਹਕੂਮਤਾਂ ਬਲਾਤਕਾਰੀ ਅਤੇ ਕਾਤਲ ਸਿਰਸੇ ਵਾਲੇ ਸਾਧ, ਨੂਰਮਹਿਲੀਏ ਆਦਿ ਦੇ ਰਾਹੀ ਇਥੇ ਸਿੱਖ ਕੌਮ ਵਿਰੁੱਧ ਮੰਦਭਾਵਨਾ ਅਧੀਨ ਪ੍ਰਚਾਰ ਵੀ ਕਰ ਰਹੀ ਹੈ ਅਤੇ ਉਸ ਵੱਲੋ “ਰੱਬ ਦੇ ਦੂਤ” ਦੇ ਨਾਮ ਤੇ ਬਣਾਈ ਗਈ ਘੱਟ ਗਿਣਤੀ ਕੌਮਾਂ ਨੂੰ ਠੇਸ ਪਹੁੰਚਾਉਣ ਵਾਲੀ ਫਿਲਮ ਨੂੰ ਰੀਲੀਜ ਕਰਕੇ ਪੰਜਾਬ ਦੇ ਮਾਹੌਲ ਨੂੰ ਖੁਦ ਹੀ ਵਿਸਫੋਟਕ ਬਣਾ ਰਹੀ ਹੈ । ਉਹਨਾਂ ਦੋਵਾਂ ਹਕੂਮਤਾਂ ਨੂੰ ਚੁਣੋਤੀ ਦਿੰਦੇ ਹੋਏ ਕਿਹਾ ਕਿ ਗੁਰੂਆਂ, ਪੀਰਾਂ, ਦਰਵੇਸਾਂ ਅਤੇ ਫਕੀਰਾਂ ਦੀ ਪਵਿੱਤਰ ਧਰਤੀ ਪੰਜਾਬ ਵਿਚ ਸਿਆਸਤਦਾਨਾਂ ਦੀਆਂ ਮਨੁੱਖਤਾ ਵਿਰੋਧੀ ਇਹਨਾਂ ਸਾਜਿ਼ਸਾ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ । ਅੱਜ ਦੇ ਇਕੱਠ ਵਿਚ ਜੈਕਾਰਿਆ ਦੀ ਗੂੰਜ ਵਿਚ 21 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ । ਜਿਨ੍ਹਾਂ ਵਿਚ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ, ਮਾਤਾ ਗੁਜਰ ਕੌਰ ਤੇ ਬਾਬਾ ਮੋਤੀ ਸਿੰਘ ਮਹਿਰਾ ਜੀ ਵੱਲੋਂ ਪਾਏ ਪੂਰਨਿਆ ਉਤੇ ਦ੍ਰਿੜਤਾ ਨਾਲ ਚੱਲਣ ਦਾ ਪ੍ਰਣ, ਸਿੰਜੋ-ਆਬੇ ਅਤੇ ਮੋਦੀ ਦੁਆਰਾ ਕੀਤੇ ਜਾ ਰਹੇ ਫੌਜੀ ਸਮਝੋਤੇ ਏਸੀਆ ਖਿੱਤੇ ਤੇ ਸਿੱਖ ਵਸੋਂ ਵਾਲੇ ਇਲਾਕਿਆ ਲਈ ਖ਼ਤਰੇ ਦੀ ਘੰਟੀ, ਕਿਸੇ ਇਨਸਾਨ ਦੀ ਜਾਨ ਲੈਣ ਦਾ ਅਧਿਕਾਰ ਕਿਸੇ ਹਕੂਮਤ ਕੋਲ ਨਹੀਂ, ਇਹ ਹੱਕ ਕੇਵਲ ਉਸ ਅਕਾਲ ਪੁਰਖ ਕੋਲ ਹੈ, ਮੋਦੀ ਹਕੂਮਤ ਤੇ ਆਰ.ਐਸ.ਐਸ. ਵੱਲੋਂ ਧਰਮ-ਤਬਦੀਲੀ ਕਰਨ ਅਤੇ ਰਾਮ ਮੰਦਰ ਬਣਾਉਣ ਦੇ ਫਿਰਕੂ ਐਲਾਨਾਂ ਨੂੰ ਘੱਟ ਗਿਣਤੀ ਕੌਮਾਂ ਪ੍ਰਵਾਨ ਨਹੀਂ ਕਰਨਗੀਆਂ, ਸਿੱਖ ਕੌਮ, ਹਿੰਦੂ ਕੌਮ ਦਾ ਹਿੱਸਾ ਨਹੀਂ, ਬਲਕਿ ਸਿੱਖ ਇਕ ਵੱਖਰੀ ਕੌਮ ਹੈ, ਮੋਹਨ ਭਗਵਤ ਮੰਗੌਲ ਨਸ਼ਲ ਦੇ ਹਨ ਜੋ ਹਿੰਦੂ ਆਰੀਅਨ ਵਿਚ ਘੁਸਪੈਠ ਕਰਵਾਕੇ ਭਾਰਤ ਦੀ ਤਾਕਤ ਨੂੰ ਕੰਮਜੋਰ ਕਰਨ ਦੀ ਸਾਜਿ਼ਸ ਹੈ, ਫੇਸਬੁੱਕਾਂ ਅਤੇ ਬੋਗਸ ਸੋ਼ਸ਼ਲ ਸਾਇਟਾਂ ਉਤੇ ਗੁਰੂ ਸਾਹਿਬਾਨ, ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਵਿਰੁੱਧ ਹੋ ਰਹੇ ਪ੍ਰਚਾਰ ਨੂੰ ਬੰਦ ਕਰਵਾਉਣਾ ਸਰਕਾਰ ਦੀ ਜਿ਼ੰਮੇਵਾਰੀ, ਇਰਾਕ ਵਿਚ ਫਸੇ ਪੰਜਾਬੀ ਤੇ ਹੋਰ ਨੌਜ਼ਵਾਨਾ ਨੂੰ ਤੁਰੰਤ ਸੁਰੱਖਿਅਤ ਵਾਪਸ ਲਿਆਂਦਾ ਜਾਵੇ, ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਅਤੇ ਹੋਰਨਾਂ ਨੂੰ ਤੁਰੰਤ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ, ਜੰਮੂ-ਕਸ਼ਮੀਰ, ਗੁਜਰਾਤ, ਰਾਜਸਥਾਨ, ਪੰਜਾਬ, ਲੇਹ-ਲਦਾਖ ਆਦਿ ਸਰਹੱਦਾਂ ਉਤੇ ਫ਼ੌਜ ਜਾਂ ਬੀ.ਐਸ.ਐਫ. ਵੱਲੋਂ ਆਮ ਸ਼ਹਿਰੀਆਂ ਨੂੰ ਮਾਰ ਦੇਣ ਦੇ ਅਮਲ ਤੁਰੰਤ ਬੰਦ ਹੋਣ, ਬਲਾਤਕਾਰੀ ਤੇ ਕਾਤਲ ਰਾਮ-ਰਹੀਮ ਸਿਰਸੇ ਵਾਲੇ ਸਾਧ ਵੱਲੋਂ “ਰੱਬ ਦਾ ਦੂਤ” ਫਿਲਮ ਉਤੇ ਰੋਕ ਲਗਾਈ ਜਾਵੇ, 1984 ਦੇ ਕਤਲੇਆਮ ਦੇ ਦੋਸ਼ੀ ਸਿਆਸਤਦਾਨਾਂ ਅਤੇ ਅਫ਼ਸਰਾਨ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਐਲਾਨ ਹੋਵੇ, ਕ੍ਰਿਸ਼ਨਾਂ-ਗੰਗਾ, ਰਾਵੀ, ਝਨਾਬ, ਸਤਲੁਜ, ਬਿਆਸ ਆਦਿ ਦਰਿਆਵਾਂ ਉਤੇ ਬਣੇ ਡੈਮਾਂ ਦਾ ਕੰਟਰੋਲ ਪੂਰਨ ਤੌਰ ਤੇ ਯੂ.ਐਨ.ਓ. ਦੇ ਸਪੁਰਦ ਹੋਵੇ, ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ ਯੂਟੀ, ਜੰਮੂ-ਕਸ਼ਮੀਰ, ਲੇਹ-ਲਦਾਂਖ ਅਤੇ ਗੁਜਰਾਤ ਦਾ ਕੱਛ ਇਲਾਕੇ ਨੂੰ ਨੋ ਫਲਾਈ ਜੋਨ (ਂੋ ਾਂਲੇ ਢੋਨੲ) ਐਲਾਨਿਆਂ ਜਾਵੇ, ਪੰਜਾਬ ਵਿਚ ਅਖੌਤੀ ਸਰਕਾਰੀ ਸਰਪ੍ਰਸਤੀ ਵਾਲੇ ਡੇਰੇਦਾਰਾਂ ਵੱਲੋਂ ਗੁਰੂਘਰਾਂ ਅਤੇ ਸਿੱਖਾਂ ਵਿਰੁੱਧ ਯੋਜਨਾਬੱਧ ਢੰਗ ਨਾਲ ਹੋ ਰਹੀਆਂ ਸਾਜਿ਼ਸਾਂ ਨੂੰ ਫੌਰੀ ਬੰਦ ਕਰਵਾਇਆ ਜਾਵੇ, ਸਮੂਹ ਧਰਮਾਂ, ਕੌਮਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਅਧਿਕਾਰ ਦੇਣ ਲਈ ਬਚਨਬੱਧ, ਕੁੱਲੀ, ਜੁੱਲੀ ਤੇ ਗੁੱਲੀ ਹਰ ਇਕ ਨਾਗਰਿਕ ਨੂੰ ਪ੍ਰਦਾਨ ਕਰਨਾ ਖ਼ਾਲਿਸਤਾਨੀ ਹਕੂਮਤ ਦਾ ਮੁੱਢਲਾ ਫਰਜ਼ ਹੋਵੇਗਾ, ਤਾਲੀਮੀ ਅਤੇ ਸਿਹਤ ਸਹੂਲਤਾਂ ਹਰ ਪਿੰਡ ਦੀ ਗਲੀ ਅਤੇ ਸ਼ਹਿਰੀ ਵਾਰਡ ਤੱਕ ਪਹੁੰਚਾਏ ਜਾਣਗੇ, ਨਸ਼ੀਲੀਆਂ ਵਸਤਾਂ ਦੀ ਖਰੀਦੋ-ਫਰੋਖਤ ਤੇ ਪੂਰਨ ਪਾਬੰਦੀ ਹੋਵੇਗੀ, ਖ਼ਾਲਿਸਤਾਨ ਡਰਾਈ ਸਟੇਟ ਹੋਵੇਗਾ, ਮੁਲਕੀ ਸਰਹੱਦਾਂ ਤੇ ਹੱਦਾਂ ਦੀਆਂ ਬਣਾਉਟੀ ਰੁਕਾਵਟਾਂ ਖ਼ਤਮ ਕਰਨ ਲਈ ਦ੍ਰਿੜ, ਹਿੰਦ ਵਿਚ ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕਰਕੇ 130 ਮੁਲਕਾਂ ਵੱਲੋਂ ਵਿੱਢੀ ਗਈ ਮਨੁੱਖਤਾ ਪੱਖੀ ਮੁਹਿੰਮ ਨੂੰ ਬਲ ਦੇਵੇ ਆਦਿ ਮਤੇ ਪਾਸ ਕੀਤੇ ।