ਨਵੀਂ ਦਿੱਲੀ :- ਯੂ.ਪੀ ਦੇ ਮਹੋਬਾ ‘ਚ ਬੀਤੇ ਦਿਨੀ ਸ. ਜਸਪਾਲ ਸਿੰਘ ਦੇ ਪਰਿਵਾਰ ਦੀਆਂ ਦੁਕਾਨਾਂ ਨੂੰ ਭੂਮਾਫੀਆ ਵੱਲੋਂ ਕਬਜਾ ਕਰਨ ਦੀ ਨੀਯਤ ਨਾਲ ਦੁਕਾਨਾਂ ਨੂੰ ਢਾਉਣ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖਾ ਵਿਰੋਧ ਜਤਾਇਆ ਹੈ। ਸ਼੍ਰੋਮਣੀ ਅਕਾਲੀ ਦਲ ਯੂ.ਪੀ. ਇਕਾਈ ਦੇ ਪ੍ਰਭਾਰੀ ਕੁਲਦੀਪ ਸਿੰਘ ਭੋਗਲ ਨੇ ਅੱਜ ਪ੍ਰਭਾਵਿਤ ਇਲਾਕੇ ‘ਚ ਪੱਤਵੰਤੇ ਲੋਕਾਂ ਦੀ ਮੌਜੂਦਗੀ ‘ਚ ਸ਼ਾਂਤੀ ਮਾਰਚ ਕਢੱਣ ਉਪਰੰਤ ਪ੍ਰੈਸ ਕਾਨਫ੍ਰੈਂਸ ਕੀਤੀ। ਜਿਸ ਵਿਚ ਭੋਗਲ ਵੱਲੋਂ ਇਨ੍ਹਾਂ ਸਿੱਖ ਪਰਿਵਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਾ ਹੋਣ ਦਾ ਦਾਅਵਾ ਕੀਤਾ ਗਿਆ। ਭੋਗਲ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਉਹ ਖੁਦ ਇਸ ਬਾਬਤ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਸ ਘਟਨਾ ਬਾਰੇ ਦੱਸ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਚਿੱਠੀਆਂ ਰਾਹੀਂ ਦੇ ਦਿੱਤੀ ਗਈ ਹੈ।ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਮੋਹਬਾ ਦੇ ਐਸ.ਡੀ.ਐਮ. ਨੂੰ ਮਿਲਣ ਵਾਸਤੇ ਸਮਾਂ ਮੰਗਿਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਭੂਮਾਫੀਆ ਨਾਲ ਮਿਲੀਭੁਗਤ ਕਰਕੇ ਇਨ੍ਹਾਂ ਦੁਕਾਨਾਂ ਨੂੰ ਢਾਉਣ ਕਰਕੇ ਸਿੱਖ ਪਰਿਵਾਰਾਂ ਦਾ ਇਨ੍ਹਾਂ ਦੁਕਾਨਾ ਵਿਚ ਪਇਆ ਮਸ਼ੀਨਰੀ ਅਤੇ ਕੱਚਾ ਮਾਲ ਜਿਸ ਦੀ ਅਨੁਮਾਨਤ ਕੀਮਤ ਲਗਭਗ 50 ਲੱਖ ਰੁਪਏ ਹੈ ਤਬਾਹ ਹੋਣ ਦਾ ਭੋਗਲ ਨੇ ਦਾਅਵਾ ਕੀਤਾ ਹੈ। ਸ. ਜਸਪਾਲ ਸਿੰਘ ਦੇ ਪਰਿਵਾਰ ਦੀ ਪਿਛਲੇ 45 ਸਾਲ ਤੋਂ ਇਨ੍ਹਾਂ ਦੁਕਾਨਾ ‘ਚ ਕਿਰਾਏਦਾਰ ਹੋਣ ਦੀ ਵੀ ਭੋਗਲ ਨੇ ਪੁਸ਼ਟੀ ਕੀਤੀ।ਦੁਕਾਨ ਮਾਲਿਕ ਗੋਤਮ ਸ਼ਰਮਾ ਦੇ ਨਾਲ ਅਦਾਲਤ ਵਿਚ ਚਲ ਰਹੇ ਮੁਕਦਮੇ ਦੇ ਬਾਵਜੂਦ ਜਾਣਬੁੱਝ ਕੇ ਗੋਤਮ ਸ਼ਰਮਾ ਨੇ ਆਪਣੀ ਨਜ਼ਦੀਕੀ ਸੁੂਬੇ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਹੋਣ ਦਾ ਫਾਇਦਾ ਚੁੱਕ ਕੇ ਸਿੱਖ ਪਰਿਵਾਰਾਂ ਨੂੰ ਮਾਲੀ ਅਤੇ ਮਾਨਸਿਕ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਭੋਗਲ ਨੇ ਲਗਾਇਆ ਹੈ। ਇਸ ਮੌਕੇ ਕਾਨਪੁਰ ਅਤੇ ਮੋਹਬਾ ਦੇ ਪੱਤਵੰਤੇ ਸਿੱਖ ਹਾਜਿਰ ਸਨ।