ਸਵਾਤ ਘਾਟੀ- ਪਾਕਿਸਤਾਨ ਦੀ ਸਵਾਤ ਘਾਟੀ ਦੇ ਮਿੰਗੋਰਾ ਸ਼ਹਿਰ ਨੂੰ ਤਾਲਿਬਾਨ ਲੜਾਕਿਆਂ ਦੀ ਗਰਿਫ਼ਤ ਤੋਂ ਆਜ਼ਾਦ ਕਰਾ ਲਿਆ ਗਿਆ ਹੈ ਪਰ ਇਸ ਪ੍ਰਕਿਰਿਆ ਵਿਚ ਸ਼ਹਿਰ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ ਅਤੇ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ। ਕੌਮਾਂਤਰੀ ਰੈਡ ਕਰਾਸ ਨੇ ਸਵਾਤ ਵਿਚ ਮਨੁੱਖੀ ਹਾਲਾਤ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਮਿੰਗੋਰਾ ਸ਼ਹਿਰ ਵਿਚ ਜੰਗ ਕਰਕੇ ਜ਼ਬਰਦਸਤ ਨੁਕਸਾਨ ਹੋਇਆ ਹੈ ਅਤੇ ਸ਼ਹਿਰ ਦੀਆਂ ਅੰਦਾਜ਼ਨ ਸਾਰੀਆਂ ਇਮਾਰਤਾਂ ਢਹਿ ਗਈਆਂ ਹਨ। ਸ਼ਹਿਰ ਦੇ ਮੁੱਖ ਚੌਰਾਹੇ ਦੀਆਂ ਸਾਰੀਆਂ ਦੁਕਾਨਾਂ ਅਤੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਸ਼ਹਿਰ ਵਿਚ ਕਰਫਿਊ ਹਟਾਏ ਜਾਣ ਤੋਂ ਬਾਅਦ ਸਥਾਨਕ ਲੋਕ ਰਾਸ਼ਨ ਪਾਣੀ ਲੈਣ ਸ਼ਹਿਰ ਦੇ ਚੌਰਾਹੇ ‘ਤੇ ਜਾ ਰਹੇ ਹਨ ਅਤੇ ਫੌਜਾਂ ਮੁਤਾਬਕ ਸ਼ਹਿਰ ਵਿਚ ਲੋੜੀਂਦੀਆਂ ਸਹੂਲਤਾਂ ਬਹਾਲ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਰੈੱਡ ਕਰਾਸ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਨਾ ਤਾਂ ਬਿਜਲੀ ਹੈ ਅਤੇ ਨ ਹੀ ਪਾਣੀ ਮੁਹਈਆ ਹੈ। ਇੰਨਾ ਹੀ ਨਹੀਂ ਜੈਨਰੇਟਰਾਂ ਦੇ ਲਈ ਤੇਲ ਅਤੇ ਮੈਡੀਕਲ ਸੇਵਾਵਾਂ ਨਾ ਦੇ ਬਰਾਬਰ ਹਨ ਅਤੇ ਖਾਣਾ ਮਿਲਣਾ ਵੀ ਮੁਸ਼ਕਲ ਹੋ ਰਿਹਾ ਹੈ। ਪਾਕਿਸਤਾਨ ਪਹੁੰਚੇ ਰੈਡ ਕਰਾਸ ਦੇ ਵਫ਼ਦ ਦੇ ਮੁੱਖੀ ਪਾਸਕਲ ਕੱਟ ਦਾ ਕਹਿਣਾ ਸੀ, “ਸਵਾਤ ਘਾਟੀ ਦੀ ਜਨਤਾ ਨੂੰ ਫੌਰੀ ਮਨੁੱਖੀ ਸਹਾਇਤਾ, ਸੁਰੱਖਿਆ ਅਤੇ ਰਾਹਤ ਦੀ ਲੋੜ ਹੈ।” ਮਨੁੱਖੀ ਮਾਮਲਿਆਂ ਦੇ ਤਾਲਮੇਲ ਦੇ ਸੰਯੁਕਤ ਰਾਸ਼ਟਰ ਅਧਿਕਾਰੀ ਫਵਾਹ ਹੁਸੈਨ ਦਾ ਕਹਿਣਾ ਸੀ ਕਿ ਬਿਜਲੀ ਨਾ ਹੋਣ ਕਰਕੇ ਖੂਹਾਂ ਚੋਂ ਪਾਣੀ ਕੱਢਣਾ ਸੰਭਵ ਨਹੀਂ ਹੈ। ਲੋਕਾਂ ਨੂੰ ਪਾਣੀ ਦੇ ਦੂਜੇ ਸੋਮਿਆਂ ‘ਤੇ ਨਿਰਭਰ ਹੋਣਾ ਪੈ ਰਿਹਾ ਹੈ, ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ। ਮੈਡੀਕਲ ਸਹੂਲਤਾਂ ਬਿਲਕੁਲ ਠੱਪ ਹਨ। ਸਵਾਤ ਵਿਚ ਅੰਦਾਜ਼ਨ ਇਕ ਮਹੀਨਾ ਪਹਿਲਾਂ ਫੌਜੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਵਿਚ ਅੰਦਾਜਨ 25 ਲੱਖ ਲੋਕੀਂ ਆਪਣੇ ਘਰਾਂ ਨੂੰ ਛੱਡੇ ਚਲੇ ਗਏ ਸਨ। ਸ਼ਨਿਚਰਵਾਰ ਨੂੰ ਪਾਕਿਸਤਾਨੀ ਫੌਜਾਂ ਨੇ ਮਿੰਗੋਰਾ ਸ਼ਹਿਰ ਨੂੰ ਪੂਰੀ ਤਰ੍ਹਾਂ ਤਾਲਿਬਾਨ ਦੀ ਗਰਿਫ਼ਤ ਤੋਂ ਮੁਕਤ ਕਰਾ ਲਿਆ ਸੀ।
ਰੱਖਿਆ ਸਕੱਤਰ ਸਯਦ ਅਤਹਰ ਅਲੀ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਦੋ ਤਿੰਨ ਦਿਨਾਂ ਵਿਚ ਫੌਜਾਂ ਸਵਾਤ ਘਾਟੀ ਦੇ ਨਜ਼ਦੀਕੀ ਇਲਾਕਿਆਂ ਚੋਂ ਤਾਲਿਬਾਨ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੀਆਂ। ਉਨ੍ਹਾਂ ਨੇ ਐਤਵਾਰ ਨੂੰ ਸਿੰਗਾਪੁਰ ਵਿਖੇ ਏਸਿ਼ਆਈ ਦੇਸ਼ਾਂ ਦੇ ਇਕ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹੁਣ ਸਿਰਫ਼ ਪੰਜ ਤੋਂ ਦਸ ਫ਼ੀਸਦੀ ਕੰਮ ਬਾਕੀ ਹੈ ਅਤੇ ਫੌਜਾਂ ਤਾਲਿਬਾਨ ਲੀਡਰਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨੀ ਫੌਜਾਂ ਨੇ ਸਵਾਤ ਘਾਟੀ ਦੇ ਮੁੱਖ ਸ਼ਹਿਰ ਮਿੰਗੋਰਾ ਨੂੰ ਦਹਿਸ਼ਤਗਰਦਾਂ ਤੋਂ ਖਾਲੀ ਕਰਾ ਲੈਣ ਦਾ ਦਾਅਵਾ ਕੀਤਾ ਹੈ। ਫੌਜ ਆਪਣੀ ਮੁਹਿੰਮ ਦੌਰਾਨ ਚੌਕਸੀ ਵਰਤ ਰਹੀ ਹੈ ਅਤੇ ਉਸਨੂੰ ਤਾਲਿਬਾਨ ਦੇ ਖਾਤਮੇ ਲਈ ਕੁਝ ਹਫ਼ਤੇ ਹੋਰ ਲੱਗ ਸਕਦੇ ਹਨ। ਇਸ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਫ਼ਗਾਨ ਸਰਹੱਦ ਦੇ ਨਜ਼ਦੀਕ ਫੋਜਾਂ ‘ਤੇ ਤਾਲਿਬਾਨ ਲੜਾਕਿਆਂ ਨੇ ਹਲਮਾ ਕਰ ਦਿੱਤਾ ਜਿਸ ਵਿਚ 40 ਦਹਿਸ਼ਤਪਸੰਦਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅੰਦਾਜ਼ਨ ਅੱਠ ਘੰਟੇ ਤੱਕ ਚਲੀ ਲੜਾਈ ਵਿਚ ਚਾਰ ਜਵਾਨ ਵੀ ਮਾਰੇ ਗਏ।
ਪਿਛਲੇ ਇਕ ਹਫ਼ਤੇ ਵਿਚ ਮਿੰਗੋਰਾ ਵਿਚ ਜ਼ਬਰਦਸਤ ਜੰਗ ਹੋਈ ਸੀ। ਇਸ ਦੌਰਾਨ ਫੌਜਾਂ ਨੇ ਉਥੇ ਕਾਰਵਾਈ ਤੇਜ਼ ਕਰ ਦਿੱਤੀ ਸੀ ਅਤੇ ਤਾਲਿਬਾਨ ਦਹਿਸ਼ਤਪਸੰਦਾਂ ਦੀ ਘਰ ਘਰ ਵਿਚ ਤਲਾਸ਼ ਹੋ ਰਹੀ ਸੀ। ਵੈਸੇ ਪੱਤਰਕਾਰਾਂ ਦੇ ਉਸ ਇਲਾਕੇ ਵਿਚ ਜਾਣ ‘ਤੇ ਰੋਕ ਲੱਗੀ ਹੋਈ ਹੈ ਇਸ ਲਈ ਫੌਜਾਂ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਹੋ ਸਕੀ। ਤਾਲਿਬਾਨ ਦੇ ਨਾਲ ਹੋਇਆ ਇਸ ਸ਼ਾਂਤੀ ਸਮਝੌਤਾ ਇਸ ਮਹੀਨੇ ਦੇ ਸ਼ੁਰੂ ਵਿਚ ਟੁੱਟ ਗਿਆ ਸੀ ਜਿਸਤੋਂ ਬਾਅਦ ਫੌਜਾਂ ਨੇ ਸਵਾਤ ਘਾਟੀ ਵਿਚ ਫੌਜੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ।
ਇਸ ਲੜਾਈ ਦੇ ਸ਼ੁਰੂ ਹੋਣ ਤੋਂ ਬਾਅਦ ਸੈਂਕੜੇ ਲੋਕ ਮਾਰੇ ਗਏ ਹਨ ਅਤੇ 25 ਲੱਖ ਲੋਕੀਂ ਉਥੋਂ ਆਪਣੇ ਘਰ ਬਾਰ ਛੱਡਕੇ ਕੈਂਪਾਂ ਆਦਿ ਵਿਚ ਚਲੇ ਗਏ ਹਨ। ਫੌਜਾਂ ਦੇ ਇਸ ਦਾਅਵੇ ਤੋਂ ਕੁਝ ਹੀ ਦਿਨ ਪਹਿਲਾਂ ਲਾਹੌਰ ਵਿਚ ਇਕ ਜ਼ਬਰਦਸਤ ਬੰਬ ਧਮਾਕਾ ਹੋਇਆ ਸੀ। ਬਾਅਦ ਵਿਚ ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਉਹ ਧਮਾਕਾ ਸਵਾਤ ਘਾਟੀ ਵਿਚ ਫੌਜਾ ਦੀ ਕਾਰਵਾਈ ਦਾ ਬਦਲਾ ਲੈਣ ਲਈ ਕੀਤਾ ਹੈ। ਵੈਸੇ ਮਿੰਗੋਰਾ ਵਿਚ ਫੌਜਾਂ ਦਾ ਅੱਡਾ ਤਾਂ ਹਮੇਸ਼ਾਂ ਹੀ ਰਿਹਾ ਹੈ ਪਰ ਪਿਛਲੇ ਕੁਝ ਹਫਤਿਆਂ ਤੋਂ ਦਰਅਸਲ ਉਥੇ ਤਾਲਿਬਾਨ ਦਾ ਕੰਟਰੋਲ ਸੀ।
ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਆਪਣੀ ਜਾਨ ਬਚਾਉਣ ਲਈ ਲੋਕਾਂ ਨੂੰ ਦਾੜ੍ਹੀਆਂ ਕੱਟਣ ਦੀਆਂ ਸਜ਼ਾਵਾਂ ਦੇਣ ਵਾਲੇ ਤਾਲਿਬਾਨ ਮੌਲਾਣੇ ਹੁਣ ਆਪ ਵੀ ਆਪਣੀਆਂ ਦਾੜ੍ਹੀਆਂ ਕਟਵਾਕੇ ਘਰ ਬਾਰ ਛੱਡਕੇ ਜਾ ਰਹੀ ਭੀੜ ਦੇ ਵਿਚ ਲੁਕਕੇ ਭੱਜ ਰਹੇ ਹਨ।