ਇਸਲਾਮਾਬਾਦ- ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਪਿੱਛਲੇ ਤਿੰਨ ਦਿਨਾਂ ਤੋਂ ਯੁੱਧ ਵਿਰਾਮ ਦਾ ਉਲੰਘਣ ਹੋ ਰਿਹਾ ਹੈ ਅਤੇ ਗੋਲੀਬਾਰੀ ਹੋ ਰਹੀ ਹੈ।ਭਾਰਤ ਇਸ ਸਬੰਧੀ ਸਾਰਾ ਦੋਸ਼ ਪਾਕਿਸਤਾਨ ਨੂੰ ਦੇ ਰਿਹਾ ਹੈ ਅਤੇ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਉਸ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇਗਾ ਜੋ ਉਸ ਨੂੰ ਸਮਝ ਆਉਂਦੀ ਹੈ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ, “ ਪਿੱਛਲੇ 6-7 ਮਹੀਨਿਆਂ ਤੋਂ ਅਸਾਂ ਭਾਰਤ ਨਾਲ ਸਬੰਧ ਸੁਧਾਰਨ ਦੀ ਪੂਰੀ ਕੋਸਿ਼ਸ਼ ਕੀਤੀ ਹੈ ਤਾਂ ਜੋ ਸ਼ਾਂਤੀ ਬਣੀ ਰਹੇ ਪਰ ਲਗਦਾ ਹੈ ਕਿ ਉਹ ਇਹ ਜਬਾਨ ਨਹੀਂ ਸਮਝਦੇ। ਮੈਂ ਮੰਨਦਾ ਹਾਂ ਕਿ ਹੁਣ ਅਸੀਂ ਉਸ ਜਬਾਨ ਵਿੱਚ ਗੱਲ ਕਰਾਂਗੇ ਜੋ ਭਾਰਤ ਨੂੰ ਸਮਝ ਆਉਂਦੀ ਹੈ।”
ਜਮੂੰ ਦੇ ਸਾਂਭਾ ਸੈਕਟਰ ਵਿੱਚ ਬੁੱਧਵਾਰ ਨੂੰ ਪਾਕਿਸਤਾਨ ਨੇ ਬੀਐਸਐਫ਼ ਦੀਆਂ ਚੌਂਕੀਆਂ ਤੇ ਹਮਲਾ ਕੀਤਾ ਸੀ, ਜਿਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਉਸ ਦਿਨ ਤੋਂ ਲਗਾਤਾਰ ਫਾਇਰਿੰਗ ਜਾਰੀ ਹੈ। ਸ਼ੁਕਰਵਾਰ ਰਾਤ ਨੂੰ ਤੰਗਧਾਰ ਵਿੱਚ ਫਿਰ ਤੋਂ ਦੋ ਜਵਾਨ ਸ਼ਹੀਦ ਹੋ ਗਏ। ਬਾਅਦ ਵਿੱਚ ਪਿੰਡਾਂ ਤੇ ਹੋਈ ਗੋਲੀਬਾਰੀ ਦੌਰਾਨ ਵੀ ਇੱਕ ਔਰਤ ਦੀ ਮੌਤ ਹੋ ਗਈ।
ਪਾਕਿਸਤਾਨ ਨੇ ਭਾਰਤ ਵੱਲੋਂ ਕੀਤੀ ਗਈ ਇਸ ਫਾਇਰਿੰਗ ਦੀ ਅਧਿਕਾਰਿਕ ਸਿ਼ਕਾਇਤ ਵੀ ਕੀਤੀ ਸੀ। ਪਾਕਿਸਤਾਨ ਦੇ ਰੱਖਿਆ ਵਿਭਾਗ ਨੇ ਭਾਰਤ ਦੀ ਰੱਖਿਆ ਮੰਤਰੀ ਸੁਸ਼ਮਾ ਸਵਰਾਜ ਨੂੰ ਇੱਕ ਪੱਤਰ ਲਿਖ ਕੇ ਸਿ਼ਕਾਇਤ ਕੀਤੀ ਸੀ ਕਿ 31 ਦਸੰਬਰ ਨੂੰ ਭਾਰਤ ਨੇ ਦੋ ਪਾਕਿਸਤਾਨੀ ਰੇਂਜਰਸ ਨੂੰ ਮੀਟਿੰਗ ਲਈ ਬੁਲਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਭਾਰਤ ਨੇ ਇਨ੍ਹਾਂ ਆਰੋਪਾਂ ਦਾ ਖੰਡਨ ਕੀਤਾ ਹੈ।