ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਹਲਕੇ ‘ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਨਿੱਘੇ ਲੈਵਲ ਤੇ ਮਜਬੂਤ ਕਰਨ ਵਾਸਤੇ ਕਾਲਕਾ ਜੀ ਵਿਖੇ ਕਾਰਕੂੰਨਾ ਦੀ ਮਹਾਸਭਾ ਦੇ ਰੂਪ ‘ਚ ਪੰਨਾ ਪ੍ਰਮੁੱਖ ਸੰਮੇਲਨ ਕਰਵਾਇਆ ਗਿਆ। ਜਿਸ ਵਿਚ ਵਿਧਾਨਸਭਾ ਹਲਕੇ ਦੇ ਚਾਰਾਂ ਮੰਡਲਾ ਦੇ ਸੈਂਕੜੇ ਕਾਰਕੂੰਨ ਆਪਣੀ ਜ਼ਿਮੇਵਾਰੀ ਨੂੰ ਆਉਂਦੀਆਂ ਦਿੱਲੀ ਵਿਧਾਨਸਭਾ ਚੋਣਾਂ ‘ਚ ਕਿਸ ਪ੍ਰਕਾਰ ਵਧੀਆਂ ਤਰੀਕੇ ਨਾਲ ਨਿਭਾ ਸਕਦੇ ਹਨ ਉਸ ਬਾਰੇ ਜ਼ਰੂਰੀ ਦਿਸ਼ਾ ਨਿਰਦੇਸ਼ ਮੁੱਖ ਮਹਿਮਾਨ ਮੇਵਾਰਾਮ ਆਰਿਆ ਅਤੇ ਜ਼ਿਲਾ ਤੇ ਮੰਡਲ ਪ੍ਰਧਾਨਾਂ ਵੱਲੋਂ ਕਾਰਕੁੰਨਾ ਨੂੰ ਦਿੱਤੇ ਗਏ।
60 ਤੋਂ ਵੱਧ ਵੋਟਾਂ ਤੇ ਇਕ ਕਾਰਕੁੰਨ ਨੂੰ ਪੰਨਾ ਪ੍ਰਮੁੱਖ ਬਨਾਉਣ ਦੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਉਲੀਕੀ ਗਈ ਮੁਹਿੰਮ ਦੇ ਤਹਿਤ ਇਸ ਪ੍ਰੋਗਰਾਮ ਦੇ ਆਯੋਜਨ ਦੀ ਗੱਲ ਕਰਦੇ ਹੋਏ ਕਾਲਕਾ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਨਾਲ ਜਿੱਥੇ ਪਾਰਟੀ ਦੀ ਵਿਚਾਰਧਾਰਾ ਤੇ ਉਮੀਦਵਾਰ ਵੱਲੋਂ ਕੀਤੇ ਗਏ ਕਾਰਜਾਂ ਨੂੰ ਸਿੱਧਾ ਪਹੁੰਚਣ ਨੂੰ ਤਾਕਤ ਮਿਲੇਗੀ ਉਥੇ ਨਾਲ ਹੀ ਗਲੀ ਮੁਹੱਲੇ ਦੇ ਕਾਰਕੂੰਨਾ ਵੱਲੋਂ ਉਮੀਦਵਾਰ ਦੇ ਹੱਕ ‘ਚ ਕੀਤੀ ਗਈ ਪੈਰਵੀ ਵੋਟਰਾਂ ਨੂੰ ਸਿੱਧੇ ਤੌਰ ਤੇ ਪਾਰਟੀ ਦੇ ਹੱਕ ‘ਚ ਪ੍ਰਭਾਵਿਤ ਕਰੇਗੀ।
ਸੈਂਕੜੇ ਦੀ ਤਾਦਾਤ ‘ਚ ਜੁਟੇ ਪਾਰਟੀ ਕਾਰਕੁੰਨਾ ਨੂੰ ਸੰਬੋਧਨ ਕਰਦੇ ਹੋਏ ਕਾਲਕਾ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਬਨਣ ਦਾ ਵੀ ਦਾਅਵਾ ਕੀਤਾ। ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਵੱਲੋਂ ਪਿੱਛਲੀ ਚੋਣਾਂ ‘ਚ ਸਵਰਾਜ, ਜਨਲੋਕਪਾਲ, ਮਹਿਲਾ ਕਮਾਂਡੋ ਫੋਰਸ ਸਣੇ ਕਈ ਮਸਲਿਆਂ ਤੇ ਇਨ੍ਹਾਂ ਚੋਣਾਂ ਦੌਰਾਨ ਕੇਜਰੀਵਾਲ ਵੱਲੋਂ ਚੁੱਪੀ ਧਾਰਣ ਕਰਨ ਤੇ ਵੀ ਕਾਲਕਾ ਨੇ ਸਵਾਲ ਖੜੇ ਕੀਤੇ। ਰਾਜ ਖਾਤਿਰ ਸਿਧਾਤਾਂ ਨੂੰ ਤਿਆਗਣ ਦਾ ਦੋਸ਼ ਵੀ ਕਾਲਕਾ ਨੇ ਆਮ ਆਦਮੀ ਪਾਰਟੀ ਤੇ ਲਾਇਆ। ਦਿੱਲੀ ‘ਚ ਕਾਂਗਰਸ ਪਾਰਟੀ ਦਾ ਸੁਪੜਾ ਸਾਫ ਹੋਣ ਦਾ ਵੀ ਕਾਲਕਾ ਨੇ ਸੰਭਾਵਨਾ ਜਤਾਈ। ਇਸ ਮੌਕੇ ਜ਼ਿਲਾ ਪ੍ਰਧਾਨ ਛੋਟੇ ਰਾਮ, ਸੰਗਠਨ ਮੰਤਰੀ, ਅਸ਼ੋਕ ਜੈਨ, ਮੰਡਲ ਪ੍ਰਧਾਨ ਮਦਨ ਮੋਹਨ ਤਨੇਜਾ, ਜੇ.ਕੇ. ਖਮਾਨੀ, ਰਾਜਪਾਲ ਸਿੰਘਲ, ਰੋਸ਼ਨ ਚੌਹਾਨ, ਜ਼ਿਲਾ ਆਫਿਸ ਸਕੱਤਰ, ਪੱਨਾ ਲਾਲ ਗਰਗ ਤੇ ਰਾਜਪਾਲ ਸਿੰਘ ਅਤੇ ਜ਼ਿਲਾ ਜਰਨਲ ਸਕੱਤਰ ਅਸ਼ਵਣੀ ਸ਼ਰਮਾ ਸਣੇ ਸੈਂਕੜੇ ਕਾਰਕੂੰਨ ਮੌਜੂਦ ਸਨ।