ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਰਵਉੱਚ ਅਦਾਲਤ ਦੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਦੀ ਅਗਵਾਈ ਵਿੱਚ ਚਲਾਈਆਂ ਗਈਆਂ ਵੱਖ-ਵੱਖ ਮੁਹਿੰਮਾਂ ਵਿੱਚੋਂ, ਆਮ ਆਦਮੀ ਪਾਰਟੀ ਦੀ ਇੱਕ ਡਰੱਗ ਡੀ-ਐਡੀਕਸ਼ਨ ਦੀ ਟੀਮ ਨੇ ਅੱਜ ਸਰਕਾਰੀ ਹਸਪਤਾਲ ਅਤੇ ਰੈੱਡ ਕਰਾਸ ਸੁਸਾਇਟੀ ਲੁਧਿਆਣਾ ਦੇ ਨਸ਼ਾ ਛਡਾਉ ਕੇਂਦਰਾਂ ਦਾ ਜਾਇਜ਼ਾ ਲਿਆ, ਜਿਸ ਦੀ ਅਗਵਾਈ ਆਪ ਜਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਕਰ ਰਹੇ ਸਨ,ਜਿੰਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਇਹਨਾਂ ਕੇਂਦਰਾਂ ਵਿੱਚ ਵੱਡੀਆਂ ਖਾਮ੍ਹੀਆਂ ਪਾਈਆਂ ਗਈਆਂ ਅਤੇ ਇਸ ਨੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖ੍ਹੋਲ ਦਿੱਤੀ ਹੈ। ਪੰਜਾਬ ਸਰਕਾਰ ਕਰੋੜਾਂ ਰੁਪਏ ਖਰਚ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਦੂਜੇ ਪਾਸੇ ਮਰੀਜ਼ ਸਰਕਾਰ ਦਾ ਸਿਆਪਾ ਕਰਨ ਨੂੰ ਤਿਆਰ ਹਨ। ਨਾ ਇਹਨਾਂ ਕੇਂਦਰਾਂ ਵਿੱਚ ਦਵਾਈਆਂ ਹਨ, ਨਾ ਡਾਕਟਰ ਅਤੇ ਨਾ ਹੀ ਨਵੇਂ ਮਰੀਜ਼ ਭਰਤੀ ਕੀਤੇ ਜਾਂਦੇ ਹਨ।
ਸਿਵਲ ਹਸਪਤਾਲ ਲੁਧਿਆਣਾ ਦੇ ਨਸ਼ਾ ਛਡਾਓ ਕੇਂਦਰ ਦਾ ਇਹ ਹਾਲ ਹੈ ਕਿ ਡਾਕਟਰ ਹਫਤੇ ਵਿੱਚ ਸਿਰਫ ਦੋ ਦਿਨ ਹੀ ਆਉਂਦੇ ਹਨ। ਰੈਡ ਕਰਾਸ ਨਸ਼ਾ ਛਡਾਓ ਕੇਂਦਰ ਦਾ ਹਾਲ ਤਾਂ ਇਸ ਤੋਂ ਵੀ ਭੈੜਾਂ ਹੈ। ਉੱਥੇ ਤਾਂ ਕੋਈ ਵੀ ਡਾਕਟਰ ਉਪਲਬਧ ਨਹੀਂ ਹੈ। ਇਹ ਕੇਂਦਰ ਤਾਂ ਮਰੀਜ਼ਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਵੀ ਨਾਕਾਮ ਹੋ ਗਏ ਹਨ। ਪੰਜਾਬ ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਬੀ ਐੱਸ ਐੱਫ ਦੇ ਵਿਰੁੱਧ ਧਰਨੇ ਦੇ ਕੇ ਸਗੋਂ ਉਹਨਾਂ ਨੋਜਵਾਨਾਂ ਦਾ ਮਨੋਬਲ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦੀਆਂ ਲਾਪਰਵਾਹੀਆਂ ਕਾਰਨ ਨਸ਼ੇ ਵਿੱਚ ਡੁੱਬੀ ਜਵਾਨੀ ਨੂੰ ਸੰਭਾਲਣ ਦੇ ਠੀਕ ਉਪਰਾਲੇ ਕੀਤੇ ਜਾਣ ਅਤੇ ਲੀਡਰਾਂ ਦੀ ਬੁੱਕਲ਼ਾਂ ਵਿੱਚ ਲੁਕੇ ਸਮਗਲਰਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਜਾਵੇ। ਲੋਕਾਂ ਦੇ ਅੱਖੀਂ ਘੱਟਾ ਨਾ ਪਾਇਆ ਜਾਵੇ, ਕਿਉਂਕਿ ਲੋਕ ਇੰਨੇ ਵੀ ਅਣਜਾਣ ਨਹੀਂ ਹਨ।