ਸ੍ਰੀਨਗਰ- ਕਸ਼ਮੀਰੀ ਵੱਖਵਾਦੀ ਜਥੇਬੰਦੀ ਹੁਰੀਅਤ ਦੇ ਕਟੜਪੰਥੀ ਧੜੇ ਦੇ ਲੀਡਰ ਸਯਦ ਅਲੀ ਸ਼ਾਹ ਗਿਲਾਨੀ ਨੇ ਪਾਕਿਸਤਾਨ ਵਿਚ ਸਰਗਰਮ ਤਾਲਿਬਾਨ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਪਾਕਿਸਤਾਨ ਵਿਚ ਜੋ ਕਰ ਰਹੇ ਹਨ ਉਹ ਅਤਿਵਾਦੀ ਸਰਗਰਮੀਆਂ ਹਨ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਲੜਾਕੇ ਨਿਹੱਥੇ ਲੋਕਾਂ ਨੂੰ ਮਾਰ ਰਹੇ ਹਨ। ਅਤਿਵਾਦੀ ਹਮਲੇ ਕਰ ਰਹੇ ਹਨ, ਘਰ ਨਸ਼ਟ ਕਰ ਰਹੇ ਹਨ, ਸਕੂਲਾਂ ਨੂੰ ਸਾੜ ਰਹੇ ਹਨ ਅਤੇ ਕਬਰਾਂ ਚੋਂ ਲਾਸ਼ਾਂ ਨੂੰ ਕੱਢਕੇ ਉਨ੍ਹਾਂ ਨੂੰ ਲਟਕਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸਲਾਮਿਕ ਸ਼ਾਸਨ ਲਿਆਉਣ ਦਾ ਤਾਲਿਬਾਨ ਦਾ ਮਕਸਦ ਨੇਕ ਹੈ ਪਰ ਇਹ ਟੀਚਾ ਹਾਸਲ ਕਰਨ ਲਈ ਤਾਲਿਬਾਨ ਨੇ ਗ਼ੈਰ ਇਸਲਾਮਿਕ ਤਰੀਕੇ ਅਪਣਾਏ ਹਨ।
ਉਨ੍ਹਾਂ ਨੇ ਪਾਕਿਸਤਾਨ ਦੇ ਸਥਾਈਕਰਨ ਅਤੇ ਸੰਪ੍ਰਭੁਤਾ ‘ਤੇ ਚਿੰਤਾ ਪ੍ਰਗਟਾਈ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਤਾਲਿਬਾਨ ਦੇ ਨਾਲ ਸ਼ਾਂਤੀਪੂਰਨ ਢੰਗ ਨਾਲ ਹੱਲ ਕੱਢਣ ਦੀ ਕੋਸਿ਼ਸ਼ ਕਰਨੀ ਚਾਹੀਦੀ ਸੀ ਅਤੇ ਫੌਜੀ ਹਲ ਆਖ਼ਰੀ ਰਸਤਾ ਹੋਣਾ ਚਾਹੀਦਾ ਸੀ। ਗਿਲਾਨੀ ਦਾ ਤਰਕ ਹੈ ਕਿ ਪਾਕਿਸਤਾਨ ਸਰਕਾਰ ਅਜਿਹੇ ਗਰੁਪਾਂ ਦੀ ਮਦਦ ਲੈ ਸਕਦੀ ਸੀ ਜਿਨ੍ਹਾਂ ਦਾ ਤਾਲਿਬਾਨ ‘ਤੇ ਅਸਰ ਹੈ। ਪਰ ਸਯਦ ਅਲੀ ਸ਼ਾਹ ਗਿਲਾਨੀ ਨੇ ਅਫ਼ਗਾਨਿਸਤਾਨ ਵਿਚ ਕੌਮਾਂਤਰੀ ਫੌਜਾਂ ਦੇ ਖਿਲਾਫ਼ ਤਾਲਿਬਾਨ ਦੀ ਮੁਹਿੰਮ ਦੀ ਹਿਮਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਵੇਂ ਫੌਜਾਂ ਨੇ ਕਬਜ਼ਾ ਕੀਤਾ ਹੋਇਆ ਹੈ ਉਸਦੇ ਖਿਲਾਫ਼ ਲੜਾਈ ਉਚਿਤ ਹੈ। ਕਸ਼ਮੀਰੀ ਲੀਡਰ ਨੇ ਕਿਹਾ ਕਿ ਇਸੇ ਤਰਕ ਦੇ ਨਾਲ ਭਾਰਤੀ ਸ਼ਾਸਨ ਦੇ ਖਿਲਾਫ਼ ਹਥਿਆਰਬੰਦ ਮੁਹਿੰਮ ਨਿਆਂਪੂਰਣ ਹੈ।