ਹਿੰਦੋਸਤਾਨ ਅੱਜ ਇਕ ਬਹੁ-ਧਰਮੀ, ਬਹੁ-ਭਾਸ਼ਾਈ ਤੇ ਬਹੁ-ਸਭਿਅਤਾਵਾਂ ਵਾਲਾ ਦੇਸ਼ ਹੈ।ਈਰਾਨ,ਅਫਗਾਨਿਸਤਾਨ ਤੇ ਖਾੜੀ ਦੇਸ਼ ਵਾਂਗ ਇਹ ਵੀ ਇਕ ਇਸਲਾਮਿਕ ਦੇਸ਼ ਬਣ ਜਾਣਾ ਸੀ।ਸਿੱਖ ਗੁਰੂਆਂ ਨੇ ਇਸ ਨੂੰ ਬਚਾ ਲਿਆ।ਕਦੀ ਇਹ ਦੇਸ਼ ਹਿੰਦੂਆਂ ਦਾ ਦੇਸ਼ ਹੁੰਦਾ ਸੀ,ਪਰ ਤਕਰੀਬਨ 800 ਸਾਲ ਪਹਿਲਾਂ ਪਿ੍ਥਵੀ ਰਾਜ ਚੌਹਾਨ ਤੋਂ ਬਦਲਾ ਲੈਣ ਲਈ ਜੈ ਚੰਦ ਨੇ ਮੁਸਲਮਾਨ ਹੁਕਮਰਾਨਾਂ ਨੂੰ ਸੱਦਾ ਦੇ ਕੇ ਤੇ ਸਹਿਯੋਗ ਦੇ ਕੇ ਗ਼ੁਲਾਮ ਕਰਵਾ ਲਿਆ।ਇਸ ਗ਼ੁਲਾਮ ਬਾਰੇ ਆਰੀਆ ਸਮਾਜੀ ਵਿਦਵਾਨ ਲਾਲਾ ਦੌਲਤ ਰਾਏ ਦੀ ਪੁਸਤਕ ‘ਸਾਹਿਬੇ ਕਮਾਲ ਗੁਰੂ ਗੋਬੰਦ ਸਿੰਘ’ ਦਾ ਹਵਾਲੇ ਨਾਲ ਗੱਲ ਕਰਦੇ ਹਾਂ।
ਮੁਸਲਮਾਨਾਂ ਨੂੰ ਕਿਹੜੀਆਂ ਗੱਲਾਂ ਨੇ ਹਿੰਦੋਸਤਾਨ ਵਿਚ ਆਉਣ ਲਈ ਪ੍ਰੇਰਿਆ ਦਾ ਜ਼ਿਕਰ ਕਰਦਿਆਂ ਉਹ ਜ਼ਾਤ ਪਾਤ ਤੇ ਊਚ ਨੀਚ ਦੇ ਵਖਰੇਵੇਂ, ਭਰਮ,ਵਹਿਮ ,ਇਖਲਾਕੀ ਕਦਰਾਂ ਕੀਮਤਾਂ ਵਿਚ ਆਏ ਨਿੱਘਾਰ ਬਾਰੇ ਲਿਖਦੇ ਹਨ, “ਮੰਨੂੰ ਤੇ ਮਹਾਂਭਾਰਤ ਦੇ ਜ਼ਮਾਨੇ ਪਿਛੋਂ ਹਿੰਦੂ ਧਰਮ ਵਿਚ ਭਾਰੀ ਤਬਦੀਲੀ ਆਈ।ਹਿੰਦੂ ਕੌਮ ਦੀ ਏਕਤਾ ਨਾਂ ਰਹੀ।ਉਨ੍ਹਾਂ ਦਾ ਕੌਮੀ ਤਾਣਾ-ਬਾਣਾ ਲੀਰੋ-ਲੀਰ ਹੋ ਗਿਆ।ਕੌਮੀ ਮਾਲਾ ਦੇ ਮਣਕੇ ਖੇਰੂੰ ਖੇਰੂੰ ਹੋ ਗਏ।ਜ਼ਾਤੀ ਭੇਦ ਤੇ ਵਿਤਕਰਾ ਇਤਨਾ ਵਧਿਆ ਕਿ ਹਰੇਕ ਫਿਰਕਾ ਨਾਂ ਕੇਵਲ ਇੱਕ ਦੂਜੇ ਤੋਂ ਅੱਡ ਹੋ ਕੇ ਢਾਈ ਚੌਲਾਂ ਦੀ ਖਿੱਚੜੀ ਵੱਖ ਵੱਖ ਪਕਾਉਣ ਲੱਗਿਆ, ਸਗੋਂ ਇਕ ਦੁਜੇ ਦੇ ਵਿਰੋਧੀ ਹੋ ਕੇ ਆਪਸ ਵਿਚ ਖਹਿਣ ਤੇ ਇਕ ਦੂਜੇ ਨੂੰ ਉਜਾੜਣ ਲਗ ਪਏ।” ਉਹ ਲਿਖਦੇ ਹਨ ਕਿ “ਸਾਫ ਸਪੱਸ਼ਟ ਹੈ ਕਿ ਕਮਜ਼ੋਰ ਤੇ ਗ਼ਰੀਬ ਹਮੇਸ਼ਾ ਜ਼ਬਰ-ਜੰਗ ਤੇ ਤਾਕਤ ਦੇ ਮਾਲਕ ਦਾ ਗੋਲਾ ਹੀ ਹੁੰਦਾ ਹੈ।ਇਸੇ ਕਰ ਕੇ ਹੀ ਮੁਸਲਮਾਨ ਜੇਤੂਆਂ ਨੇ ਆਪਣਾ ਮੂੰਹ ਹਿੰਦੋਸਤਾਨ ਵੱਲ ਕੀਤਾ ਅਤੇ ਸਿੱਟਾ ਵੀ ਉਹੀ ਨਿਕਲਿਆ ਜਿਸ ਦੀ ਅਜੇਹੀ ਹਾਲਤ ਵਿਚ ਆਸ ਹੁੰਦੀ ਹੈ। ਇਸਲਾਮੀ ਤਲਵਾਰ ਨੇ ਆਖਰ ਹਿੰਦੂਆਂ ਨੂੰ ਗ਼ੁਲਾਮ ਬਣਾ ਲਿਆ।ਉਨ੍ਹਾਂ ਦੀ ਬਚੀ ਖੁਚੀ ਤਾਕਤ ਖੇਰੂੰ ਖੇਰੂੰ ਕਰ ਦਿਤੀ।ਜਿੰਨਾ ਵੀ ਹੋ ਸਕਿਆ, ਮੁਸਲਮਾਨਾਂ ਨੇ ਉਨ੍ਹਾਂ ਨੂੰ ਜ਼ਲੀਲ ਤੇ ਖੁਆਰ ਕੀਤਾ।ਉਨ੍ਹਾਂ ਦੀ ਸ਼ਰਮ ਤੇ ਹਯਾ ਨੂੰ ਬਰਬਾਦ ਕੀਤਾ। ਇਜ਼ਤ ਦੌਲਤ ਲੁੱਟੀ ਤੇ ਆਪਣੇ ਕਬਜ਼ੇ ਵਿਚ ਕੀਤੀ। ਗ਼ੁਲਾਮੀ ਦਾ ਪਟਾ ਉਨ੍ਹਾ ਦੇ ਗਲੇ ਵਿਚ ਐਸਾ ਪਾਇਆ, ਜਿਸ ਨੂੰ ਉਹ ਫਿਰ ਕਦੇ ਵੀ ਆਪਣੇ ਗਲੇ ਵਿਚੋਂ ਲਾਹ ਨਾਂ ਸਕੇ। ਮੁੱਕਦੀ ਗਲ ਇਹ ਕਿ ਮੁਸਲਮਾਨ ਜੇਤੂ, ਹਿੰਦੋਸਤਾਨ ਦੇ ਕਰਤਾ ਧਰਤਾ ਤੇ ਐਸੇ ਮਾਲਕ ਬਣੇ, ਜਿਵੇਂ ਕਿ ਮਨੁਖ ਪਸ਼ੂਆਂ ਦੇ ਮਾਲਕ ਹੁੰਦੇ ਹਨ।”
ਲਾਲਾ ਜੀ ਦੱਸਦੇ ਹਨ,“ਇਸਲਾਮ ਦੇ ਮੁਢਲੇ ਜੇਤੂਆਂ ਨੇ ਮਜ਼ਹਬੀ ਜੋਸ਼ ਵਿਚ ਬੜੇ ਜ਼ੁਲਮ ਕੀਤੇ। ਉਨ੍ਹਾਂ ਉਪਰ ਬੜੀਆਂ ਬੇਸ਼ਰਮ ਤੇ ਸਭਿਅਤਾਹੀਣ ਵਧੀਕੀਆ ਕੀਤੀਆ। ਹਿੰਦੂਆਂ ਦੇ ਧਾਰਮਿਕ ਅਸਥਾਨਾਂ ਤੇ ਮੰਦਰਾਂ ਦੀ ਨਾਂ ਕੇਵਲ ਪਵਿੱਤ੍ਰਤਾ ਹੀ ਭੰਗ ਕੀਤੀ, ਸਗੋਂ ਉਨ੍ਹਾਂ ਨੂੰ ਲੁੱਟਿਆ, ਮੂਰਤੀਆਂ ਤੋੜੀਆਂ ਤੇ ਉਨ੍ਹਾਂ ਦੀ ਥਾਂ ‘ਤੇ ਮਸਜਿਦਾਂ ਬਣਾ ਦਿਤੀਆਂ ।ਉਨ੍ਹਾਂ ਹਿੰਦੂਆਂ ਦਾ ਕੇਵਲ ਧਨ, ਦੌਲਤ ਤੇ ਗਹਿਣਾ-ਗੱਟਾ ਹੀ ਨਹੀਂ ਲੁਟਿਆ, ਸਗੋਂ ਉਨ੍ਹਾਂ ਦੇ ਘਰ ਤੇ ਮਹੱਲੇ ਸਾੜ ਫੁਕ ਕੇ ਸੁਆਹ ਕਰ ਦਿੱਤੇ।ਨਾਂ ਕੇਵਲ ਹਿੰਦੂ ਇਸਤ੍ਰੀਆਂ ਦੀ ਇਜ਼ਤ ਹੀ ਲੁੱਟੀ, ਸਗੋਂ ਹਜ਼ਾਰਾਂ ਲੱਖਾਂ ਨੂੰ ਕਤਲ ਕਰ ਕੇ ਹਮੇਸਾ ਦੀ ਨੀਂਦ ਸੁਲਾ ਦਿੱਤਾ।ਅਨੇਕਾਂ ਔਰਤਾਂ ਨੂੰ ਗ਼ੁਲਾਮ ਬਣਾਇਆ ਤੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ ਲਿਜਾ ਕੇ ਕੇਵਲ ਦੋ ਦੋ ਦੀਨਾਰ ਤੋਂ ਨਿਲਾਮ ਕੀਤਾ ਤੇ ਵੇਚਿਆ।ਹਿੰਦੂਆਂ ਨੂੰ ਜ਼ਬਰੀ ਗ਼ੁਲਾਮ ਬਣਾਇਆ।ਉਨ੍ਹਾਂ ਦੀਆਂ ਔਰਤਾਂ ਖੋਹ ਕੇ,ਉਨ੍ਹਾਂ ਨਾਲ ਨਿਕਾਹ ਪੜ੍ਹਾ ਕੇ ਅਪਣੇ ਮਹਿਲਾਂ ਦੀ ਰੌਣਕ ਵਧਾਈ।” ਜਿਹੜਾ ਵੀ ਮਸੁਲਮਾਨਾਂ ਦਾ ਫਿਰਕਾ ਜਾਂ ਖਾਨਦਾਨ ਇਕ ਦੂਜੇ ਦੇ ਮਗਰੋਂ ਆਇਆ, ਸਾਰਿਆਂ ਨੇ ਹੀ ਹਿੰਦੂਆਂ ਨਾਲ ਇਹੋ ਜਿਹਾ ਹੀ ਵਿੱਤਕਰੇ ਤੇ ਜ਼ੁਲਮ-ਭਰਿਆ ਸਲੂਕ ਜਾਰੀ ਰਖਿਆ।ਇਹੋ ਜਿਹੇ ਹਾਲਾਤ ਵਿਚ ਇਹ ਕੁਦਰਤੀ ਗੱਲ ਸੀ ਕਿ ਜੇਤੂਆਂ ਤੇ ਹਾਰਿਆ ਹੋਇਆਂ ਵਿਚ ਘਿਰਣਾ ਵਧੇ।ਸਿੱਟੇ ਵਜੋਂ ਦੋਹਾਂ ਵਿਚ ਅਤਿਅੰਤ ਨਫ਼ਰਤ ਤੇ ਦੁਸ਼ਮਣੀ ਪੈਦਾ ਹੋਈ ਤੇ ਜਾਰੀ ਰਹੀ, ਜੋ ਅੱਜ ਤਕ ਵੀ ਜਾਰੀ ਹੈ।
ਅਮੀਰ ਖੁਸਰੋ ਅਨੁਸਾਰ ਜਲਾਲੁਦੀਨ ਖਿਲਜੀ ਨੇ ਸਾਰੇ ਮਾਲਵੇ ਤੇ ਗੁਜਰਾਤ ਦੇ ਇਲਾਕੇ ਨੂੰ ਇਥੋਂ ਤੱਕ ਲੁੱਟਿਆ ਕਿ ਉਥੋਂ ਦੀ ਹਿੰਦੂ ਵਸੋਂ ਪਾਸ ਨੰਗੇਜ਼ ਢੱਕਣ ਵਾਲੇ ਕੱਪੜੇ ਤੇ ਮਿੱਟੀ ਦੇ ਭਾਂਡਿਆਂ ਤੋਂ ਬਿਨਾਂ ਕੁਝ ਵੀ ਨਾਂ ਰਿਹਾ।20 ਹਜ਼ਾਰ ਬੱਚੇ, ਤੀਵੀਆਂ, ਮਰਦ ਤੇ ਸੁੰਦਰੀਆਂ ਉਸ ਨੇ ਆਪਣੇ ਸੈਨਕਾਂ ਵਿਚ ਇਨਾਮ ਵਜੋਂ ਵੰਡੀਆਂ। 14 ਹਜ਼ਾਰ ਹਿੰਦੂ ਰਿਸ਼ੀਆਂ ਦੇ ਸਿਰ ਵੱਢ ਕੇ ਕਿਲ੍ਹੇ ਦੀਆਂ ਕੰਧਾਂ ਉਤੇ ਰਖਵਾਏ।
ਤਾਰੀਖ ਮੀਰ ਮਾਸੂਮ ਦੇ ਹਵਾਲੇ ਅਨੁਸਾਰ ਇਸਲਾਮ ਦੇ ਜੇਤੂਆਂ ਨੇ ਸ਼ੁਰੂ ਵਿਚ ਹੀ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਕੋਈ ਹਿੰਦੂ ਚੰਗਾ ਕੱਪੜਾ ਨਾਂ ਪਾਵੇ, ਚੰਗਾ ਭੋਜਨ ਨਾਂ ਖਾਵੇ, ਘੋੜੇ ਦੀ ਸਵਾਰੀ ਨਾਂ ਕਰੇ, ਉਨ੍ਹਾਂ ਨੂੰ ਦਸਤਾਰ ਸਜਾਉਣ ਦੀ ਮਨਾਹੀ ਸੀ ਖਾਸ ਕਰ ਕੇ ਸਫੈਦ, ਜੇ ਕਿਤੇ ਬੰਨਣੀ ਵੀ ਹੋਵੇ ਤਾਂ ਸਿਰਫ ਲਾਲ ਰੰਗ ਦੀ। ਦੋ-ਮੰਜ਼ਲਾ ਮਕਾਨ ਨਾਂ ਬਣਾਏ, ਸੁੰਦਰ ਲੜਕਾ ਲੜਕੀ ਨਾਂ ਰੱਖੇ, ਜੇ ਹੋਣ ਤਾਂ ਮੁਸਲਮਾਨਾਂ ਨੂੰ ਦੇ ਦਿੱਤੇ ਜਾਣ।ਜੇ ਕਿਸੇ ਹਿੰਦੂ ਦਾ ਵੱਧੀਆ ਮਕਾਨ, ਬਾਗ਼ ਜਾਂ ਕੋਈ ਸਾਮਾਨ ਮੁਸਲਮਾਨਾਂ ਦੇ ਪਸੰਦ ਆ ਜਾਂਦਾ ਤਾਂ ਉਹ ਖੋਹ ਲੈਂਦੇ ਤੇ ਅਪਣੇ ਕਬਜ਼ੇ ਵਿਚ ਕਰ ਲੈਂਦੇ ਸਨ।ਜੇ ਕਿਸੇ ਦੀ ਇਸਤ੍ਰੀ ਜਾਂ ਧੀ ਸੁੰਦਰ ਹੁੰਦੀ ਤਾਂ ਉਸ ਉਤੇ ਫੌਜ ਚਾੜ੍ਹ ਕੇ ਜ਼ਬਰਦਸਤੀ ਖੋਹ ਕੇ ਉਸ ਨਾਲ ਨਿਕਾਹ ਕਰ ਲੈਂਦੇ ਸਨ। ਅਕਬਰ ਬਾਦਸ਼ਾਹ ਉਦਾਰਵਾਦੀ ਸੀ ਤੇ ਚਾਹੂੰਦਾ ਸੀ ਕਿ ਹਿੰਦੂ ਤੇ ਮੁਸਲਮਾਨ ਮਿਲ ਕੇ ਰਹਿਣ, ਪਰ ਇਕ ਦੂਜੇ ਪ੍ਰਤੀ ਜੋ ਘਿਰਣਾ ਪੈਦਾ ਹੋ ਗਈ ਸੀ, ਉਹ ਖਤਮ ਨਾਂ ਹੋਈ। ਉਹ ਹਿੰਦੂ ਰਾਜਿਆਂ ਨਾਲ ਰਿਸ਼ਤੇ ਜੋੜਣ ਲਈ ਬਹੁਤ ਖਾਹਸ਼ਮੰਦ ਸੀ ਤੇ ਹਰ ਤਰ੍ਹਾਂ ਦੇ ਯਤਨ ਵੀ ਕਰਦਾ ਸੀ।ਉਹਦੇ ਵਾਰਸਾਂ ਨੇ ਵੀ ਉਸ ਦੀ ਇਸ ਨੀਤੀ ਨੂੰ ਜਾਰੀ ਰਖਿਆ।ਜੈਪੁਰ ਤੇ ਮਾਰਵਾੜ ਦੇ ਖਾਨਦਾਨਾਂ ਦੀਆਂ ਦੋ ਰਾਣੀਆਂ ਅਕਬਰ ਦੀਆਂ ਬੇਗ਼ਮਾਂ ਸਨ ਤੇ ਉਸ ਦੇ ਵੱਡੇ ਪੁੱਤਰ ਜਹਾਂਗੀਰ ਦਾ ਨਿਕਾਹ ਜੈਪੁਰ ਦੀ ਦੂਜੀ ਰਾਣੀ ਨਾਲ ਹੋਇਆ।ਬਜਾਏ ਇਸ ਦੇ ਕਿ ਧਰਮ ਦੇ ਬਦਲਣ ਤੋਂ ਘਿਰਣਾ ਕੀਤੀ ਜਾਂਦੀ, ਹਿੰਦੂ ਰਾਜਿਆ ਅੰਦਰ ਬਾਦਸ਼ਾਹ ਨੂੰ ਜਵਾਈ ਬਣਾਉਣ ਦਾ ਸ਼ੋਕ ਤੇਜ਼ੀ ਨਾਲ ਵੱਧਿਆ ਤੇ ਉਸ ਲਈ ਉਹ ਦਿਲੀ ਇੱਛਾ ਕਰਨ ਲਗ ਪਏ ਸਨ।ਇਹ ਨੀਤੀ ਵੀ ਹਿੰਦੂਆਂ ਲਈ ਘਾਤਕ ਸਿੱਧ ਹੋਈ,ਕਿਊਂ ਜੋ ਕੋਈ ਵੀ ਹਿੰਦੂ ਰਾਜਾ ਮੁਸਲਮਾਨ ਲੜਕੀ ਵਿਆਹੁਣ ਨੂੰ ਤਿਆਰ ਨਹੀਂ ਸੀ।
ਇਹੋ ਜਿਹੀਆਂ ਹੋਰ ਵੀ ਅਨੇਕਾਂ ਉਦਾਹਰਣਾਂ ਇਤਿਹਾਸਿਕ ਹਵਾਲੇ ਦੇ ਕੇ ਦਿੱਤੀਆਂ ਜਾ ਸਕਦੀਆਂ ਹਨ, ਪਰ ਥੋੜੇ ਜਿਹੇ ਨਮੂਨੇ ਨਾਲ ਸਾਰੀ ਅਸਲੀਅਤ ਦਾ ਪਤਾ ਲਗ ਜਾਂਦਾ ਹੈ।
ਅਜੇਹੇ ਬਿਖੜੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ।ਉਨ੍ਹਾਂ ਨੇ ਦੋਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਸਿੱਧਾ ਸਾਦਾ ਤੇ ਨੇਕ ਜੀਵਨ ਬਿਤਾਉਣ, ਹੱਥੀਂ ਕਿਰਤ ਕਰਨ,ਵੰਡ ਛੱਕਣ,ਇਕੋ ਪਰਮਾਤਮਾ ਦੀ ਅਰਾਧਨਾ ਕਰਨ ਤੇ ਸਭਨਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿਤਾ।ਉਨ੍ਹਾਂ ਨੇ ਬਾਬਰ ਦੇ ਹਮਲੇ ਵੇਲੇ ਜ਼ੁਲਮ ਤਸ਼ੱਦਦ ਤੇ ਲੁਟ ਮਾਰ ਦੇਖ ਕੇ ਆਵਾਜ਼ ਬੁਲੰਦ ਕੀਤੀ।ਲਾਲਾ ਜੀੇ ਦੇ ਸ਼ਬਦਾਂ ਵਿਚ “ਉਨ੍ਹਾਂ ਇਹ ਕਾਰਜ ਐਸੀ ਜੁਗਤੀ ਨਾਲ ਆਰੰਭਿਆ ਤੇ ਨਿਭਾਇਆ, ਜੋ ਕੇਵਲ ਉਹੋ ਹੀ ਕਰ ਸਕਦੇ ਸਨ।ਇਹੋ ਕਾਰਨ ਹੈ ਕਿ ਮੁਸਲਮਾਨ ਵੀ ਅਜਿਹੇ ਦਲੇਰ ਵਿਅਕਤੀ ਦੇ ਖਿਲਾਫ ਨਾਂ ਹੋਏ ਜੋ ਹਿੰਦੂਆਂ ਨੂੰ ਉਨ੍ਹਾਂ ਦੇ ਮੁਕਾਬਲੇ ‘ਤੇ ਲਿਆਉਣ ਦੀ ਨੀਂਹ ਰੱਖ ਰਿਹਾ ਸੀ।”
ਦੂਸਰੇ ਗੁਰੂ ਸਾਹਿਬਾਨ ਨੇ ਵੀ ਇਸ ਤਰ੍ਹਾਂ ਦੋਨਾਂ ਧਰਮਾਂ ਦੇ ਲੋਕਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਜਾਰੀ ਰਖਿਆ।ਇਹੀ ਕਾਰਨ ਹੈ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇਸ਼ ਦੇ ਲਗਭਗ ਹਰ ਇਲਾਕੇ ਵਿਚ ਉਨ੍ਹਾਂ ਦੇ ਸਿੱਖ ਬਣ ਗਏ ਸਨ, ਜਿਨ੍ਹਾ ਵਿਚ ਮੁਸਲਮਨਾਂ ਦੀ ਵੀ ਚੋਖੀ ਗਿਣਤੀ ਸੀ।
ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਹਾਲਾਤ ਨੂੰ ਦੇਖਦੇ ਹੋਏ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਆਪਣੇ ਸਿੱਖਾਂ ਨੂੰ ਸ਼ਸ਼ਤਰ ਵਿਦਿਆ ਵਲ ਵੀ ਪ੍ਰੇਰਿਆ।
ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸਮੇਂ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਮੁਹਿੰਮ ਤੇਜ਼ ਹੋ ਗਈ।ਉਸ ਦੇ ਜ਼ੁਲਮ ਤੱਸ਼ਦਦ ਤੋਂ ਪ੍ਰੇਸ਼ਾਨ ਹੋਏ ਕਸ਼ਮੀਰੀ ਪੰਡਤ ਗੁਰੂ ਤੇਗ਼ ਬਹਾਦਰ ਜੀ ਪਾਸ ਫਰਿਆਦ ਲੈ ਕੇ ਆਨੰਦਪੁਰ ਸਾਹਿਬ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ,ਜੋ ਕੇਵਲ 9 ਸਾਲਾਂ ਦੇ ਸਨ, ਦੇ ਆਖਣ ‘ਤੇ ਉਨ੍ਹਾਂ ਦੀ ਰਖਿਆ ਲਈ ਦਿੱਲੀ ਗਏ, ਜਿਥੇ ਬਾਦਸ਼ਾਹ ਦੇ ਹੁਕਮ ‘ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿਤਾ ਗਿਆ। ਮਜ਼ਲੂਮ ਤੇ ਨਿਤਾਣਿਆਂ ਦੀ ਰਖਿਆ ਲਈ ਅਤੇ ਔਰੰਗਜ਼ੇਬ ਦੇ ਜ਼ੁਲਮ ਤਸ਼ੱਦਦ ਤੇ ਅਤਿਆਚਾਰ ਦਾ ਟਾਕਰਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਕੌਮ ਵਿਚ ਇਕ ਨਵੀਂ ਰੂਹ ਭਰ ਦਿਤੀ। ਗੁਰੂ ਜੀ ਦੇ ਖਾਲਸੇ ਨੇ ਇਤਿਹਾਸ ਦਾ ਰੁਖ ਬਦਲ ਕੇ ਰਖ ਦਿਤਾ।ਇਸ ਮੁਹਿੰਮ ਵਿਚ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ।ਲਾਲਾ ਦੌਲਤ ਰਾਏ ਦੇ ਅਪਣੇ ਸ਼ਬਦਾਂ ਅਨੁਸਾਰ, “ਔਰੰਗਜ਼ੇਬ ਦੇ ਸਮੇਂ ਤਕ ਹਿੰਦੂਆਂ ਤੇ ਹਿੰਦੁਸਤਾਨ ਦੀ ਅਜਿਹੀ ਦਸ਼ਾ ਹੋ ਗਈ ਸੀ ਕਿ ਸਾਰੇ ਹਿੰਦੋਸਤਾਨ’ਤੇ ਹੀ ਇਸਲਾਮੀ ਝੰਡਾ ਝੁੱਲਣ ਲੱਗ ਗਿਆ ਸੀ।ਲਹਿੰਦੇ ਪਾਸੇ ਗੁਜਰਾਤ ਤੇ ਦੁਆਰਕਾ ਤਕ ਇਸਲਾਮੀ ਹਕੂਮਤ ਕਾਇਮ ਹੋ ਚੁਕੀ ਸੀ।ਦੱਖਣ ਦੀਆਂ ਸਾਰੀਆਂ ਹਿੰਦੂ ਹਕੂਮਤਾਂ ਬਰਬਾਦ ਹੋ ਕੇ ਅਪਣੀ ਹੋਂਦ ਹੀ ਖਤਮ ਕਰ ਰਹੀਆਂ ਸਨ। ਰਾਮੇਸਵਰਮ ਵਿਚ ਮਸਜਿਦਾਂ ਉਸਰ ਚੁਕੀਆਂ ਸਨ।ਕਸ਼ਮੀਰ ਵਿਚ ਇਸਲਾਮੀ ਝੰਡਾ ਲਹਿਰਾ ਰਿਹਾ ਸੀ।ਪਰ ਫਿਰ ਵੀ ਇਨ੍ਹਾਂ ਜਿੱਤਾਂ ਤੇ ਤਾਕਤੀ ਪਸਾਰੇ ਦੇ ਬਾਵਜੂਦ ਮੁਲਕ ਵਿਚ ਚੈਨ ਨਹੀਂ ਸੀ।”ਉਹ ਅੱਗੇ ਲਿਖਦੇ ਹਨ, “ਜੋ ਕੁਝ ਪਹਿਲਾਂ ਵਾਪਰ ਚੁੱਕਾ ਸੀ,ਉਸ ਨੂੰ ਭੁਲਾ ਕੇ ਜੇ ਇਕੱਲੇ ਔਰੰਗਜ਼ੇਬ ਦੀਆਂ ਕਰਤੂਤਾਂ ਹੀ ਵੇਖੀਆਂ ਜਾਣ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਹੁਣ ਉਹ ਸਮਾਂ ਆ ਗਿਆ ਸੀ ਕਿ ਹਿੰਦੂਆਂ ਦਾ ਨਾਂ ਵੀ ਹਿੰਦੁਸਤਾਨ ਦੀ ਧਰਤੀ ਤੋਂ ਉਸੇ ਤਰ੍ਹਾਂ ਹੀ ਮਿਟ ਜਾਂਦਾ ਜਿਵੇਂ ਕੁਰੈਸ਼ੀਆਂ ਦਾ ਅਰਬ ਵਿਚ ਮੇਟਿਆ ਗਿਆ ਸੀ।ਜਾਂ ਫਿਰ ਉਹੀ ਹਾਲ ਹੁੰਦਾ ਜਿਵੇਂ ਇਰਾਨ, ਤੁਰਕਿਸਤਾਨ,ਅਫ਼ਗਾਨਿਸਤਾਨ ਤੇ ਬਲੋਚਿਸਤਾਨ ਦੇ ਵਸਨੀਕ ਆਪਣੇ ਵੱਡੇ ਵਡੇਰਿਆਂ ਦੇ ਧਰਮ ਨੂੰ ਤਿਲਾਂਜਲੀ ਦੇ ਚੁਕੇ ਸਨ। ਇਥੇ ਵੀ ਸਾਰੇ ਹੀ ਹਿੰਦੂ ਆਪਣੇ ਧਰਮ ਦਾ ਤਿਆਗ ਕਰ ਦਿੰਦੇ ਤੇ ਇਸਲਾਮ ਦੀ ਜ਼ਾਲਮ ਤਲਵਾਰ ਅਗੇ ਸਿਰ ਨੀਵਾਂ ਕਰ ਕੇ ਆਪਣੀ ਸੰਸਕ੍ਰਿਤੀ ਤੋਂ ਹੱਥ ਧੋ ਬੈਠਦੇ ਕਿਉਂਕਿ ਹਿੰਦੂਆਂ ਵਿਚ ਹੁਣ ਇਸਲਾਮੀ ਜਬਰ ਤੇ ਜੋਸ਼ ਦਾ ਟਾਕਰਾ ਕਰਨ ਦੀ ਨਾਂ ਹਿੰਮਤ ਸੀ ਤੇ ਨਾਂ ਹੀ ਤਾਕਤ, ਨਾਂ ਹੀ ਹੌਸਲਾ ਸੀ ਤੇ ਨਾਂ ਹੀ ਧਨ-ਬਲ ਸੀ।”
“ਫਿਰ ਐਸੀ ਨਿਰਾਸਤਾ ਵਿਚ ਅਚਨਚੇਤ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਇਕ ਮੂਰਤ ਪ੍ਰਗਟ ਹੋਈ।ਇਸ ਹਸਤੀ ਨੇ ਹਿੰਦੂ ਧਰਮ ਦੀ ਨਈਆ ਨੂੰ ਤੂਫ਼ਾਨ ਵਿਚੋਂ ਕੱਢਿਆ ਹੀ ਨਹੀਂ,ਸਗੋਂ ਕੰਢੇ ‘ਤੇ ਆ ਖੜਾ ਕੀਤਾ। ਹਿੰਦੂ ਧਰਮ ਦੇ ਸੁਕ ਚੁਕੇ ਤੇ ਕੁਮਲਾ ਗਏ ਬਾਗ਼ ਲਈ ਉਹ ਰਹਿਮਤ ਦੀ ਵਰਖਾ ਤੇ ਉਜੜ ਰਹੇ ਚਮਨ ਦਾ ਮਾਲੀ ਤੇ ਦਰਦ ਵੰਡਾਉਣ ਵਾਲਾ ਸੀ।
ਇਹੀ ਕਾਰਨ ਹੈ ਕਿ ਮੁਗ਼ਲ ਹੁਕਮਰਾਨਾਂ ਅਤੇ ਪੱਛਮ ਵਲੋਂ ਆਉਣ ਵਾਲੇ ਨਾਦਰ ਸ਼ਾਹ,ਅਹਿਮਦ ਸ਼ਾਹ ਅਬਦਾਲੀ ਵਰਗੇ ਮੁਸਲਮਾਨ ਹਮਲਾਵਰਾਂ ਨੇ ਹਿੰਦੂਆਂ ਨੂੰ ਕੁਝ ਨਹੀਂ ਕਿਹਾ, ਸਗੋਂ ਕੇਵਲ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਯਤਨ ਕਰਦੇ ਰਹੇ। ਸਿੰਘਾਂ ਦੇ ਸਿਰਾਂ ਦੇ ਮੁਲ ਪੈਣ ਲਗੇ,ਜਿਸ ਕਾਰਨ ਸਿੰਘ ਜੰਗਲਾਂ ਵਿਚ ਰਹਿ ਕੇ ਮੁਕਾਬਲਾ ਕਰਦੇ ਰਹੇ।ਇਸ ਲੜੀ ਵਿਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁੱਕਤੇ ਤੇ ਹਜ਼ਾਰਾਂ ਸਿੰਘ ਸਿੰਘਣੀਆਂ ਨੇ ਸ਼ਹੀਦੀਆਂ ਦਿਤੀਆਂ।
ਨਾਮਵਰ ਸਿੱਖ ਵਿਦਵਾਨ ਮਹਾਂਕਵੀ ਸੰਤੋਖ ਸਿੰਘ ਜੀ ਦੀ ਹੇਠ ਲਿਖੀ ਲਿਖਤ ਹਿੰਦੋਸਤਾਨ ਨੂੰ ਇਕ ਇਸਲਾਮੀ ਦੇਸ਼ ਬਣਨ ਤੋਂ ਰੋਕਣ ਦੀ ਪ੍ਰੋੜਤਾ ਕਰਦੀ ਹੈ:-
ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ,
ਹੋਵਤੀ ਕੁਰਾਨ ਕੁਚੀਲਤਾ ਕਤੇਬਨ ਕੀ।
ਪਾਪ ਪ੍ਰਪਕ ਜਾਤੇ ਧਰਮ ਧਮਕ ਜਾਤੇ,
ਵਰਨ ਗਰਕ ਜਾਤੇ ਸਤਿ ਬਿਧਾਤ ਕੀ ।
ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ,
ਰੀਤ ਮਿਟ ਜਾਤੀ ਸਭ ਬੇਦਨ ਪੁਰਾਨ ਕੀ।
ਸ੍ਰੀ ਗੁਰੁ ਗੋਬਿੰਦ ਸਿੰਘ ਪਾਵਨ ਸੁਰ,
ਮੂਰਤ ਨ ਹੋਤੀ ਜੋ ਪੈ ਕਰਨਾ ਨਿਧਾਨ ਕੀ॥
ਜੇ ਕਰ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਨਾਂ ਧਾਰਦੇ ਤਾਂ ਇਸਲਾਮੀ ਹਮਲਾਵਰਾਂ ਤੇ ਹੁਕਮਰਾਨਾਂ ਨੇ ਸਾਰਾ ਹਿੰਦੁਸਤਾਨ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾ ਲੈਣਾ ਸੀ ਜਿਵੇ ਉਹਨਾਂ ਨੇ ਪਹਿਲਾਂ ਇਰਾਨ, ਅਫ਼ਗਾਨਿਸਤਾਨ ਆਦਿ ਕਈ ਦੇਸ਼ਾਂ ਨੂੰ ਤਲਵਾਰ ਦੇ ਜ਼ੋਰ ਨਾਲ ਇਸਲਾਮੀ ਦੇਸ਼ ਬਣਾ ਲਿਆ ਸੀ।ਫਿਰ ਇਸ ਦੇਸ਼ ਦਾ ਇਤਿਹਾਸ ਤੇ ਭੂਗੋਲ ਹੋਰ ਹੋਣਾ ਸੀ ਅਤੇ ਭਾਵੇਂ ਇਸ ਦਾ ਨਾਂ ਹਿੰਦੁਸਤਾਨ ਹੀ ਰਹਿੰਦਾ, ਪਰ ਇਕ ਮੁਸਲਮਾਨ ਦੇਸ਼ ਹੋਣਾ ਸੀ।