ਮੇਲਬਾਰਨ-ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ‘ਤੇ ਹਮਲਿਆਂ ਦੇ ਵਿਰੋਧ ਵਿਚ ਮੇਲਬਾਰਨ ਵਿਖੇ ਇਕ ਰੈਲੀ ਤੋਂ ਬਾਅਦ ਧਰਨੇ ‘ਤੇ ਬੈਠੇ 18 ਵਿਦਿਆਰਥੀਆਂ ਨੂੰ ਗ੍ਰਿਫਤਾਨ ਕਰ ਲਿਆ ਗਿਆ, ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਜਿ਼ਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ‘ਤੇ ਵਧਦੇ ਹਮਲਿਆਂ ਦੇ ਵਿਰੋਧ ਵਿਚ ਐਤਵਾਰ ਨੂੰ ਮੇਲਬਾਰਨ ਵਿਖੇ ਸ਼ਾਂਤੀ ਰੈਲੀ ਦੇ ਦੌਰਾਨ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਨੌਜਵਾਨ ‘ਤੇ ਦੰਗਾਈ ਵਤੀਰੇ ਦਾ ਇਲਜ਼ਾਮ ਲਾਇਆ ਗਿਆ ਹੈ। ਹਾਲਾਂਕਿ ਇਸ ਸ਼ਖ਼ਸ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ। ਇਸਦੇ ਵਿਰੋਧ ਵਿਚ ਵਿਦਿਆਰਥੀ ਰਾਤ ਭਰ ਧਰਨੇ ‘ਤੇ ਬੈਠੇ ਰਹੇ ਜਿਨ੍ਹਾਂ ਹਟਾਉਣ ਲਈ ਸੋਮਵਾਰ ਨੂੰ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਅਤੇ 18 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਪਰ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਐਤਵਾਰ ਨੂੰ ਵਿਰੋਧ ਰੈਲੀ ਦਾ ਆਯੋਜਨ ਫੈਡਰੇਸ਼ਨ ਆਫ ਇੰਡੀਆਨ ਸਟੂਡੈਂਟਸ ਇਨ ਆਸਟ੍ਰੇਲੀਆ ਅਤੇ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ ਨੇ ਕੀਤਾ ਸੀ।
ਇਸ ਰੈਲੀ ਦੌਰਾਨ ਵਿਦਿਆਰਥੀਆਂਨੇ ਨਾਰੇਬਾਜ਼ੀ ਕੀਤੀ ਅਤੇ ਕੁਝ ਵਿਦਿਆਰਥੀਆਂ ਨੇ ਪੱਥਰ ਸੁੱਟੇ ਜਿਸ ਕਰਕੇ ਕੁਝ ਸ਼ੀਸ਼ੇ ਟੁਟ ਗਏ ਸਨ। ਇਹ ਰੈਲੀ ਰਾਇਲ ਮੇਲਬਾਰਨ ਹਸਪਤਾਲ ਤੋਂ ਸ਼ੁਰੂ ਹੋਈ ਜਿਥੇ ਭਾਰਤੀ ਵਿਦਿਆਰਥੀ ਸ਼ਰਵਣ ਕੁਮਾਰ ਭਰਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਹੁਣ ਕੋਮਾ ਤੋਂ ਬਾਹਰ ਹੈ। ਉਸ ‘ਤੇ ਪੇਚਕੱਸ ਨਾਲ ਹਮਲਾ ਕੀਤਾ ਗਿਆ ਸੀ। ਇਹ ਹੋਰ ਵਿਦਿਆਰਥੀ ਬਲਜਿੰਦਰ ਸਿੰਘ ਨੂੰ ਵੀ ਚਾਕੂ ਮਾਰਿਆ ਗਿਆ ਸੀ। ਇਸ ਦੌਰਾਨ ਵਿਦਿਆਰਥੀ ਨਸਲੀ ਹਿੰਸਾ ਦੇ ਸਿ਼ਕਾਰ ਵਿਦਿਆਰਥੀਆਂ ਦੇ ਲਈ ਨਿਆਂ ਦੀ ਮੰਗ ਕਰ ਰਹੇ ਸਨ।
ਇਹ ਵਿਦਿਆਰਥੀ ‘ਸੇਵ ਅਵਰ ਸਟੂਡੈਂਟਸ’ ਅਤੇ ਸਟਾਪ ਰੇਸਿਸਟ ਵਾਇਲੈਂਸ ਜਿਹੀਆਂ ਤਖ਼ਤੀਆਂ ਲੈ ਕੇ ਰੈਲੀ ਵਜੋਂ ਜਾ ਰਹੇ ਸਨ, ਨਾਲ ਹੀ ਉਨ੍ਹਾਂ ਨੇ ‘ਭਾਰਤ ਮਾਤਾ ਕੀ ਜੈ” ਜਿਹੇ ਨਾਅਰੇ ਵੀ ਲਾਏ। ਜਿ਼ਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਭਾਰਤੀ ਵਿਦਿਆਰਥੀਆਂ ‘ਤੇ ਹਮਲਿਆਂ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਕਰਕੇ ਵਿਦਿਆਰਥੀ ਕਾਫ਼ੀ ਚਿੰਤਿਤ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਨਸਲੀ ਹਮਲੇ ਹਨ। ਪਿਛਲੇ ਦਿਨੀਂ ਆਸਟ੍ਰੇਲੀਆ ਦੇ ਮੇਲਬਾਰਨ ਵਿਚ ਭਾਰਤੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ਦੇ ਘਰ ‘ਤੇ ਕਥਿਤ ਤੌਰ ‘ਤੇ ਆਸਟ੍ਰੇਲੀਆਈ ਹਮਲਾਵਰਾਂ ਨੇ ਹਮਲਾ ਕੀਤਾ ਸੀ ਜਿਸ ਵਿਚ ਚਾਰ ਭਾਰਤੀ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ।
ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕੇਵਿਨ ਰਡ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਭਾਰਤੀ ਵਿਦਿਆਰਥੀਆਂ ‘ਤੇ ਹੋਏ ਹਮਲਿਆਂ ਬਾਰੇ ਆਪਣੀ ਚਿੰਤਾ ਪ੍ਰਗਟਾਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਸ਼ੁਕਰਵਾਰ ਨੂੰ ਦਿੱਲੀ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਜਾਹਨ ਮੈਕਾਰਥੀ ਨੂੰ ਸੱਦਕੇ ਆਪਣੀ ਨਰਾਜ਼ਗ਼ੀ ਪ੍ਰਗਟਾਈ ਸੀ। ਪਰ ਉਨ੍ਹਾਂ ਦਾ ਕਹਿਣਾ ਸੀ ਕਿ ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ‘ਤੇ ਹੋਏ ਸਾਰੇ ਹਮਲੇ ਨਸਲੀ ਨਹੀਂ ਕਹੇ ਜਾ ਸਕਦੇ। ਭਾਰਤ ਦੀ ਹਾਈ ਕਮਿਸ਼ਨਰ ਸੁਜਾਤਾ ਸਿੰਘ ਨੇ ਵੀ ਆਸਟ੍ਰੇਲੀਆਈ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।