ਨਵੀਂ ਦਿੱਲੀ :- ਆਪਣੀ ਸਜਾਵਾਂ ਭੁਗਤ ਚੁੱਕੇ ਜੇਲਾਂ ‘ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੀਤੇ 14 ਨਵੰਬਰ ਤੋਂ ਭੁੱਖ ਹੜਤਾਲ ਤੇ ਅੰਬਾਲਾ ‘ਚ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਮਰਥਨ ‘ਚ ਅੱਜ ਪ੍ਰੈਸ ਕਾਨਫ੍ਰੈਨਸ ਦੌਰਾਨ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਈ ਖਾਲਸਾ ਦੇ ਸਮਰਥਨ ‘ਚ ਸੋਮਵਾਰ 12 ਜਨਵਰੀ ਨੂੰ ਪ੍ਰਧਾਨ ਮੰਤਰੀ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਸਰਕਾਰ ਤੇ ਸਿੱਖਾਂ ਦੇ ਖਿਲਾਫ਼ ਜਹਿਰ ਉਗਲਣ ਦਾ ਦੋਸ਼ ਲਗਾਉਂਦੇ ਹੋਏ ਜੀ.ਕੇ. ਨੇ ਸਾਜਿਸ਼ ਤਹਿਤ ਸਿੱਖਾਂ ਨੂੰ ਅਤਿਵਾਦੀ ਅਤ ਵੱਖਵਾਦੀ ਐਲਾਨਨ ਤੇ ਵੀ ਰੋਸ਼ ਜਤਾਇਆ।
ਜੀ.ਕੇ. ਨੇ ਇਸ ਮੌਕੇ ਮੌਜੂਦ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ ਅਤੇ ਡਾ. ਹਰਮੀਤ ਸਿੰਘ ਸਣੇ ਆਪਣੇ ਖਿਲਾਫ ਵੀ ਕਾਂਗਰਸ ਸਰਕਾਰਾਂ ਵੱਲੋਂ ਐਨ.ਐਸ.ਏ. ਅਤੇ ਟਾਂਡਾ ਤਹਿਤ ਸਿਆਸੀ ਸਾਜਿਸ਼ ਕਰਕੇ ਮੁਕੱਦਮੇ ਕਾਇਮ ਕਰਨ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਤੇ ਲੱਗੇ ਮੁਕੱਦਮੇ ਇਸ ਕਰਕੇ ਖਾਰਿਜ ਹੋਏ ਕਿਉਂਕਿ ਸਾਡੇ ਪਿਛੇ ਦਿੱਲੀ ਦੀਆਂ ਸੰਗਤਾਂ ਖੜੀਆਂ ਸਨ, ਇਸ ਕਰਕੇ ਅੱਜ ਲੋੜ ਹੈ ਸਾਨੁੰ ਸਾਰਿਆਂ ਨੂੰ ਰਲ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਡਟਕੇ ਹਿਮਾਇਤ ਕਰਨ ਦੀ। ਕਮੇਟੀ ਵੱਲੋਂ ਕਾਨੂੰਨੀ ਅਤੇ ਸਿਆਸੀ ਪੱਧਰ ਤੇ ਕੀਤੀ ਜਾ ਰਹੀ ਚਾਰਾਜੋਈ ਬਾਰੇ ਵੀ ਜੀ.ਕੇ. ਨੇ ਵਿਸਥਾਰ ਨਾਲ ਦੱਸਿਆ। ਸਰਕਾਰਾਂ ਵੱਲੋਂ ਜਾਣਬੁਝ ਕੇ ਸਿੱਖਾਂ ਨੂੰ ਨਿਸ਼ਾਨੇ ਤੇ ਲੈਣ ਕਰਕੇ ਸਿੱਖਾਂ ਦੇ ਮਨਾਂ ‘ਚ ਡੁੰਘਾਂ ਗੁਸਾ ਹੋਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ।
ਕਮੇਟੀ ਵੱਲੋਂ ਇਸ ਸੰਬਧ ‘ਚ ਪਹਿਲੇ ਕੀਤੇ ਗਏ ਕਾਰਜਾਂ ਦਾ ਵੇਰਵਾ ਦਿੰਦੇ ਹੋਏ ਜੀ.ਕੇ. ਨੇ ਜਾਣਕਾਰੀ ਦਿੱਤੀ ਕਿ ਕੌਮੀ ਮਨੁੱਖੀ ਅਧਿਕਾਰ ਕਮੀਸ਼ਨ ਨੂੰ ਕਮੇਟੀ ਵੱਲੋਂ ਸਿੱਖ ਕੈਦੀਆਂ ਦੀ ਹਿਮਾਇਤ ‘ਚ ਭਾਰਤੀ ਕਾਨੂੰਨ ਦੀ ਧਰਾਵਾਂ ਅਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲਿਆਂ ਦਾ ਹਵਾਲਾ ਦਿੰਦੇ ਹੋਏ ਪੂਰੇ ਤੱਥਾਂ ਸਹਿਤ 13 ਪੰਨਿਆਂ ਦਾ ਇਕ ਪੱਤਰ ਭੇਜਿਆ ਗਿਆ ਹੈ ਤੇ ਉਸ ਪੱਤਰ ਤੋਂ ਸਾਹਮਣੇ ਆਏ ਤੱਥਾਂ ਨੂੰ ਲੈ ਕੇ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਕਮੇਟੀ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਫ਼ੈਸਲਾ ਵੀ ਲੈ ਲਿਆ ਗਿਆ ਹੈ। ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਇਕ ਫ਼ੈਸਲੇ ਦੇ ਅਧਾਰ ਤੇ ਜੇਲਾਂ ਨੂੰ ਸੁਧਾਰ ਗ੍ਰਹਿ ਦੱਸਣ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਸਰਕਾਰਾਂ ਦੀ ਸ਼ਹਿ ਤੇ ਜੇਲ ਅਧਿਕਾਰੀਆਂ ਵੱਲੋਂ ਸਿੱਖ ਕੈਦੀਆਂ ਨਾਲ ਮਤਰੇਈ ਮਾਂ ਵਾਂਗ ਸਲੂਕ ਕਰਨ ਦਾ ਵੀ ਦੋਸ਼ ਲਗਾਇਆ ਹੈ।
ਦਿੱਲੀ ਕਮੇਟੀ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜੇਲ ਪ੍ਰਸ਼ਾਸਨ ਦੇ ਵਤੀਰੇ ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਜੇਲ ਪ੍ਰਸ਼ਾਸਨ ਕੈਦੀ ਦੇ ਵਿਵਹਾਰ ਅਤੇ ਉਸ ਦੀ ਅਪਰਾਧ ਤੋਂ ਦੂਰ ਜਾਣ ਦੀ ਕੋਸ਼ਿਸ਼ਾਂ ਨੂੰ ਅਧਾਰ ਬਣਾਕੇ ਨਿਰਧਾਰਿਤ ਸਜਾ ਤੋਂ ਪਹਿਲੇ ਵੀ ਛੱਡਣ ਦੀ ਸਥਾਨਕ ਸਰਕਾਰਾਂ ਨੂੰ ਅਪੀਲ ਕਰ ਸਕਦਾ ਹੈ ਪਰ ਸਿੱਖ ਕੈਦੀਆਂ ਨੂੰ ਕਦੇ ਵੀ ਇਸ ਹਲਾਤਾਂ ਦਾ ਫਾਇਦਾ ਨਹੀਂ ਦਿੱਤਾ ਗਿਆ ਸਗੋਂ ਸਜਾਵਾਂ ਪੂਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਜੇਲ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲਣ ਤੋਂ ਰੋਕਣ ਲਈ ਯਤਨ ਕੀਤੇ ਜਾਂਦੇ ਰਹੇ ਹਨ। ਇਸ ਮੌਕੇ ਦਿੱਲੀ ਕਮੇਟੀ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੈਂਬਰ ਪਰਮਜੀਤ ਸਿੰਘ ਰਾਣਾ ਕੁਲਵੰਤ ਸਿੰਘ ਬਾਠ, ਜਸਬੀਰ ਸਿੰਘ ਜੱਸੀ, ਮਨਮੋਹਨ ਸਿੰਘ, ਜਤਿੰਦਰਪਾਲ ਸਿੰਘ ਗੋਲਡੀ ਅਤੇ ਲੀਗਲ ਐਕਸ਼ਨ ਕਮੇਟੀ ਦੇ ਕੋ ਚੇਅਰਮੈਨ ਜਸਵਿੰਦਰ ਸਿੰਘ ਜੋਲੀ ਮੌਜੂਦ ਸਨ।