ਤਲਵੰਡੀ ਸਾਬੋ – ਤਲਵੰਡੀ ਸਾਬੋ ਇਲਾਕੇ ਦੇ ਲੋਕਾਂ ਵਿਚ ਸਿਹਤ ਸੰਬੰਧੀ ਜਾਗਰੂਕਤਾ ਵਧਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਲਈ ਆਦੇਸ਼ ਇੰਸਟੀਚਿਊਟ ਆੱਫ਼ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਦੇ ਸਰਜਰੀ ਵਿਭਾਗ ਦੇ ਮੁਖੀ ਅਤੇ ਵਿਸ਼ਵ ਪ੍ਰਸਿੱਧ ਸਰਜਨ ਡਾ. ਕੁਲਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਯੂਨੀਵਰਸਿਟੀ ਵਿਖੇ ਪਧਾਰੇ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਡਾ. ਕੁਲਦੀਪ ਸਿੰਘ ਦਾ ਰਸਮੀ ਸਵਾਗਤ ਕਰਦਿਆਂ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਲੰਮੇਰੇ ਸਮੇਂ ਵਿਚ ਡਾ. ਸਾਹਿਬ ਦੇ ਸਿੱਖਿਆ ਸੰਬੰਧੀ ਅਨੁਭਵਾਂ ਅਤੇ ਉਨ੍ਹਾਂ ਦੀ ਸ਼ਖਸੀਅਤ ਉਪਰ ਚਾਨਣਾ ਪਾਇਆ।
ਆਪਣੇ ਕੁੰਜਵਿਤ ਭਾਸ਼ਣ ਦੌਰਾਨ ਡਾ. ਕੁਲਦੀਪ ਸਿੰਘ ਨੇ ਪਿੱਤੇ ਦੀ ਪੱਥਰੀ, ਇਸਦੇ ਕਾਰਨ, ਪ੍ਰਭਾਵ ਅਤੇ ਇਲਾਜ ਦੇ ਨੁਕਤਿਆਂ ਸੰਬੰਧੀ ਵਿਸਥਾਰ ਵਿਚ ਗੱਲਬਾਤ ਕੀਤੀ। ਉਨ੍ਹਾਂ ਬਦਲਦੀਆਂ ਪਦਾਰਥਕ ਹਾਲਤਾਂ ਦੇ ਪ੍ਰਭਾਵ ਕਾਰ ਪਿੱਤੇ ਦੀ ਪੱਥਰੀ ਨੂੰ ਸਾਧਾਰਨ ਪਾਈ ਜਾਣ ਵਾਲੀ ਅਲਾਮਤ ਕਿਹਾ ਅਤੇ ਇਸਦੇ ਦੂਰਬੀਨ ਰਾਹੀਂ ਇਲਾਜ ਸੰਬੰਧੀ ਨਵੀਆਂ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਡਾ. ਸਿੰਘ ਨੇ ਇਹ ਵੀ ਦੱਸਿਆ ਕਿ ਪਿੱਤੇ ਨੂੰ ਕੱਢ ਦੇਣਾ ਅੱਜ ਦੇ ਸਿਹਤ ਤਕਨੀਕ ਵਿਚ ਆਮ ਜਿਹੀ ਗੱਲ ਹੈ ਅਤੇ ਇਸ ਨਾਲ ਅੱਗੋਂ ਨੁਕਸਾਨ ਦੀਆਂ ਬਹੁਤੀਆਂ ਸੰਭਾਵਨਾਵਾਂ ਤੋਂ ਬਚਿਆ ਜਾ ਸਕਦਾ ਹੈ। ਡਾ. ਕੁਲਦੀਪ ਸਿੰਘ ਨੇ ਸਟਾਫ ਮੈਂਬਰਾਨ, ਵਿਦਿਆਰਥੀਆਂ ਅਤੇ ਹੋਰ ਇਲਾਕਾ ਨਿਵਾਸੀਆਂ ਵੱਲੋਂ ਇਸ ਸੰਬੰਧ ਵਿਚ ਉਠਾਏ ਗਏ ਪ੍ਰਸ਼ਨਾਂ ਦੇ ਤਸੱਲੀਜਨਕ ਉੱਤਰ ਵੀ ਦਿੱਤੇ।
ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਸਤੀਸ਼ ਗੋਸਵਾਮੀ ਨੇ ਡਾ. ਕੁਲਦੀਪ ਸਿੰਘ ਦਾ ਅਜਿਹੇ ਮੁੱਲਵਾਨ ਵਿਚਾਰਾਂ ਅਤੇ ਸੁਝਾਵਾਂ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੇ ਭਾਸ਼ਣ ਨੂੰ ਅੱਜ ਦੇ ਸਮੇਂ ਵਿਚ ਜਾਗਰੂਕਤਾ ਦੀ ਲੋੜ ਨਾਲ ਜੋੜ ਕੇ ਦੇਖਿਆ।
ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਅਤੇ ਹੋਰ ਉੱਚ-ਅਧਿਕਾਰੀਆਂ ਵੱਲੋਂ ਡਾ. ਕੁਲਦੀਪ ਸਿੰਘ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਸ਼ਾਲ ਅਤੇ ਯਾਦ-ਚਿੰਨ੍ਹ ਭੇਂਟ ਕੀਤਾ ਗਿਆ।ਇਸ ਮੌਕੇ ਭਾਰੀ ਗਿਣਤੀ ਵਿਚ ਯੂਨੀਵਰਸਿਟੀ ਅਧਿਕਾਰੀ, ਵਿਦਿਆਰਥੀ, ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਦੇ ਮੈਂਬਰ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਕੀਤਾ।