ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਵਾਰੀ ਫਿਰ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਕਿ ਬਾਦਲ ਕਦੇ ਵੀ ਸਿੱਖ ਬੰਦੀਆ ਦੀ ਰਿਹਾਈ ਲਈ ਗੰਭੀਰ ਨਹੀਂ ਹੋਏ ਅਤੇ ਸ਼ਰੋਮਣੀ ਅਕਾਲੀ ਦਲ ਦਿੱਲੀ ਨੇ ਫੈਸਲਾ ਕੀਤਾ ਹੈ ਕਿ ਉਹ ਭਾਈ ਗੁਰਬਖਸ਼ ਸਿੰਘ ਦੀ ਜਾਨ ਬਚਾਉਣ ਲਈ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘ ਬੰਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ ਜਿਸ ਲਈ ਸਜਾਵਾਂ ਪੂਰੀਆਂ ਕਰ ਚੁੱਕੇ ਸਮੂਹ ਕੈਦੀਆਂ ਦੇ ਵਾਰਸਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕੇਸਾਂ ਦੀਆਂ ਫਾਇਲਾਂ ਉਹਨਾਂ ਤੱਕ ਪੁੱਜਦੀਆਂ ਕਰਨ ਤਾਂ ਕਿ ਅਗਲੇਰੀ ਕਾਰਵਾਈ ਕੀਤੀ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਇੱਕ ਪੰਥਕ ਕਾਜ ਨੂੰ ਲੈ ਕੇ ਭੁੱਖ ਹੜਤਾਲ ਤੇ ਉਸ ਵੇਲੇ ਬੈਠੇ ਹਨ ਜਦੋਂ ਉਹਨਾਂ ਨੂੰ ਪੰਜਾਬ ਸਰਕਾਰ ਤੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਨਾਲ ਕੀਤੇ ਵਾਅਦੇ ਮੁਤਾਬਕ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਕਰਵਾਈ ਸਗੋਂ ਜਿਹੜੇ ਬੰਦੀ ਪੈਰੋਲ ਤੇ ਛੱਡੇ ਸਨ ਉਹਨਾਂ ਨੂੰ ਮੁੜ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੀ ਕਿਸੇ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਸ੍ਰ. ਬਾਦਲ ਨੇ ਉਸ ਨੂੰ ਖੂੰਖਾਰ ਅੱਤਵਾਦੀ ਦੱਸ ਕੇ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਸੰਦਰਭ ਅਤੇ ਨੈਤਿਕਤਾ ਦੇ ਆਧਾਰ ‘ਤੇ ਕਿਸੇ ਵੀ ਉਸ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਨਹੀਂ ਰੱਖਿਆ ਜਾ ਸਕਦਾ ਜਿਹੜਾ ਆਪਣੇ ਕੀਤੇ ਜੁਰਮ ਦੀ ਸਜਾ ਪੂਰੀ ਕਰ ਚੁੱਕਾ ਹੋਵੇ ਪਰ ਇਸ ਵੇਲੇ ਅਜਿਹਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਜਦੋਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੀ ਤਾਂ ਉਹਨਾਂ ਨੇ ਨਾਭਾ ਜੇਲ੍ਹ ਵਿੱਚੋਂ ਕਰੀਬ ਢਾਈ ਦਰਜਨ ਨੌਜਵਾਨ ਉਹਨਾਂ ਦੇ ਜੁਰਮਾਨੇ ਭਰ ਕੇ ਛੁਡਾਏ ਤੇ ਕਈਆਂ ਦੇ ਅਦਾਲਤ ਵਿੱਚ ਕੇਸ ਲੜ ਕੇ ਮੁਕੱਦਮੇ ਵੀ ਖਤਮ ਕਰਵਾਏ ਸਨ। ਉਹਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰ ਬਾਦਲ ਬਣੇ ਹਨ ਉਸ ਵੇਲੇ ਤੋਂ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰੀ ਤਰਾਂ ਬਰੇਕ ਲੱਗ ਗਈ ਹੈ। ਉਹਨਾਂ ਕਿਹਾ ਕਿ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਰੋਕ ਲਗਾਏ ਜਾਣ ਦੀ ਕਾਵਾਂਰੌਲੀ ਪਾਈ ਜਾ ਰਹੀ ਹੈ ਉਹ ਸਿਰਫ ਫਾਂਸੀ ਦੀ ਸਜਾ ਯਾਫਤਾ ਮੁਲਜਮਾਂ ਲਈ ਹੈ ਨਾਂ ਕਿ ਉਮਰ ਕੈਦ ਵਾਲਿਆਂ ਤੇ ਲਾਗੂ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਵੀ ਬਾਦਲ ਤੇ ਉਸ ਦੇ ਸਾਥੀਆਂ ਵੱਲੋ ਬਹਾਨੇਬਾਜੀਆਂ ਕਰਕੇ ਜਾਣ ਬੁੱਝ ਕੇ ਮਾਮਲੇ ਨੂੰ ਲਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਨੇ ਆਪਣੇ ਗਠਜੋੜ ਵਾਲੀ ਪਾਰਟੀ ਭਾਜਪਾ ਦਾ ਵੀ ਰੰਗ ਵੇਖ ਲਿਆ ਹੈ ਜਿਸ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲਮਕਾਉਦਿਆਂ ਕੋਰੇ ਲੱਠੇ ਵਰਗਾ ਜਵਾਬ ਦੇ ਦਿੱਤਾ ਹੈ ਕਿ ਬੰਦੀਆਂ ਨੂੰ ਛੱਡਿਆ ਨਹੀਂ ਜਾ ਸਕਦਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਫੈਂਸਲਾ ਕੀਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਸੁਪਰੀਮ ਕੋਰਟ ਵਿੱਚੋ ਆਦੇਸ਼ ਕਰਵਾਏ ਜਾਣ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਕਰ ਲਿਆ ਹੈ ਜਿਸ ਨੇ ਦਾਅਵਾ ਕੀਤਾ ਹੈ ਕਿ ਉਹ ਚੰਦ ਦਿਨਾਂ ਵਿੱਚ ਹੀ ਬੰਦੀ ਸਿੰਘਾਂ ਨੂੰ ਰਿਹਾਅ ਹੀ ਨਹੀਂ ਕਰਵਾਏਗਾ ਸਗੋਂ ਉਹਨਾਂ ਸਮੇਂ ਵੱਧ ਜੇਲ੍ਹਾਂ ਵਿੱਚ ਰੱਖਣ ਦਾ ਮੁਆਵਜਾ ਵੀ ਦਿਵਾਏਗਾ। ਉਹਨਾਂ ਕਿਹਾ ਕਿ ਉਹ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਬੰਦੀਆਂ ਦੀਆਂ ਫਾਇਲਾਂ ਤੇ ਉਹਨਾਂ ਦੇ ਕੇਸ ਨਾਲ ਸਬੰਧਿਤ ਰਿਕਾਰਡ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਤੱਕ ਪੁੱਜਦਾ ਕਰਨ ਤਾਂ ਕਿ ਅਰਜ਼ੀ ਵਿੱਚ ਨਾਵਾਂ ਦਾ ਵੇਰਵਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਭਾਈ ਗੁਰਬਖਸ਼ ਸਿੰਘ ਦੀ ਪੂਰਨ ਰੂਪ ਵਿੱਚ ਹਮਾਇਤ ਕਰਦਾ ਹੈ ਤੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਰੋਕ ਕੇ ਬਾਦਲ ਸਰਕਾਰ ਨੇ ਸਿੱਖ ਪੰਥ ਨਾਲ ਇੱਕ ਹੋਰ ਗਦਾਰੀ ਕੀਤੀ ਹੈ ਜਿਹੜੀ ਪੰਥਕ ਧਿਰਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਹਨਾਂ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਅਜਿਹੀਆਂ ਪੰਥ ਵਿਰੋਧੀ ਕਾਰਵਾਈਆਂ ਹਮੇਸ਼ਾਂ ਉਸ ਵੇਲੇ ਹੀ ਵਧੇਰੇ ਹੁੰਦੀਆਂ ਹਨ ਜਦੋਂ ਪੰਜਾਬ ਵਿੱਚ ਅਕਾਲੀ ਸਰਕਾਰ ਹੋਵੇ।