ਲੁਧਿਆਣਾ,(ਮੰਝਪੁਰ)- ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਹਰਮਿੰਦਰ ਸਿੰਘ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਜਸਪਿੰਦਰ ਸਿੰਘ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਹਰਮਿੰਦਰ ਸਿੰਘ ਨੂੰ ਹਾਈ ਸਕਿਓਰਟੀ ਵਿਚ ਪੇਸ਼ ਕੀਤਾ ਗਿਆ। ਕੇਸ ਦੀ ਆਖਰੀ ਬਹਿਸ ਹੋਣ ਤੋਂ ਬਾਅਦ ਅੱਜ ਲਈ ਫੈਸਲਾ ਰਾਖਵਾਂ ਰੱਖਿਆ ਗਿਆ ਸੀ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।
ਜਿਕਰਯੋਗ ਹੈ ਕਿ ਇਹ ਕੇਸ ਮੁਕੱਦਮਾ ਨੰਬਰ 97, ਮਿਤੀ 02-09-2007 ਨੂੰ ਬਾਰੂਦ ਐਕਟ ਦੀ ਧਾਰਾ 4, 5, 25 ਅਸਲਾ ਐਕਟ ਅਤੇ 120 ਬੀ ਅਧੀਨ, ਥਾਣਾ ਦਾਖਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਇਕ ਅਸਟੀਮ ਕਾਰ ਵਿਚੋਂ 3 ਕਿਲੋ 530 ਗਰਾਮ ਆਰ.ਡੀ.ਐਕਸ, 315 ਬੋਰ ਦਾ ਪਿਸਤੌਲ ਨਾਲ 2 ਜਿੰਦਾ ਕਾਰਤੂਸ, ਡੈਟਾਨੋਟਰ, ਤਾਰ ਆਦਿ ਬਰਾਮਦ ਹੋਇਆ ਸੀ । ਇਸ ਕੇਸ ਵਿਚ ਕੁੱਲ 15 ਸਿੱਖਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਮਿਤੀ 10-04-2010 ਨੂੰ ਚਾਰਾਂ ਨੂੰ ਸਜ਼ਾ ਤੇ ਨੌ ਨੂੰ ਬਰੀ ਕੀਤਾ ਗਿਆ ਸੀ ਤੇ ਹਰਮਿੰਦਰ ਸਿੰਘ ਦੀ ਗ੍ਰਿਫਤਾਰੀ ਇਸ ਕੇਸ ਵਿਚ 10-08-2010 ਨੂੰ ਪਾਈ ਗਈ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਹਰਮਿੰਦਰ ਸਿੰਘ ਕੋਲੋ ਕੋਈ ਬਰਾਮਦਗੀ ਨਹੀਂ ਹੋਈ ਤੇ ਸਰਕਾਰੀ ਪੱਖ ਕਾਰ ਵਿਚੋਂ ਮਿਲੇ ਬਾਰੂਦ ਦਾ ਸਬੰਧ ਹਰਮਿੰਦਰ ਸਿੰਘ ਨਾਲ ਜੋੜਨ ਵਿਚ ਸਫਲ ਨਾ ਹੋਈ।ਉਹਨਾਂ ਅੱਗੇ ਦੱਸਿਆ ਕਿ ਭਾਈ ਹਰਮਿੰਦਰ ਸਿੰਘ ਉੱਤੇ ਦਰਜ਼ ਕੀਤੇ ਇਸ ਕੇਸ ਸਮੇਤ ਸੱਤ ਕੇਸ ਬਰੀ ਹੋ ਚੁੱਕੇ ਹਨ ਜਿਹਨਾਂ ਵਿਚ ਸ਼ਿੰਗਾਰ ਸਿਨਮਾ ਲੁਧਿਆਣਾ ਬਲਾਸਟ ਕੇਸ, ਅੰਬਾਲਾ ਬਲਾਸਟ ਕੇਸ ਤੇ ਪਟਿਆਲਾ ਬਲਾਸਟ ਕੇਸ ਪ੍ਰਮੁੱਖ ਹਨ ਅਤੇ ਹੁਣ ਸਿਰਫ ਇਕ ਕੇਸ ਹੀ ਲੁਧਿਆਣਾ ਕੋਰਟ ਵਿਚ ਬਾਕੀ ਹੈ।ਅੱਜ ਅਦਾਲਤ ਵਿਚ ਭਾਈ ਹਰਮਿੰਦਰ ਸਿੰਘ ਦੀ ਪੇਸ਼ੀ ਮੌਕੇ ਉਹਨਾਂ ਦੀ ਧਰਮ ਪਤਨੀ ਬੀਬੀ ਰਾਜਵਿੰਦਰ ਕੌਰ ਤੇ ਬੇਟੀ ਸਿਦਕ ਕੌਰ ਵੀ ਹਾਜ਼ਰ ਸਨ।