ਅੰਮ੍ਰਿਤਸਰ – ਲੋਕਸਭਾ ਚੋਣਾਂ ਦੌਰਾਨ ਅਰੁਣ ਜੇਟਲੀ ਦੀ ਅੰਮ੍ਰਿਤਸਰ ਤੋਂ ਹੋਈ ਕਰਾਰੀ ਹਾਰ ਤੋਂ ਬਾਅਦ ਬੀਜੇਪੀ ਦੀ ਪੰਜਾਬ ਦੇ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰਹੀ। ਇਸੇ ਕਰਕੇ ਬੀਜੇਪੀ ਨੇ ਅੰਮ੍ਰਿਤਸਰ ਵਿੱਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਲਈ ਰੱਖੀ ਗਈ ਰੈਲੀ ਕੈਪਟਨ ਦੀ ਇੱਕ ਹੀ ਲਲਕਾਰ ਤੋਂ ਬਾਅਦ ਰੱਦ ਕਰਨੀ ਪਈ।
ਮਹਾਰਾਜਾ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਅਨੁਸਾਰ ਹੀ ਅੰਮ੍ਰਿਤਸਰ ਵਿੱਚ ਰੈਲੀ ਕਰਨਗੇ। ਉਨ੍ਹਾਂ ਵੱਲੋਂ ਦਿੱਤੇ ਗਏ ਲੰਚ ਤੇ ਜੁੜੀ ਭੀੜ ਨੂੰ ਵੇਖ ਕੇ ਵਿਰੋਧੀਆਂ ਦੇ ਹੌਂਸਲੇ ਡਿੱਗੇ ਹਨ। ਭਾਜਪਾ ਦੀ ਰੈਲੀ ਰਣਜੀਤ ਐਵੇਨਿਊ ਵਿੱਚ ਹੋਣ ਦੀ ਸੰਭਾਵਨਾ ਸੀ, ਜਿੱਥੇ ਵੱਧ ਤੋਂ ਵੱਧ 20 ਹਜ਼ਾਰ ਲੋਕ ਹੀ ਮੁਸ਼ਕਲ ਨਾਲ ਇੱਕਠੇ ਹੋ ਸਕਦੇ ਸਨ। ਕੈਪਟਨ ਦੀ ‘ਲਲਕਾਰ ਰੈਲੀ’ ਦੇ ਐਲਾਨ ਤੋਂ ਬਾਅਦ ਅਮਿਤ ਸ਼ਾਹ ਨੂੰ ਨਮੋਸ਼ੀ ਦਾ ਸਾਹਮਣਾ ਨਾਂ ਕਰਨਾ ਪਵੇ, ਬੀਜੇਪੀ ਨੇ ਪਹਿਲਾਂ ਤੋਂ ਪ੍ਰਸਤਾਵਿਤ ਆਪਣੀ ਰੈਲੀ ਰੱਦ ਕਰ ਦਿੱਤੀ।
ਕੈਪਟਨ ਦੇ ਸਮਰਥੱਕਾਂ ਨੇ 80-90 ਏਕੜ ਦੀ ਸਾਈਟ ਤੇ ਰੈਲੀ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਘੱਟ ਤੋਂ ਘੱਟ 50 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਪਾਰਟੀ ਦੇ ਨੇਤਾ ਅਤੇ ਵਰਕਰ ਪੂਰਾ ਜੋਰ ਲਗਾ ਰਹੇ ਹਨ।