ਫਤਿਹਗੜ੍ਹ ਸਾਹਿਬ – “ ਕੌਮਾਂਤਰੀ ਸਮੁੱਚੇ ਮੁਲਕਾਂ ਦੀ ਸਾਂਝੀ ਜਥੇਬੰਦੀ ਯੂ ਐਨ ਓ ਜਾਂ ਦੁਨੀਆਂ ਦੇ ਮੁਲਕਾਂ ਦਾ ਅਜਿਹਾ ਕੋਈ ਕਾਨੂੰਨ ਨਹੀਂ ਜੋ ਸਜਾ ਪੂਰੀ ਕਰ ਚੁੱਕੇ ਕਿਸੇ ਮੁਲਕ ਜਾਂ ਕੌਮ ਦੇ ਜੇਲ੍ਹਾਂ ਵਿਚ ਬੰਦੀਆਂ ਨੂੰ ਰਿਹਾਅ ਹੋਣ ਤੋਂ ਰੋਕ ਸਕੇ। ਫਿਰ ਪੰਜਾਬ ਅਤੇ ਭਾਰਤ ਦੀਆਂ ਜ੍ਹੇਲਾਂ ਵਿਚ ਗੈਰ ਕਾਨੂੰਨੀ ਤਰੀਕੇ ਬਣਾਏ ਗਏ ਸਿੱਖਾਂ ਨੂੰ, ਜਿਹਨਾਂ ਨੇ ਆਪਣੀ ਬਣਦੀ ਸਜਾ 14-14 ਸਾਲ ਪੂਰਨ ਕਰਨ ਉਪਰੰਤ ਵੀ 6-6 ਸਾਲ ਵੱਧ ਭਾਵ 20 ਸਾਲਾਂ ਦੀ ਕੈਦ ਕੱਟ ਲਈ ਹੈ ਜੋ ਕਿ ਹਿੰਦ ਦੇ ਵਿਧਾਨ ਕੌਮਾਂਤਰੀ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕਾਨੂੰਨਾਂ ਦੀ ਘੋਰ ਉਲੰਘਣਾਂ ਹੈ। ਜੇਕਰ ਸ੍ਰੀ ਕਮਲ ਸ਼ਰਮਾ ਪ੍ਰਧਾਨ ਬੀਜੇਪੀ ਪੰਜਾਬ ਅਤੇ ਰਵਨੀਤ ਬਿੱਟੂ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਕਾਨੂੰਨੀ ਰਿਹਾਈ ਨੂੰ ਰੋਕਣ ਲਈ ਦਿੱਲੀ ਜੰਤਰ-ਮੰਤਰ ਉਤੇ ਬੈਠਣ ਦੇ ਪਖੰਡ ਕਰਕੇ ਵਿਰੋਧਤਾ ਕਰਨ ਦੇ ਅਮਲ ਕਰਨਗੇ , ਤਾਂ ਇਸ ਨਾਲ ਬੀਜੇਪੀ, ਕਾਂਗਰਸ ਜਾਂ ਸਿੱਖ ਕੌਮ ਦੇ ਕਾਤਲ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਨੂੰ ਤਾਂ ਕੋਈ ਰਤੀ ਭਰ ਵੀ ਸਿਆਸੀ ਜਾਂ ਮਾਲੀ ਫਾਇਦਾ ਹੋਣ ਵਾਲਾ ਨਹੀਂ ਬਲਕਿ ਇਸ ਦੀ ਬਦੌਲਤ ਇਹਨਾਂ ਜਮਾਤਾਂ, ਸ਼ਰਮਾ ਜੀ ਅਤੇ ਬਿੱਟੂ ਵਰਗਿਆਂ ਨੂੰ ਸਿੱਖ ਕੌਮ ਦੇ ਵੱਡੇ ਬਗਾਵਤੀ ਰੋਹ ਦਾ ਸਾਹਮਣਾ ਕਰਨਾ ਪਵੇਗਾ। ਜਿਸ ਨਾਲ ਇਹਨਾਂ ਦਾ ਅਤੇ ਪੰਜਾਬ ਦੇ ਗੰਭੀਰ ਮਸਲਿਆਂ ਦਾ ਕੋਈ ਹੱਲ ਨਹੀਂ ਹੋ ਸਕੇਗਾ। ਇਹ ਲੋਕ ਆਪਣੇ ਲਈ ਅਤੇ ਪੰਜਾਬ ਸੂਬੇ ਲਈ ਹੋਰ ਵੱਡੀਆਂ ਮੁਸੀਬਤਾਂ ਨੂੰ ਸੱਦਾ ਦੇ ਰਹੇ ਹੋਣਗੇ। ਜਦੋਂਕਿ ਜੇਲ੍ਹਾਂ ਵਿਚ ਸਜਾ ਪੂਰੀ ਕਰ ਚੁੱਕੇ ਸਿੱਖਾਂ ਅਤੇ ਹੋਰਨਾਂ ਨੂੰ ਹਿੰਦੂ ਹੁਕਮਰਾਨ ਜਾਂ ਦੁਨੀਆਂ ਦੀ ਕੋਈ ਹੋਰ ਤਾਕਤ ਰਿਹਾਅ ਹੋਣ ਤੋਂ ਨਹੀਂ ਰੋਕ ਸਕੇਗੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅਤੇ ਅੱਜ ਦੀ ਪ੍ਰੈਸ ਅਤੇ ਮੀਡੀਏ ਵਿਚ ਸ੍ਰੀ ਕਮਲ ਸ਼ਰਮਾ ਪ੍ਰਧਾਨ ਬੀਜੇਪੀ ਪੰਜਾਬ ਅਤੇ ਕਾਂਗਰਸ ਜਮਾਤ ਦੇ ਰਵਨੀਤ ਬਿੱਟੂ ਵੱਲੋਂ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਜੰਤਰ-ਮੰਤਰ ਦਿੱਲੀ ਵਿਖੇ ਪੀੜਿਤ ਹਿੰਦੂ ਪਰਿਵਾਰਾਂ ਨੂੰ ਨਾਲ ਲੈ ਕੇ ਬੈਠਣ ਦੀ ਭੜਕਾਊ ਪੰਜਾਬ ਅਤੇ ਭਾਰਤ ਦੇ ਮਹੌਲ ਨੂੰ ਅਨਿਸ਼ਚਿਤਾ ਵਾਲਾ ਬਣਾਊਣ ਦੇ ਕੀਤੇ ਜਾ ਰਹੇ ਸਮਾਜ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਅੱਗੇ ਚਲ ਕੇ ਕਿਹਾ ਕਿ ਸ੍ਰੀ ਸ਼ਰਮਾ ਅਤੇ ਬਿੱਟੂ ਵਰਗੇ ਕਚਰਘੜ ਨਵੇਂ ਉੱਠੇ ਆਗੂ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਬਿਆਨਬਾਜੀ ਕਰਕੇ ਪੰਜਾਬ ਸੂਬੇ ਨੂੰ ਫਿਰ ਤੋਂ ਵਿਸਫੋਟਕ ਬਣਾਊਣ ਵੱਲ ਧਕੇਲ ਰਹੇ ਹਨ। ਜਿਸ ਦਾ ਖਾਮਿਆਜਾ ਕਿਸੇ ਨਾ ਕਿਸੇ ਰੂਪ ਵਿਚ ਸ੍ਰੀ ਸ਼ਰਮਾ ਅਤੇ ਬਿੱਟੂ ਵਰਗਿਆਂ ਨੂੰ ਭੁਗਤਣਾ ਪਵੇਗਾ। ਜੇਕਰ ਉਹ ਸਿੱਖ ਕੌਮ ਦੇ ਰੋਹ ਤੋਂ ਕਿਸੇ ਕਾਰਨ ਬਚ ਗਏ ਤਾਂ ਉਹਨਾਂ ਨੂੰ ਉਸ ਅਕਾਲ ਪੁਰਖ ਦੀ ਅਦਾਲਤ ਵਿਚ ਆਪਣੀਆਂ ਮਨੁੱਖਤਾ ਵਿਰੋਧੀ ਅਤੇ ਇਨਸਾਨੀਅਤ ਵਿਰੋਧੀ ਕਾਰਵਾਈਆਂ ਦੀ ਬਦੌਲਤ ਸਜਾ ਮਿਲਣ ਤੋਂ ਕੋਈ ਨਹੀਂ ਰੋਕ ਸਕੇਗਾ। ਉਸ ਸਮੇਂ ਇਹਨਾਂ ਦੀਆਂ ਆਤਮਾਵਾਂ ਕੁਰਲਾਉਣਗੀਆਂ ਅਤੇ ਕੋਈ ਵੀ ਬਚਾਉਣ ਲਈ ਨਹੀਂ ਹੋਵੇਗਾ।
ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਸ਼ਰਮਾ ਅਤੇ ਬਿੱਟੂ ਵਰਗੇ ਨਵੇਂ ਉੱਠੇ ਆਗੂਆਂ ਨੂੰ ਗੁਜਾਰਿਸ਼ ਕਰਨੀ ਚਾਹਵੇਗਾ ਕਿ ਉਹ “ਬਲਦੀ ਉਤੇ ਤੇਲ ਪਾਉਣ” ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਨਾਂ ਕਰਨ, ਅਜਿਹੇ ਅਮਲ ਹੀ ਭਾਰਤ ਅਤੇ ਪੰਜਾਬ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਬੇਹਤਰ ਹੋਣਗੇ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਭਾਵੇਂ ਸ਼੍ਰੀ ਸ਼ਰਮਾ ਅਤੇ ਬਿੱਟੂ ਆਪਣੀ ਫਿਰਕੂ ਸਿੱਖ ਵਿਰੋਧੀ ਸੋਚ ਅਤੇ ਅਮਲਾਂ ਰਾਹੀਂ ਹਿੰਦੂ ਵੋਟਾਂ ਨੂੰ ਭਰਮਾਉਣ ਦੀਆਂ ਸਤਰੰਜੀ ਚਾਲਾਂ ਖੇਡਣ ਦੀਆਂ ਅਸਫਲ ਕੋਸਿ਼ਸ਼ਾਂ ਕਰ ਰਹੇ ਹਨ, ਪਰ ਉਹ ਬੀਤੇ ਸਮੇਂ ਦੇ ਪੰਜਾਬ ਦੇ ਵਾਪਰੇ ਦੁਖਾਂਤ , ਜਿਸ ਲਈ ਕਾਂਗਰਸ, ਭਾਜਪਾ ਜਮਾਤਾਂ, ਬਾਦਲ ਅਤੇ ਮਰਹੂਮ ਬੇਅੰਤ ਸਿੰਘ ਜਿੰਮੇਵਾਰ ਹਨ। ਉਸ ਨੂੰ ਮੁੱਖ ਰੱਖਦੇ ਹੋਏ ਅਤੇ ਪੰਜਾਬ ਵਿਚ ਸਥਾਈ ਤੌਰ ‘ਤੇ ਅਮਨ-ਚੈਨ , ਮਨੁੱਖੀ ਕਦਰਾਂ-ਕੀਮਤਾਂ ਨੁੰ ਕਾਇਮ ਰੱਖਣ ਹਿਤ ਅਜਿਹੀ ਭੜਕਾਊ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਆਪਣੇ ਸਿਆਸੀ ਅਤੇ ਪਰਿਵਾਰਕ ਨੁਕਸਾਨ ਕਰਵਾਊਣ ਵਾਲੀ ਬਿਆਨਬਾਜੀ ਨਹੀਂ ਕਰਨਗੇ। ਬਲਕਿ ਇਨਸਾਨੀਅਤ ਅਤੇ ਕਾਨੂੰਨੀ ਸੋਚ ਅਨੁਸਾਰ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀਆਂ ਫਿਰਕੂ ਅਤੇ ਪਰਿਵਾਰਕ ਸੋਚ ਤੋਂ ਉਪਰ ਉਠ ਕੇ ਉਦਮ ਕਰਨਗੇ।