ਪੋਰਦੇਨੋਨੇ – ਇਟਲੀ (ਗੁਰਮੁਖ ਸਿੰਘ ਸਰਕਾਰੀਆ ) ਬੀਤੇ ਦਿਨੀਂ ਇਟਲੀ ਦੇ ਸ਼ਹਿਰ ਪੋਰਦੇਨੋਨੇ ਵਿਖੇ ਬੱਬੂ ਮਾਨ ਨੇ ਆਪਣੇ ਫਨ ਦਾ ਮੁਜਾਹਰਾ ਕੀਤਾ ਜਿਸ ਦਾ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਆਨੰਦ ਮਾਣਿਆ । ਉੱਘੇ ਤੇ ਜਾਣੇ ਪਹਿਚਾਣੇ ਮੰਚ ਸੰਚਾਲਕ ਜਸਵੰਤ ਰਾਏ ਸ਼ਰਮਾ ਨੇ ਮੰਚ ਤੇ ਇਟਲੀ ਦੇ ਨਾਮਵਰ ਗਾਇਕ ਜੱਸੀ ਬੈਂਸ ਨੂੰ ਆਉਣ ਦਾ ਸੱਦਾ ਦਿੱਤਾ ਤਾਂ ਹਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ । ਜੱਸੀ ਨੇ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਯਾਦ ਕਰਦਿਆਂ ਧਾਰਮਿਕ ਸ਼ੇਅਰ ਕਹਿਣ ਉਪਰੰਤ ਕਲਗੀ ਵਾਲੇ ਪ੍ਰੀਤਮ ਨੂੰ ਵੀ ਸੁਨੇਹਾ ਦਿੱਤਾ ਕਿ ‘ ਖੰਡੇ ਵਾਲਿਆ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ , ਅੱਜ ਫੇਰ ਸਾਨੂੰ ਲਲਕਾਰਦੇ ਨੇ , ਬਾਜ਼ਾਂ ਵਾਲਿਆ ਬਾਜ਼ ਨੂੰ ਭੇਜ ਮੁੜ ਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ ‘ ਉਪਰੰਤ ਇੱਕ ਤੋਂ ਇੱਕ ਵੱਧਕੇ ਭੰਗੜਾ ਥਰਿੱਲ ਗੀਤ ‘ ਤੇਰੇ ਪਿੱਛੇ ਰੋਲਤੀ ਜਵਾਨੀ ਯਾਰ ਨੇ ‘ , ਗਿੱਠ ਲੰਮੀ ਧੋਣ ਤੇ ਤਵੀਤ ਸੱਜਦਾ ‘ ‘ਤੇ ਗੱਭਰੂਆਂ ਨੂੰ ਨੱਚਣ ਲਾ ਦਿੱਤਾ । ਦਰਸ਼ਕਾਂ ਦੀ ਪਸੰਦ ‘ਤੇ ‘ ਪਿੰਡ ਵਿਚ ਬੱਲੇ ਬੱਲ ਕਰਵਾਉਣੀ ਹੁੰਦੀ ਏ ‘ ਸਪੈਸ਼ਲ ਪੇਸ਼ ਕੀਤਾ। ਜੱਸੀ ਉਪਰੰਤ ਦਵਿੰਦਰ ਰਾਏ ਸ਼ਰਮਾਂ ਨੇ ਵਿਸ਼ੇਸ ਤੌਰ ‘ਤੇ ਪਹੁੰਚੇ ਸ੍ਰੀ ਅਨਿਲ ਕੁਮਾਰ ਸ਼ਰਮਾ ਤੇ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ ਨੂੰ ਜੀ ਆਇਆਂ ਕਹਿੰਦਿਆਂ ਸਵਾਗਤ ਕੀਤਾ। ਦਵਿੰਦਰ ਜੀ ਨੇ ਮੰਚ ਤੇ ਬੱਬੂ ਨੂੰ ਆਉਣ ਦਾ ਸੱਦਾ ਦਿੱਤਾ ਤਾਂ ਦਰਸ਼ਕਾਂ ਨੇ ਸੀਟੀਆਂ ਨਾਲ ਹਾਲ ਹੀ ਗੁੰਜਾ ਦਿੱਤਾ । ਇਸ ਤੋਂ ਪਹਿਲਾਂ ਕਿ ਬੱਬੂ ਆਪਣੇ ਸੁਪਰ ਹਿੱਟ ਗੀਤਾਂ ਦੀ ਬਰਸਾਤ ਕਰਦਾ ਪ੍ਰਬੰਧਕਾਂ ਨੇ ਸਨਮਾਣ ਦੇਣ ਦੀ ਰਸਮ ਪਹਿਲਾਂ ਅਦਾ ਕਰਨ ਲਈ ਮੁੱਖ ਮਹਿਮਾਣ ਸ੍ਰੀ ਅਨਿਲ ਕੁਮਾਰ ਸ਼ਰਮਾ ਤੇ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ । ਇਟਲੀ ਵਿਚ ਆਉਣ ‘ਤੇ ਬੱਬੂ ਦਾ ਮਾਣ ਸਤਿਕਾਰ ਯਾਦਗਾਰੀ ਚਿੰਨ ਦੇ ਕੇ ਕੀਤਾ। ਯਾਦਗਾਰੀ ਫੋਟੋਆਂ ਕਰਵਾਉਣ ਉਪਰੰਤ ਦਵਿੰਦਰ ਸ਼ਰਮਾ ਨੇ ਦਰਸ਼ਕਾਂ ਤੋਂ ਆਗਿਆ ਲੈ ਕੇ ਮਾਇਕ ਬੱਬੂ ਦੇ ਹੱਥ ਥਮਾ ਦਿੱਤਾ । ਬੱਬੂ ਨੇ ਸਭ ਤੋਂ ਗਲ ਪਾਏ ਮਫਰਲ ਨਾਲ ਹੀ ਸਿਰ ਢਕ ਕੇ ਧਾਰਮਿਕ ਗੀਤ ‘ ਮਰਨੋਂ ਮੂਲ ਨਾ ਡਰਦੇ , ਜਿਹੜੇ ਮੌਤ ਦੇ ਵਪਾਰੀ ਨੇ’ ਗਾ ਕੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ। ਫਿਰ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਗੀਤਾਂ ਦਰਸ਼ਕਾਂ ਦੀ ਮੰਗ ਤੇ ਪੇਸ਼ ਕੀਤੇ ਜਿਨ੍ਹਾਂ ਦੇ ਬੋਲ ‘ ਠੰਢੀ ਠੰਢੀ ਪੁਰੇ ਦੀ ਚੱਲੇ ਹਵਾ’ , ‘ ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ ‘, ‘ ਮੇਰੇ ਦਿਲ ਵਿਚ ਤੇਰਾ ਘਰ ਹੋਵੇ , ਕਦੇ ਆਇਆ ਕਰ ਕਦੇ ਜਾਇਆ ਕਰ ‘, ‘ ਰਾਤ ਚਾਣਨੀ ‘, ‘ ਸਾਉਣ ਦੀ ਝੜੀ ‘ , ‘ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ‘, ‘ ਕਬਜ਼ਾ ਲੈਣਾ ‘ ਆਦਿ ਗੀਤਾਂ ਨਾਲ ਦਰਸ਼ਕ ਝੂੰਮਣ ਲਾ ਦਿੱਤੇ । ਆਪਣੀ ਅਜੀਬ ਜਿਹੀ ਮਸਤੀ ਵਿਚ ਨੱਚਦਿਆਂ ਨੱਚਦਿਆਂ ਜਦੋਂ ਬੱਬੂ ਦੀ ਨਜਰ ਇੱਕ ਛੋਟਾ ਜਿਹਾ ਬੱਚਾ ਜੋ ਮੰਚ ਮੂਹਰੇ ਨਿੱਕੇ ਨਿੱਕੇ ਪੱਬਾਂ ਨਾਲ ਝੂਮਦਾ ਹੋਇਆ ਸੀ ਤੇ ਪਈ ਤੇ ਉਸ ਨੂੰ ਮੰਚ ਤੇ ਬੁਲਾ ਕੇ ਗੋਦੀ ਵਿਚ ਚੁੱਕ ਕੇ ਪੂਰਾ ਗੀਤ ਗਾਇਆ ਜਿਸ ਤੋਂ ਬੱਬੂ ਦਾ ਬੱਚਿਆਂ ਪ੍ਰਤੀ ਮੋਹ ਦਾ ਵੀ ਪਤਾ ਚੱਲਿਆ । ਬੱਬੂ ਨੇ ਕਿਹਾ ਕਿ ਸਾਨੂੰ ਅੱਜ ਦਾ ਪੂਰਾ ਆਨੰਦ ਲੈਣਾ ਚਾਹੀਦਾ ਹੈ , ਕੱਲ੍ਹ ਨੂੰ ਪਤਾ ਨਹੀਂ ਕੀ ਹੋ ਜਾਵੇ।