ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਸਕਟਬਾਲ ਦੀ ਕੌਮਾਂਤਰੀ ਸੰਸਥਾ ਫੀਬਾ ਨੂੰ ਜੋਰ ਦੇ ਕੇ ਕਿਹਾ ਕਿ ਉਸ ਵੱਲੋਂ ਬਣਾਏ ਗਏ ਨਿਯਮਾਂ ਤੇ ਗੌਰ ਕੀਤਾ ਜਾਵੇ ਤੇ ਉਸ ਵਿੱਚ ਸੋਧ ਕਰਦਿਆਂ ਸਿੱਖ ਖਿਡਾਰੀਆਂ ਨੂੰ ਪਟਕਾ (ਦਸਤਾਰ) ਸਜਾ ਕੇ ਖੇਡਣ ਦੀ ਖੁੱਲ ਦਿੱਤੀ ਜਾਵੇ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ‘ਫੀਬਾ’ ਵੱਲੋਂ ਪਹਿਲਾਂ ਵੀ ਜਾਪਾਨ ‘ਚ ਹੋਏ ਏਸ਼ੀਆ ਕੱਪ ਦੌਰਾਨ ਦੋ ਸਿੱਖ ਖਿਡਾਰੀ ਸ। ਅੰਮ੍ਰਿਤਪਾਲ ਸਿੰਘ ਤੇ ਸ. ਅਮਜੋਤ ਸਿੰਘ ਨੂੰ ਸਿਰ ਤੇ ਪਟਕਾ ਬੰਨਿਆ ਹੋਣ ਕਰਕੇ ਖੇਡਣ ਤੋਂ ਰੋਕ ਦਿੱਤਾ ਗਿਆ ਸੀ।ਇਸ ਤੋਂ ਬਾਅਦ ਅਰਬੀ ਦੇਸ਼ ਦੋਹਾ-ਕਤਰ ਵਿੱਚ ਅੰਡਰ-੧੮ ਏਸ਼ੀਆ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਸ। ਅਨਮੋਲ ਸਿੰਘ ਨਾਮ ਦੇ ਖਿਡਾਰੀ ਨੂੰ ‘ਫੀਬਾ’ ਕਮਿਸ਼ਨਰ ਵੱਲੋਂ ਸਿਰ ਤੇ ਪਟਕਾ (ਦਸਤਾਰ) ਸਜਾਏ ਜਾਣ ਕਰਕੇ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਨਾਲ ਸਿੱਖ ਖਿਡਾਰੀਆਂ ਦੇ ਵਕਾਰ ਨੂੰ ਭਾਰੀ ਸੱਟ ਵਜੀ ਸੀ ਤੇ ਫੀਬਾ ਦੀ ਇਸ ਕਾਰਵਾਈ ਪ੍ਰਤੀ ਪੂਰੇ ਵਿਸ਼ਵ ਭਰ ‘ਚ ਵੱਸਦੇ ਸਿੱਖ ਭਾਈਚਾਰੇ ਵਿੱਚ ਭਾਰੀ ਗੁੱਸੇ ਦੀ ਲਹਿਰ ਸੀ ਕਿਉਂਕਿ ਦਸਤਾਰ ਸਿੱਖ ਦੀ ਪਹਿਚਾਨ ਹੈ ਇਸ ਨੂੰ ਬੰਨ ਕੇ ਖੇਡਣ ਨਾਲ ਖੇਡ ਤੇ ਕੋਈ ਅਸਰ ਨਹੀਂ ਪੈਂਦਾ ਜਿਸ ਤੇ ‘ਫੀਬਾ’ ਵੱਲੋਂ ਆਪਣੇ ਨਿਯਮਾਂ ‘ਚ ਸੋਧ ਕਰਕੇ ਖਿਡਾਰੀਆਂ ਨੂੰ ਪਟਕਾ ਬੰਨ੍ਹ ਕੇ ਖੇਡਣ ਦੀ ਇਜਾਜਤ ਦਾ ਜ਼ਿਕਰ ਕੀਤਾ ਸੀ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ‘ਫੀਬਾ’ ਦੇ ਨਵੇਂ ਨਿਯਮ ਅਨੁਸਾਰ ਕੋਈ ਵੀ ਸਿੱਖ ਖਿਡਾਰੀ ਬਾਸਕਟਬਾਲ ਨਹੀਂ ਖੇਡ ਸਕਦਾ ‘ਫੀਬਾ’ ਦੇ ਇਸ ਕਾਨੂੰਨ ਤਹਿਤ ਦੇਸ਼-ਵਿਦੇਸ਼ਾਂ ‘ਚ ਬਹੁਤ ਸਾਰੇ ਬਾਸਕਟਬਾਲ ਖੇਡਣ ਵਾਲੇ ਸਿੱਖ ਖਿਡਾਰੀਆਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ ਜੋ ਸਰਾਸਰ ਖਿਡਾਰੀਆਂ ਨਾਲ ਧੱਕਾ ਹੈ।ਇਸ ਲਈ ‘ਫੀਬਾ’ ਨੂੰ ਚਾਹੀਦਾ ਹੈ ਕਿ ਉਹ ਆਪਣੇ ਵੱਲੋਂ ਬਣਾਏ ਖੇਡ ਨਿਯਮ ਤੇ ਗੌਰ ਕਰੇ ਤੇ ਉਸ ਵਿੱਚ ਬਦਲਾਅ ਕਰਕੇ ਸਿੱਖ ਖਿਡਾਰੀਆਂ ਨੂੰ ਪਟਕਾ (ਦਸਤਾਰ) ਬੰਨ੍ਹ ਕੇ ਖੇਡਣ ਦੀ ਇਜਾਜਤ ਦੇਵੇ।