ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਅਮਰੀਕਾ ਤੋਂ ਨਬਰਾਸਕਾ ਤੋਂ 30 ਮੈਂਬਰੀ ਵਫ਼ਦ ਨੇ ਦੌਰਾ ਕੀਤਾ । ਇਸ ਵਫ਼ਦ ਦੀ ਅਗਵਾਈ ਨਬਰਾਸਕਾ ਲੀਡ ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਟੈਰੀ ਹੈਜਨੀ ਕਰ ਰਹੇ ਸਨ । ਇਸ ਵਫ਼ਦ ਨੇ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਦੇ ਨਾਲ ਵਿਚਾਰ ਚਰਚਾ ਕੀਤੀ ।
ਡਾ. ਹੈਜਨੀ ਨੇ ਯੂਨੀਵਰਸਿਟੀ ਦੇ ਵੱਲੋਂ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾਂ ਕੀਤੀ ਅਤੇ ਆਪਣੀ ਫੇਰੀ ਨੂੰ ਵਫ਼ਦ ਦੇ ਮੈਬਰਾਂ ਲਈ ਇਕ ਵੱਡਮੁੱਲੀ ਫੇਰੀ ਦੱਸਿਆ । ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ ਡਾ. ਜਗਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਚਾਨਣਾ ਪਾਇਆ । ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅਨੇਕਾਂ ਫ਼ਸਲਾਂ ਦੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਕਈਆਂ ਨੂੰ ਕੌਮਾਂਤਰੀ ਪੱਧਰ ਤੇ ਜਾਰੀ ਹੋਣ ਦਾ ਮਾਣ ਵੀ ਹਾਸਲ ਹੈ । ਉਹਨਾਂ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਖੋਜ ਅਦਾਰਿਆਂ ਦੇ ਨਾਲ ਦੋਪਾਸੜੇ ਸਹਿਯਗੋ ਬਾਰੇ ਵੀ ਚਾਨਣਾ ਪਾਇਆ। ਇਸੇ ਤਰ੍ਹਾਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਪਸਾਰ ਦੇ ਖੇਤਰ ਦੇ ਵਿੱਚ ਯੂਨੀਵਰਸਿਟੀ ਵੱਲੋਂ ਕਈ ਨਵੇਕਲੇ ਉਪਰਾਲੇ ਵਿੱਢੇ ਗਏ ਹਨ । ਉਹਨਾਂ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਆਯੋਜਿਤ ਕਿਸਾਨ ਮੇਲੇ ਦੌਰਾਨ ਪੰਜਾਬ ਅਤੇ ਗਵਾਂਢੀ ਸੂਬਿਆਂ ਦੇ 1 ਲੱਖ ਤੋਂ ਵੱਧ ਕਿਸਾਨ ਭਾਗ ਲੈਂਦੇ ਹਨ । ਉਹਨਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਵਿੱਚ ਸਥਾਪਿਤ ਪੌਦਾ ਹਸਪਤਾਲ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਚੰਦਰ ਮੋਹਨ ਨੇ ਜੀ ਆਇਆ ਦੇ ਸ਼ਬਦ ਬੋਲਦਿਆ ਕਿਹਾ ਕਿ ਖੋਜ, ਪਸਾਰ ਅਤੇ ਸਿੱਖਿਆ ਵਿੱਚ ਇਸ ਯੂਨੀਵਰਸਿਟੀ ਦੇ ਅਹਿਮ ਕਾਰਜ ਹਨ । ਵਫ਼ਦ ਨੂੰ ਯੂਨੀਵਰਸਿਟੀ ਦੀ ਜਾਣਕਾਰੀ ਪ੍ਰਦਾਨ ਕਰਦਾ ਸਾਹਿਤ ਵੀ ਭੇਂਟ ਕੀਤਾ ਗਿਆ ।