ਮੁੰਬਈ – ਸੌਦਾ ਸਾਧ ਦੇ ਮੁੱਖੀ ਗੁਰਮੀਤ ਰਾਮ ਰਹੀਮ ਤੇ ਬਣਾਈ ਗਈ ਫਿ਼ਲਮ ‘ਮਸੈਂਜਰ ਆਫ਼ ਗਾਡ’ ਨੂੰ ਪਾਸ ਕੀਤੇ ਜਾਣ ਤੇ ਨਰਾਜ਼ ਸੈਂਸਰ ਬੋਰਡ ਦੀ ਪ੍ਰਧਾਨ ਲੀਲਾ ਸੈਮਸਨ ਸਮੇਤ 9 ਹੋਰ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਸਾਰੇ ਮੈਂਬਰਾਂ ਨੇ ਸੰਯੁਕਤ ਰੂਪ ਵਿੱਚ ਆਪਣਾ ਅਸਤੀਫ਼ਾ ਸੂਚਨਾ ਅਤੇ ਪ੍ਰਸਾਰਣ ਵਿਭਾਗ ਨੂੰ ਭੇਜ ਦਿੱਤਾ ਹੈ।
ਮਸੈਂਜਰ ਆਫ਼ ਗਾਡ ਨੂੰ ਰਲੀਜ਼ ਕਰਨ ਸਬੰਧੀ ਮਿਲੀ ਹਰੀ ਝੰਡੀ ਤੋਂ ਨਰਾਜ਼ ਹੋ ਕੇ ਸੱਭ ਤੋਂ ਪਹਿਲਾਂ ਸੈਂਸਰ ਬੋਰਡ ਦੀ ਪ੍ਰਧਾਨ ਲੀਲਾ ਸੈਮਸਨ ਨੇ ਅਸਤੀਫ਼ਾ ਦਿੱਤਾ ਸੀ। ਲੀਲਾ ਤੋਂ ਬਾਅਦ ਇੱਕ ਹੋਰ ਮੈਂਬਰ ਈਰਾ ਭਾਸਕਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਤੱਕ ਸੈਂਸਰ ਬੋਰਡ ਦੇ ਕੁਲ 9 ਮੈਂਬਰ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਇਸ ਮੁੱਦੇ ਤੇ ਸਰਕਾਰ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ। ਬੀਜੇਪੀ ਸਰਕਾਰ ਵੋਟਾਂ ਖਾਤਿਰ ਸਾਧ ਦੀ ਮੱਦਦ ਕਰ ਰਹੀ ਹੈ। ਲੀਲਾ ਸੈਮਸਨ ਨੇ ਪੈਨਲ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਨੂੰ ਅਸਤੀਫ਼ੇ ਦਾ ਮੁੱਖ ਕਾਰਨ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਨੇ ਸੈਂਸਰ ਬੋਰਡ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਅਤੇ ਵਿਭਾਗ ਵੱਲੋਂ ਨਿਯੁਕਤ ਕੀਤੇ ਗਏ ਅਧਿਕਾਰੀ ਹੀ ਇਸ ਨੂੰ ਚਲਾ ਰਹੇ ਹਨ।