ਨਵੀਂ ਦਿੱਲੀ : ਵਰਲਡ ਟਾਏਲੇਟ ਸਮਿਟ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਧਾਰਮਿਕ ਸਥਾਨਾ ਤੇ ਸਫਾਈ ਨੂੰ ਦੇਸ਼ ਦੇ ਅਰਥਚਾਰੇ ਅਤੇ ਦੇਸ਼ਵਾਸੀਆਂ ਦੇ ਨਿਰੋਗੀ ਸ਼ਰੀਰ ਲਈ ਜ਼ਰੂਰੀ ਦੱਸਿਆ। ਅੱਜ ਇਥੇ ਦੇ ਵਿਗਿਆਨ ਭਵਨ ਵਿਖੇ ਸ਼ਹਿਰੀ ਵਿਕਾਸ ਮੰਤਰਾਲੇ ਭਾਰਤ ਸਰਕਾਰ ਵੱਲੋਂ ਕਰਵਾਈ ਗਈ ਇਸ ਸਮਿਟ ਦੇ ਪੰਜਵੇ ਸੈਸ਼ਨ ਦੌਰਾਨ “ਹੈਰੀਟੇਜ ਐਂਡ ਕਲਚਰ ਐਜ਼ ਡਰਾਈਵਰ ਫੋਰ ਸੈਨੀਟੇਸ਼ਨ” ਵਿਸ਼ੇ ਤੇ ਬੋਲਦੇ ਹੋਏ ਜੀ.ਕੇ. ਨੇ ਸਿੱਖ ਗੁਰੂਆਂ ਵੱਲੋਂ ਵਾਤਾਵਰਣ ਦੀ ਰੱਖਿਆ ਦੇ ਦਿੱਤੇ ਗਏ ਸੁਨੇਹੇ ਤੋਂ ਆਪਣੀ ਗੱਲ ਸ਼ੁਰੂ ਕੀਤੀ। ਜੀ.ਕੇ. ਨੇ ਗੁਰੂ ਨਾਨਕ ਸਾਹਿਬ ਵੱਲੋਂ ਪਵਨ ਗੁਰੂ ਪਾਣੀ ਪਿਤਾ ਦੇ ਸਿਧਾਂਤ ਦੀ ਦਿੱਤੀ ਗਈ ਪ੍ਰੇਰਣਾ ਦਾ ਜ਼ਿਕਰ ਕਰਦੇ ਹੋਏ ਵਾਤਾਵਰਣ ਨੂੰ ਬਚਾਉਣ ਵਾਸਤੇ ਸਾਰੇ ਧਰਮਾਂ ਦੇ ਆਗੂਆਂ ਨੂੰ ਇਕੱਠੇ ਹੋਕੇ ਕੰਮ ਕਰਨ ਦਾ ਸੱਦਾ ਵੀ ਦਿੱਤਾ।
ਗੁਰੂ ਘਰਾਂ ‘ਚ ਕਰੋੜਪਤੀ, ਰਿਕਸ਼ਾ ਚਾਲਕ, ਮਾਲਕ ਜਾਂ ਨੌਕਰ ਦੇ ਖਿੱਤੇ ਤੋਂ ਭੇਦਭਾਵ ਨਾ ਕਰਦੇ ਹੋਏ ਗੁਰੂਆਂ ਵੱਲੋਂ ਜੋੜਾਘਰ, ਲੰਗਰ ਸਥਾਨ, ਸਰੋਵਰ ਆਦਿਕ ਤੇ ਸਾਰੀ ਸੰਗਤ ਨੂੰ ਇਕ ਸਮਝਣ ਦੇ ਦਿੱਤੇ ਗਏ ਸੁਨੇਹੇ ਨੂੰ ਸਫਾਈ ਅਭਿਯਾਨ ਨਾਲ ਜੋੜਨ ਵਾਸਤੇ ਸਾਰੇ ਧਰਮਾਂ ਨੂੰ ਨਾਲ ਕੰਮ ਕਰਨ ਦਾ ਤਰਲਾ ਵੀ ਜੀ.ਕੇ. ਨੇ ਮਾਰਿਆ। ਦਿੱਲੀ ਕਮੇਟੀ ਵੱਲੋਂ ਬੀਤੇ 6 ਮਹੀਨੇ ਦੌਰਾਨ ਨਗਰ ਕੀਰਤਨਾਂ ਅਤੇ ਕੀਰਤਨ ਸਮਾਗਮਾਂ ‘ਚ ਸਫਾਈ ਦਾ ਖਾਸ ਧਿਆਨ ਰੱਖਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਗੁਰੂ ਘਰਾਂ ‘ਚ ਪਖਾਨਿਆਂ ਦੀ ਵਿਵਸਥਾਂ ਨੂੰ ਹੋਰ ਮਜਬੂਤ ਕਰਨ ਅਤੇ ਉਸ ਦੀ ਸਫ਼ਾਈ ਦਾ ਖਾਸ ਧਿਆਨ ਦੇਣ ਵੀ ਗੱਲ ਆਖੀ।
ਗੁਰਦੁਆਰਾ ਕਮੇਟੀ ਵੱਲੋਂ ਦੇਸ਼ ਤੇ ਆਈਆਂ ਕੁਦਰਤੀ ਕੁਰੋਪੀ ਦੋਰਾਨ ਸਾਫ਼ ਸਫ਼ਾਈ ਅਤੇ ਗੁਰੂ ਮਰਿਯਾਦਾ ਦਾ ਧਿਆਨ ਰਖਕੇ ਪ੍ਰਭਾਵਿਤ ਇਲਾਕਿਆਂ ‘ਚ ਭੇਜੇ ਗਏ ਲੰਗਰ ਤੋਂ ਵੀ ਉਥੇ ਮੌਜੂਦ ਹਜ਼ਾਰਾਂ ਦੇਸ਼ ਵਿਦੇਸ਼ ਦੇ ਡੈਲੀਗੇਟਾਂ ਨੂੰ ਜਾਣੂੰ ਕਰਵਾਇਆ। ਦਿੱਲੀ ਕਮੇਟੀ ਵੱਲੋਂ ਹੋਰ ਧਾਰਮਿਕ ਸੰਸਥਾਵਾਂ ਨੂੰ ਸਫਾਈ ਅਤੇ ਸੈਨੀਟੇਸ਼ਨ ਵਿਸ਼ੇ ਤੇ ਪੁਰਣ ਸਹਿਯੋਗ ਦੇਣ ਦੀ ਵੀ ਜੀ.ਕੇ. ਨੇ ਪੇਸ਼ਕਸ਼ ਕੀਤੀ। ਇਸ ਸੈਸ਼ਨ ਦੇ ਸੰਚਾਲਕ ਲਲਿਤ ਗਟਾਨੀ ਨੇ ਜੀ.ਕੇ. ਦੇ ਭਾਸ਼ਣ ਦੀ ਸ਼ਲਾਘਾ ਕਰਦੇ ਹੋਏ ਧਾਰਮਿਕ ਤੌਰ ਨੂੰ ਮੁੱਖ ਰੱਖਕੇ ਗੁਰਦੁਆਰਾ ਕਮੇਟੀਆਂ ਵੱਲੋਂ ਇਸ ਮਸਲੇ ਤੇ ਦਿੱਤੇ ਜਾ ਰਹੇ ਸਹਿਯੋਗ ਨੂੰ ਚੰਗਾ ਕਦਮ ਦੱਸਿਆ।
ਇਸ ਮੌਕੇ ਸਵਾਮੀ ਚਿਦਾਨੰਦ ਸਰਸਵਤੀ ਮਹਾਰਾਜ, ਅਜਮੇਰ ਦਰਗਾਹ ਸ਼ਰੀਫ ਦੇ ਦੀਵਾਨ ਜਨਾਬ ਸਈਅਦ ਅਲੀ ਖਾਂ ਅਤੇ ਫਾਦਰ ਐਮ.ਡੀ. ਥਾਮਸ ਨੇ ਵੀ ਸਾਰੇ ਧਾਰਮਿਕ ਸਥਾਨਾਂ ‘ਚ ਸਾਫ਼ ਸਫ਼ਾਈ ਅਤੇ ਪਖਾਨਿਆਂ ਦੀ ਸਫ਼ਾਈ ਤੇ ਖਾਸ ਧਿਆਨ ਦੇਣ ਦੀ ਗੱਲ ਕਰਦੇ ਹੋਏ ਇਸ ਦਾ ਫਾਇਦਾ ਦੇਸ਼ ਵਿਚ ਸੈਲਾਨੀਆਂ ਦੀ ਤਾਦਾਤ ਵਿਚ ਵਾਧੇ ਦੇ ਰੂਪ ਵਿਚ ਵੀ ਪੈਣ ਦਾ ਦਾਅਵਾ ਕੀਤਾ। ਬੁਲਾਰਿਆਂ ਵੱਲੋਂ ਮੰਦਿਰ ਗੁਰਦੁਆਰਿਆਂ ਦੀ ਤਰਜ ਤੇ ਹੀ ਪੰਖਾਨਿਆਂ ਨੂੰ ਵੀ ਸਾਫ਼ ਰੱਖਣ ਦਾ ਸੱਦਾ ਦਿੱਤਾ ਗਿਆ। ਦਿੱਲੀ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨਿਤ ਸਿੰਘ ਚੰਢੋਕ ਅਤੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਵੀ ਡੇਲੀਗੇਟ ਦੇ ਤੌਰ ਤੇ ਇਸ ਸਮਿਟ ‘ਚ ਹਾਜਰੀ ਭਰੀ।