ਮੈਲਬਰਨ- ਪਿੱਛਲੇ ਕੁਝ ਸਮੇਂ ਤੋਂ ਆਸਟਰੇਲੀਆ ਵਿਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਤੇ ਉਥੋਂ ਦੇ ਵਸਨੀਕਾਂ ਵਲੋਂ ਜਾਨਲੇਵਾ ਹਮਲੇ ਹੋ ਰਹੇ ਹਨ। ਇਸ ਸਬੰਧ ਵਿਚ ਭਾਰਤ ਸਰਕਾਰ ਵਲੋਂ ਨਸਲੀ ਹਮਲੇ ਰੋਕਣ ਲਈ ਕਾਫੀ ਜੋਰ ਪਾਇਆ ਜਾ ਰਿਹਾ ਹੈ। ਇਸ ਕਰਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਅਗਵਾਈ ਵਿਚ ਇਕ ਟਾਸਕ ਫੋਰਸ ਬਣਾਈ ਹੈ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਸਟੀਫਨ ਸਮਿਥ ਨੇ ਸੰਸਦ ਵਿਚ ਕਿਹਾ ਕਿ ਸਰਕਾਰ ਹਮਲੇ ਕਰਨ ਵਾਲਿਆਂ ਨੂੰ ਪਕੜਨ ਅਤੇ ਉਨ੍ਹਾਂ ਤੇ ਮੁਕਦਮੇ ਚਲਾਉਣ ਲਈ ਹਰ ਸੰਭਵ ਕਦਮ ਉਠਾ ਰਹੀ ਹੈ।
ਇਥੇ ਵਰਨਣਯੋਗ ਹੈ ਕਿ ਮਈ ਮਹੀਂਨੇ ਵਿਚ 7 ਭਾਰਤੀ ਵਿਦਿਆਰਥੀ ਇਨ੍ਹਾਂ ਹਮਲਿਆਂ ਦੇ ਸਿ਼ਕਾਰ ਹੋਏ ਹਨ। ਭਾਰਤ ਵਲੋਂ ਇਸ ਸਬੰਧ ਵਿਚ ਆਸਟਰੇਲੀਆਂ ਦੀ ਸਰਕਾਰ ਤੇ ਇਹ ਨਸਲੀ ਹਮਲੇ ਰੋਕਣ ਲਈ ਬਹੁਤ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਦੇ ਰਾਜਦੂਤ ਨੂੰ ਬੁਲਾ ਕੇ ਇਸ ਦੇ ਵਿਰੋਧ ਵਿਚ ਰੋਸ ਜਾਹਿਰ ਕੀਤਾ ਗਿਆ ਸੀ। ਭਾਰਤ ਦੇ ਪ੍ਰਧਾਨਮੰਤਰੀ ਨੇ ਵੀ ਕੇਵਿਨ ਰੇਡ ਨਾਲ ਗੱਲਬਾਤ ਕਰਕੇ ਇਸ ਸਬੰਧ ਵਿਚ ਚਿੰਤਾ ਜਾਹਿਰ ਕੀਤੀ ਸੀ। ਸਮਿਥ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੰਕਨ ਲੂਈਸ ਦੀ ਅਗਵਾਈ ਵਿਚ ਬਣੀ ਵਿਦੇਸ਼ੀ ਮਸਲੇ ਜਿਵੇਂ ਵਪਾਰ, ਸਿਖਿਆ, ਇਮੀਗਰੇਸ਼ਨ ਵਿਭਾਗ ਅਤੇ ਅਟਾਰਨੀ ਜਨਰਲ ਦਫਤਰ ਦੇ ਸੀਨੀਅਰ ਅਧਿਕਾਰੀ ਇਸ ਵਿਚ ਸ਼ਾਮਿਲ ਹਨ। ਉਨ੍ਹਾਂ ਅਨੁਸਾਰ ਇਸ ਫੋਰਸ ਨੇ ਆਪਣੀ ਪਹਿਲੀ ਮੀਟਿੰਗ ਵੀ ਕਰ ਲਈ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਆਸਟਰੇਲੀਆ ਕਾਫੀ ਗੰਭੀਰ ਹੈ। ਸਰਕਾਰ ਦੇ ਇਸ ਕਦਮ ਦੀ ਭਾਰਤੀ ਵਿਦਿਆਰਥੀਆਂ ਵਲੋਂ ਪ੍ਰਸੰਸਾ ਕੀਤੀ ਗਈ ਹੈ। ਉਨ੍ਹਾਂ ਨੂੰ ਕੁਝ ਉਮੀਦ ਹੋਈ ਹੈ ਕਿ ਸਰਕਾਰ ਇਹ ਨਸਲੀ ਹਮਲੇ ਰੋਕਣ ਲਈ ਕੋਸਿ਼ਸ਼ ਕਰ ਰਹੀ ਹੈ।