ਸ੍ਰੀ ਅੰਮ੍ਰਿਤਸਰ – ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਸ੍ਰੀ ਇਸਫਨ ਯਾਰ ਐਮ ਭੰਡਾਰਾ ਨੇ ਆਪਣੀ ਪਤਨੀ ਸ੍ਰੀਮਤੀ ਜੈਸ਼ਮੀਨ ਭੰਡਾਰਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਦੋਵਾਂ ਦੇਸ਼ਾਂ ਦੀ ਸਲਾਮਤੀ ਲਈ ਅਰਦਾਸ ਕੀਤੀ।ਉਪਰੰਤ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜੀ ਆਇਆ ਕਹਿੰਦਿਆਂ ਧਾਰਮਿਕ ਕਿਤਾਬਾਂ ਦਾ ਸੈਟ, ਲੋਈ ਤੇ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਸਰਕਾਰ ਦੇ ਨਾਂਅ ਮੰਗ ਪੱਤਰ ਉਨ੍ਹਾਂ ਨੂੰ ਸੌਂਪਿਆ।
ਸ੍ਰੀ ਇਸਫਨ ਯਾਰ ਐਮ ਭੰਡਾਰਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਪਾਕਿਸਤਾਨ ਸਰਕਾਰ ਦੇ ਨਾਂਅ ਸੌਂਪੇ ਗਏ ਮੰਗ ਪੱਤਰ ਬਾਰੇ ਵਿਸਥਾਰ ਨਾਲ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਪਾਕਿਸਤਾਨ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਪਾਕਿਸਤਾਨ ਵਿਖੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਅੰਮ੍ਰਿਤਸਰ ਵਿਖੇ ਵੀਜ਼ਾ ਸੈਂਟਰ ਖੋਲ੍ਹਿਆ ਜਾਵੇ ਅਤੇ ਵੀਜ਼ਾ ਪ੍ਰਣਾਲੀ ਨੂੰ ਸੁਖਾਲਾ ਕੀਤਾ ਜਾਵੇ।ਦਿੱਤੇ ਗਏ ਮੰਗ ਪੱਤਰ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਇਸ ਵੱਲੋਂ ਪਾਕਿਸਤਾਨ ਸਫ਼ਾਰਤਖਾਨੇ ਨੂੰ ਸ਼ਰਧਾਲੂਆਂ ਲਈ ਭੇਜੀ ਜਾਂਦੀ ਵੀਜ਼ਾ ਸੂਚੀ ਵਿਚੋਂ ਨਾਮ ਨਾ ਕੱਟੇ ਜਾਣ ਕਿਉਂਕਿ ਜਦੋਂ ਕਿਸੇ ਸ਼ਰਧਾਲੂ ਦਾ ਵੀਜ਼ਾ ਕੱਟਿਆ ਜਾਂਦਾ ਹੈ ਤਾਂ ਉਸ ਦੇ ਮਨ ਨੂੰ ਭਾਰੀ ਠੇਸ ਪਹੁੰਚਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਾਕਿਸਤਾਨ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਯਾਤਰੂਆਂ ਦੀ ਸਹੂਲਤ ਲਈ ਲਾਹੌਰ ਵਿਖੇ ਸਰਾਂ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਥਾਂ ਉਪਲਬੱਧ ਕਰਵਾਈ ਜਾਵੇ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਤੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਯੂਨੀਵਰਸਿਟੀ ਬਣਾਈ ਜਾਵੇ।ਉਨ੍ਹਾਂ ਦੱਸਿਆ ਕਿ ਦਿੱਤੇ ਗਏ ਮੰਗ ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾਇਆ ਜਾਵੇ ਤੇ ਦਰਸ਼ਨ ਕਰਨ ਲਈ ਇਕ ਦਿਨ ਦਾ ਵੀਜ਼ਾ ਜਾਰੀ ਕਰਨ ਦੀ ਵਿਵਸਥਾ ਵੀ ਹੋਵੇ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਨਾਮ ਜ਼ਮੀਨਾਂ ਤੇ ਹੋਰ ਜਾਇਦਾਦਾਂ ਤੋਂ ਇਲਾਵਾ ਵਿਰਾਸਤੀ ਇਮਾਰਤਾਂ ਨੂੰ ਸੁਰੱਖਿਅਤ ਕੀਤਾ ਜਾਵੇ ਤੇ ਇਨ੍ਹਾਂ ਜਾਇਦਾਦਾਂ/ਇਮਾਰਤਾਂ ਉੱਪਰ ਹੋਏ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਅੱਗੇ ਤੋਂ ਇਨ੍ਹਾਂ ਦੀ ਸੁਰੱਖਿਆ ਨਿਯਮਤ ਕੀਤੀ ਜਾਵੇ।
ਸ੍ਰੀ ਇਸਫਨ ਯਾਰ ਐਮ ਭੰਡਾਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਮਾਣ ਸਤਿਕਾਰ ਬਦਲੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਨਾਮ ਜੋ ਮੰਗ ਪੱਤਰ ਸੌਂਪਿਆ ਗਿਆ ਹੈ ਇਸ ਪੁਰ ਗੰਭੀਰਤਾ ਨਾਲ ਵਿਚਾਰ ਹੋਵੇਗੀ।
ਇਸ ਮੌਕੇ ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਸਕੱਤਰ ਸਿੰਘ ਮੀਤ ਸਕੱਤਰ, ਸ. ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ, ਸ. ਜਸਵਿੰਦਰ ਸਿੰਘ ਸੂਚਨਾ ਅਧਿਕਾਰੀ ਤੇ ਸ.ਰਜਿੰਦਰ ਸਿੰਘ ਆਦਿ ਮੌਜੂਦ ਸਨ।