ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਾਜ ਮਹਿਲ ਵੇਖਣ ਦੀ ਇੱਛਾ ਸੁਪਰੀਮ ਕੋਰਟ ਦੇ ਆਦੇਸ਼ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਕਾਰਨ ਅਧੂਰੀ ਹੀ ਰਹਿ ਗਈ। ਓਬਾਮਾ ਦੀ ਹੱਥਿਆਰਬੰਦ ਗੱਡੀ ਨੂੰ ਤਾਜ ਮਹਿਲ ਦੇ ਪੂਰਬੀ ਗੇਟ ਵਾਲੀ ਸਾਈਡ ਤੋਂ ਅੰਦਰ ਲੈ ਕੇ ਜਾਣ ਦੀ ਇਜ਼ਾਜਤ ਨਾਂ ਮਿਲਣ ਕਰਕੇ ਹੀ ਇਹ ਪਲਾਨ ਕੈਂਸਿਲ ਕਰਨਾ ਪਿਆ।
ਰਾਸ਼ਟਰਪਤੀ ਓਬਾਮਾ ਦੀ ਸੁਰੱਖਿਆ ਵਿੱਚ ਤੈਨਾਤ ਖੁਫ਼ੀਆ ਏਜੰਸੀ ਉਨ੍ਹਾਂ ਨੂੰ ਬੈਟਰੀ ਨਾਲ ਚੱਲਣ ਵਾਲੀ ਗੋਲਫ ਕਾਰਟ ਵਿੱਚ ਤਾਜ ਮਹਿਲ ਘੁਮਾਉਣ ਤੇ ਸਹਿਮਤ ਨਹੀਂ ਸੀ। ਏਜੰਸੀ ਅਨੁਸਾਰ ਅਜਿਹਾ ਕਰਨ ਨਾਲ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਖਤਰਾ ਸੀ। ਉਤਰ ਪ੍ਰਦੇਸ਼ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਨੂੰ ਤਾਜ ਮਹਿਲ ਦੇ ਅਹਾਤੇ ਵਿੱਚ ਆਪਣੀ ਬੰਬ-ਪਰੂਫ ਗੱਡੀ ਅਤੇ ਉਨ੍ਹਾਂ ਦੇ ਸੁਰੱਖਿਆ ਬੇੜੇ ਵਿੱਚ ਲਗੀਆਂ ਇਲੈਕਟਰਾਨਿਕ ਸਕਿਊਰਟੀ ਇਕਵਾਈਪਮੈਂਟਸ ਵਾਲੀਆਂ 50 ਗੱਡੀਆਂ ਨੂੰ ਜਾਣ ਦੀ ਪਰਮਿਸ਼ਨ ਨਹੀਂ ਸੀ ਮਿਲੀ।
ਉਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੇ ਗ੍ਰਹਿ ਵਿਭਾਗ ਨੂੰ ਸੁਪਰੀਮ ਕੋਰਟ ਤੋਂ ਇਜ਼ਾਜ਼ਤ ਲੈਣ ਲਈ ਕਿਹਾ ਸੀ ਪਰ ਏਨੇ ਘੱਟ ਸਮੇਂ ਵਿੱਚ ਇਹ ਸੰਭਵ ਨਹੀਂ ਸੀ। ਰਾਜ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਓਬਾਮਾ ਦੇ ਆਗਰੇ ਦੌਰੇ ਸਬੰਧੀ ਉਥੇ ਪਹੁੰਚੇ ਖੁਫੀਆ ਏਜੰਸੀ ਦੇ 100 ਸਟਾਫ਼ ਮੈਂਬਰ ਵਾਪਿਸ ਪਰਤ ਆਏ ਹਨ। ਅਮਰੀਕੀ ਰਾਸ਼ਟਰਪਤੀ ਨੇ ਆਗਰੇ ਦੌਰੇ ਨੂੰ ਰੱਦ ਕਰਨ ਦਾ ਕਾਰਨ ਉਨ੍ਹਾਂ ਵੱਲੋਂ ਸਾਊਦੀ ਅਰਬ ਦੇ ਸ਼ਾਹ ਅਬਦੁਲਾ ਦੀ ਮੌਤ ਤੇ ਸ਼ਾਹੀ ਪਰੀਵਾਰ ਨਾਲ ਅਫਸੋਸ ਕਰਨ ਲਈ ਜਾਣ ਨੂੰ ਦੱਸਿਆ ਹੈ।