ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਾਅਵਾ ਕੀਤਾ ਕਿ ਅਕਾਲੀ ਦਲ ਵਰਗੇ ਵਰਕਰ ਕਿਸੇ ਵੀ ਪਾਰਟੀ ਕੋਲ ਨਹੀਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਬਾਦਲ ਨੇ ਅੱਜ ਦਿੱਲੀ ਵਿਖੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਠੀ ਤੇ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਭਾਈਵਾਲੀ ਦੀਆਂ ਚਾਰ ਸੀਟਾਂ ਤੇ ਅਕਾਲੀ ਉਮੀਦਵਾਰਾਂ ਦੇ ਹੱਕ ‘ਚ ਪੰਜਾਬ ਤੋਂ ਪ੍ਰਚਾਰ ਕਰਨ ਆਏ ਆਗੂਆਂ ਨੂੰ ਜ਼ਿਮੇਵਾਰੀਆਂ ਸੌਂਪਣ ਦੇ ਹੋਏ ਸਮਾਗਮ ਦੌਰਾਨ ਕੀਤਾ। ਪਾਰਟੀ ਦੇ ਲੋਕਸਭਾ ਤੇ ਰਾਜਸਭਾ ਮੈਂਬਰਾਂ, ਵਿਧਾਇਕ ਅਤੇ ਮੰਤਰੀ ਸਾਹਿਬਾਨਾਂ ਸਣੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੰਬੋਧਿਤ ਕਰਦੇ ਹੋਏ ਬਾਦਲ ਨੇ ਇਸ ਵਾਰ ਪਾਰਟੀ ਵੱਲੋਂ 2013 ਦੀਆਂ ਵਿਧਾਨਸਭਾ ਚੋਣਾਂ ਦੀ ਤਰਜ ਤੇ ਪਾਰਟੀ ਵੱਲੌਂ ਲੜੀਆਂ ਜਾ ਰਹੀਆਂ ਚਾਰ ਸੀਟਾਂ ਰਾਜੌਰੀ ਗਾਰਡਨ, ਹਰੀ ਨਗਰ, ਸ਼ਾਹਦਰਾ ਅਤੇ ਕਾਲਕਾ ਜੀ ਤੇ ਜਿਤ ਦਾ ਵੀ ਝੰਡਾ ਝੁਲਾਉਣ ਦੀ ਵੀ ਗੱਲ ਆਖੀ।
ਵੱਡੀ ਗਿਣਤੀ ‘ਚ ਇਸਤ੍ਰੀ ਅਕਾਲੀ ਦਲ ਦੇ ਕਾਰਕੂੰਨਾਂ ਦੀ ਮੌਜੂਦਗੀ ਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਬਾਦਲ ਨੇ ਕਿਹਾ ਕਿ ਇਸਤ੍ਰੀ ਅਕਾਲੀ ਦਲ ਦੀ ਬੀਬੀਆਂ ਨੇ ਪਿਛਲੀ ਦਿੱਲੀ ਕਮੇਟੀ ਅਤੇ ਵਿਧਾਨਸਭਾ ਚੋਣਾਂ ਦੌਰਾਨ ਘਰ-ਘਰ ਜਾ ਕੇ ਜਿਸ ਤਰ੍ਹਾਂ ਨਾਲ ਬੀਬੀਆਂ ਨਾਲ ਰਾਫਤਾ ਕਾਇਮ ਕੀਤਾ ਸੀ ਉਹ ਬੇਮਿਸਾਲ ਸ਼ੀ। ਇਸ ਲਈ ਆਪਣੀ ਬਹਾਦਰ ਤੇ ਕਾਬਿਲ ਪਾਰਟੀ ਕਾਰਕੁੰਨਾਂ ਨੂੰ ਜਿਹੜੀਆਂ ਆਪਣੇ ਘਰ ਛੱਡ ਕੇ ਪਾਰਟੀ ਦੀ ਚੜ੍ਹਦੀਕਲਾ ਲਈ ਪਾਰਟੀ ਵਾਸਤੇ ਦਿੱਲੀ ‘ਚ ਪ੍ਰਚਾਰ ਕਰਨ ਆਈਆਂ ਨੇ ਉਨ੍ਹਾਂ ਦਾ ਉਹ ਧੰਨਵਾਦ ਕਰਦੇ ਹਨ। ਪਾਰਟੀ ‘ਚ ਬੀਬੀਆਂ ਦੀ ਦਿਨੋਦਿਨ ਵੱਧ ਰਹੀਂ ਤਾਦਾਤ ਤੇ ਵਿਅੰਗ ਕਰਦੇ ਹੋਏ ਬਾਦਲ ਨੇ ਕਿਹਾ ਕਿ ਕਿਤੇ ਬੀਬੀਆਂ ਨੂੰ 33 ਫਿਸਦੀ ਰਾਖਵਾਕਰਣ ਦੇਣ ਵਾਲੀ ਪਹਿਲੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਹੀ ਨਾ ਹੋਵੇ। ਸਮੂਹ ਵਾਰਡ ਅਤੇ ਬੁੂਥ ਇੰਚਾਰਜਾਂ ਨੂੰ ਦਿੱਲੀ ਚੋਣਾਂ ‘ਚ ਕੰਮ ਕਰਨ ਦੌਰਾਨ ਸਰਕਾਰੀ ਗੱਡੀ, ਲਾਲ ਬੱਤੀ, ਸੁਰੱਖਿਆ ਛਤਰੀ ਆਦਿਕ ਨਾ ਵਰਤਨ ਦੀ ਪਾਰਟੀ ਦੇ ਸਕੱਤਰ ਜਰਨਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਤੀ ਗਈ ਸਲਾਹ ਤੇ ਅਮਲ ਕਰਨ ਦੇ ਵੀ ਬਾਦਲ ਨੇ ਆਦੇਸ਼ ਦਿੱਤੇ। ਬਾਦਲ ਨੇ ਕਾਰਕੁੰਨਾਂ ਦੇ ਹੋਂਸਲੇ ‘ਚ ਇਜਾਫਾ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਤੋਂ ਬਾਅਦ ਹਰਿਯਾਣਾ ਅਤੇ ਦਿੱਲੀ ‘ਚ ਆਪਣੇ ਚੋਣ ਨਿਸ਼ਾਨ ਤੇ ਵਿਧਾਇਕ ਬਨਾਏ ਹਨ ਤੇ ਇਸ ਵਾਰ ਦੇ ਵਧੀਆਂ ਮਾਹੌਲ ਤੋਂ ਸੇਹਤ ਲੈ ਕੇ ਆਪਾਂ ਦਿੱਲੀ ਦੀਆਂ ਚਾਰੋਂ ਸੀਟਾਂ ਜਿੱਤ ਕੇ ਯੂ.ਪੀ. ਵੱਲ ਕਦਮ ਪੁੱਟਣੇ ਹਨ। ਉਨ੍ਹਾਂ ਕਿਹਾ ਕਿ ਮੇਰਾ ਸੁਪਣਾ ਹੈ ਕਿ ਪੰਜਾਬ ਤੋਂ ਤਾਮਿਲਨਾਡੁ ਤੱਕ ਹਰ ਸੂਬੇ ‘ਚ ਅਕਾਲੀ ਵਿਧਾਇਕ ਜ਼ਰੂਰ ਹੋਵੇ। ਦਿੱਲੀ ਚੋਣਾ ਤੋਂ ਬਾਅਦ ਧੂਰੀ ਜਿਮਣੀ ਚੋਣ ਨੂੰ ਜਿੱਤਣ ਦੀ ਗੱਲ ਕਰਦੇ ਹੋਏ ਬਾਦਲ ਨੇ ਪੰਜਾਬ ਵਿਖੇ ਦੋ ਹੋਰ ਵਿਧਾਨਸਭਾ ਸੀਟਾਂ ਤੇ ਵੀ ਭਵਿੱਖ ‘ਚ ਜਿਮਣੀ ਚੋਣਾਂ ਹੋਣ ਦਾ ਵੀ ਇਸ਼ਾਰਾ ਕੀਤਾ।
ਬਾਦਲ ਨੇ ਇਸ ਮੌਕੇ ਐਲਾਨ ਕੀਤਾ ਕਿ ਰਾਜੌਰੀ ਗਾਰਡਨ ਸੀਟ ਤੇ ਬਲਵੰਤ ਸਿੰਘ ਰਾਮੂਵਾਲੀਆ,ਬੀਬੀ ਜਾਗੀਰ ਕੌਰ, ਵਿਕ੍ਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਹਰੀ ਨਗਰ ਸੀਟ ਤੇ ਬਲਵਿੰਦਰ ਸਿੰਘ ਭੁੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਪਰਮਿੰਦਰ ਸਿੰਘ ਢੀਂਡਸਾ, ਦਰਬਾਰਾ ਸਿੰਘ ਗੁਰੁ ਸ਼ਾਹਦਰਾ ਸੀਟ ਤੇ ਸੇਵਾ ਸਿੰਘ ਸੇਖਵਾ ਅਤੇ ਕਾਲਕਾਜੀ ਸੀਟ ਤੇ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰਖੜਾ ਤੇ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਵੱਲੋਂ ਇੰਚਾਰਜਾਂ ਦੇ ਤੌਰ ਤੇ ਜ਼ਿਮੇਵਾਰੀਆਂ ਦਿੱਤੀਆਂ ਗਈਆਂ ਹਨ ਜਦੋ ਕਿ ਪਾਰਟੀ ਦਫਤਰ ਤੋਂ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ, ਰੰਜੀਤ ਸਿੰਘ ਬ੍ਰਹਮਪੁਰਾ ਅਤੇ ਨਰੇਸ਼ ਗੁਜਰਾਲ ਤਾਲਮੇਲ ਚਾਰੋ ਸੀਟਾਂ ਤੇ ਦੇਖਣਗੇ।
ਇਸ ਸਮਾਗਮ ਨੂੰ ਸੁਖਦੇਵ ਸਿੰਘ ਢੀਂਡਸਾ, ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ, ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆਂ, ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰੰਜੀਤ ਸਿੰਘ ਬ੍ਰਹਮਪੁਰਾ ਨੇ ਵੀ ਸੰਬੋਧਿਤ ਕੀਤਾ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਸਮਾਜਿਕ ਖੇਤਰ ‘ਚ ਕੀਤੀਆਂ ਗਈਆਂ ਸੇਵਾਵਾਂ ਬਦਲੇ ਪਦਮ ਵਿਭੂਸ਼ਨ ਦੇਣ ਦੇ ਕੀਤੇ ਗਏ ਐਲਾਨ ਤੇ ਸਰਕਾਰ ਦੇ ਧੰਨਵਾਦ ਦਾ ਮਤਾ ਵੀ ਪਾਸ ਕੀਤਾ ਗਿਆ। ਜੀ.ਕੇ. ਅਤੇ ਰਾਮੂਵਾਲੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਦੌਰਾਨ ਕਮੇਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ‘ਚ ਦਿੱਲੀ ਦੀਆਂ ਸੰਗਤਾਂ ਨਾਲ ਕੀਤੇ ਗਏ 80 ਫਿਸਦੀ ਵਾਅਦਿਆਂ ਨੂੰ ਪੂਰਾ ਕਰਨ ਦੀ ਵੀ ਜਾਣਕਾਰੀ ਪਾਰਟੀ ਦੇ ਆਗੂਆਂ ਨੂੰ ਦਿੱਤੀ। ਰਾਮੂਵਾਲੀਆਂ ਵੱਲੋਂ ਟਕਸਾਲੀ ਅਕਾਲੀਆਂ ਨੂੰ ਸਨਮਾਣ ਦੇਣ ਦੀ ਪਾਰਟੀ ਵੱਲੋਂ ਚਾਲਈ ਗਈ ਮੁਹਿੰਮ ਤਹਿਤ ਚਾਰੋ ਸੀਟਾਂ ਤੇ ਟਕਸਾਲੀ ਅਕਾਲੀਆਂ ਨੂੰ ਉਮੀਦਵਾਰ ਵਜੋਂ ਉਤਾਰਣ ਦਾ ਵੀ ਹਵਾਲਾ ਦਿੱਤਾ। ਇਸ ਮੌਕੇ ਪੰਜਾਬ ਦੇ ਸਮੂਹ ਸੀਨੀਅਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਦਿੱਲੀ ਕਮੇਟੀ ਮੈਂਬਰ ਵੀ ਮੌਜੂਦ ਸਨ।