ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਲਕਾਜੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਦੇ ਹੱਕ ਵਿੱਚ ਕਾਲਕਾਜੀ ਹਲਕੇ ਵਿਖੇ ਵੱਡੀ ਚੋਣ ਰੈਲੀ ਨੂੰ ਸੰਬੋਧਿਤ ਕੀਤਾ। ਇਸ ਮੌਕੇ ਬਾਦਲ ਨਾਲ ਭਾਜਪਾ ਦੇ ਸੀਨੀਅਰ ਆਗੂ ਅਨੰਤ ਕੁਮਾਰ ਵੀ ਮੌਜ਼ੂਦ ਸਨ। ਬਾਦਲ ਨੇ ਦਿੱਲੀ ਵਿਖੇ ਕਿਰਨ ਬੇਦੀ ਦੇ ਹੱਥ ਮਜ਼ਬੂਤ ਕਰਨ ਲਈ ਕਾਲਕਾ ਦੀ ਜਿੱਤ ਨੂੰ ਜ਼ਰੂਰੀ ਦੱਸਿਆ। ਦਿੱਲੀ ਦੇ ਰੁੱਕ ਗਏ ਵਿਕਾਸ ਕਾਰਜਾਂ ਨੂੰ ਚਲਾਉਣ ਵਾਸਤੇ ਦਿੱਲੀ ਵਿਖੇ ਗਠਬੰਧਨ ਦੀ ਸਰਕਾਰ ਬਣਾਉਣ ਦਾ ਜ਼ਿਕਰ ਕਰਦੇ ਹੋਏ ਬਾਦਲ ਨੇ ਬੀਤੇ 11 ਮਹੀਨਿਆਂ ਦੌਰਾਨ ਹਰਮੀਤ ਕਾਲਕਾ ਵੱਲੋਂ ਈਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਕੀਤੇ ਗਏ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਬੀਤੇ 16 ਸਾਲਾਂ ਦੇ ਰਾਜ ਦੇ ਬਾਵਜ਼ੂਦ ਵੀ ਦਿੱਲੀ ਵਿਖੇ ਪਾਣੀ ਅਤੇ ਬਿਜਲੀ ਦੇ ਮਸਲੇ ਦੇ ਮਸਲੇ ’ਤੇ ਦੋਹਾਂ ਪਾਰਟੀਆਂ ਵੱਲੋਂ ਚੋਣ ਮਨੋਰਥ ਪੱਤਰਾਂ ਵਿੱਚ ਲੋਕਾਂ ਨੂੰ ਭਰਮਾਉਣ ਵਾਸਤੇ ਕੀਤੇ ਜਾ ਰਹੇ ਵਾਅਦਿਆਂ ਨੂੰ ਵੀ ਤੱਥਾਂ ਤੋਂ ਪਰੇ ਦੱਸਿਆ।
ਅਨੰਤ ਕੁਮਾਰ ਨੇ ਸਥਿਰ ਸਰਕਾਰ ਤੇ ਵਿਕਾਸ ਦੀ ਲਹਿਰ ਲਿਆਉਣ ਲਈ ਲੋਕਾਂ ਨੂੰ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਕਾਲਕਾ ਨੇ ਇਸ ਮੌਕੇ ਹਲਕੇ ਦੀ ਨਵੀਂ ਨੁਹਾਰ ਲਈ ਵਿਧਾਇਕ ਬਣਨ ’ਤੇ ਲੋੜੀਂਦੇ ਵਿਕਾਸ ਦੇ ਕਾਰਜ ਕਰਨ ਦਾ ਵੀ ਦਾਅਵਾ ਕੀਤਾ। ਇਸ ਮੌਕੇ ਅਕਾਲੀ ਭਾਜਪਾ ਦੇ ਸੈਂਕੜੇ ਕਾਰਕੁੰਨਾ ਸਣੇ ਹਜ਼ਾਰਾਂ ਲੋਕ ਮੌਜ਼ੂਦ ਸਨ।