ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਹਿਮਾਇਤ ’ਚ ਚੋਖੰਡੀ ਚੌਂਕ ਵਿਖੇ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕੀਤਾ। ਸਿਰਸਾ ਵੱਲੋਂ ਬੀਤੇ 11 ਮਹੀਨਿਆਂ ਦੌਰਾਨ ਵਿਧਾਇਕ ਦੇ ਤੌਰ ’ਤੇ ਕੀਤੇ ਗਏ ਕਾਰਜਾਂ ਨੂੰ ਸਾਹਮਣੇ ਰੱਖਣ ਤੋਂ ਬਾਅਦ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਲੋਕ ਸੇਵਕ ਦੇ ਤੌਰ ’ਤੇ ਸਿਰਸਾ ਵੱਲੋਂ ਦਿਨ ਰਾਤ ਮਿਹਨਤ ਕਰਕੇ ਕੀਤੇ ਗਏ ਕਾਰਜਾਂ ਦੇ ਬਦਲੇ ਆਪਣੇ ਵੋਟਾਂ ਦਾ ਭੁਗਤਾਨ ਅਕਾਲੀ ਦਲ ਦੇ ਹੱਕ ’ਚ ਕਰਨ ਦੀ ਗੱਲ ਕਹੀ। ਅਕਾਲੀ ਦਲ ਨੂੰ ਕੌਮ ਦੀ ਮਾਂ ਪਾਰਟੀ ਦੱਸਦੇ ਹੋਏ ਬਾਦਲ ਨੇ ਸਿੱਖੀ ਅਦਾਰਿਆਂ ਅਤੇ ਗੁਰਧਾਮਾਂ ਦੀ ਸੇਵਾ ਸੰਭਾਲ ਦੀ ਸੇਵਾ ਲੰਮੇ ਸਮੇਂ ਤੋਂ ਨਿਭਾਈ ਜਾ ਰਹੀ ਸੇਵਾਵਾਂ ਨੂੰ ਵੀ ਲੋਕਾਂ ਸਾਹਮਣੇ ਰੱਖਿਆ। ਦਿੱਲੀ ਦੇ ਸਿੱਖਾਂ ਦੀ ਪਿੱਠ ਪਿੱਛੇ ਹਰ ਦੁੱਖ ਤਕਲੀਫ ਵੇਲੇ ਸਿਰਫ ਅਕਾਲੀ ਦਲ ਵੱਲੋਂ ਹੀ ਖਲੋਣ ਦਾ ਬਾਦਲ ਨੇ ਦਾਅਵਾ ਕੀਤਾ। ਪੰਥਕ ਮਸਲਿਆਂ ਦੇ ਕਾਨੂੰਨੀ ਦਾਇਰੇ ’ਚ ਹੱਲ ਵਾਸਤੇ ਸੁਚੇਤ ਹਰ ਵੇਲੇ ਰਹਿਣ ਦੀ ਗੱਲ ਕਰਦੇ ਹੋਏ ਬਾਦਲ ਨੇ ਵਿਕਾਸ ਦੇ ਨਾਮ ’ਤੇ ਵੀ ਲੋਕਾਂ ਨੂੰ ਦਿੱਲੀ ਵਿੱਚ ਕਿਰਨ ਬੇਦੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਵੋਟਾਂ ਮੰਗੀਆਂ। ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਅਤੇ ਦਿੱਲੀ ਇਕਾਈ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਰਾਮੂਵਾਲੀਆ ਨੇ ਆਪਣੀ ਜ਼ੋਰਦਾਰ ਭਾਸ਼ਣ ਸ਼ੈਲੀ ਨਾਲ ਵਿਰੋਧੀ ਧਿਰਾਂ ਦੇ ਹਿਮਾਇਤੀਆਂ ਵੱਲੋਂ ਪੰਜਾਬੀਆਂ ਨੂੰ ਨਸ਼ੇੜੀ ਵਜੋਂ ਬਦਨਾਮ ਕਰਨ ਵਾਸਤੇ ਕੀਤੇ ਜਾ ਰਹੇ ਪ੍ਰਚਾਰ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਨੇ ਪੰਜਾਬੀਆਂ ਨੂੰ ਤਰੱਕੀ ਪਸੰਦ ਕੌਮ ਦੱਸਦੇ ਹੋਏ ਸਿਰਸਾ ਦੀ ਇਨ੍ਹਾਂ ਚੋਣਾਂ ’ਚ ਡੱਟਕੇ ਹਮਾਇਤ ਕਰਨ ਦਾ ਵੀ ਸੱਦਾ ਦਿੱਤਾ।